ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਬਣਵਾਉਣ ਲਈ ਇਨਕਲਾਬੀ ਜਥੇਬੰਦੀਆਂ ਨਿਤਰੀਆਂ

 ਖੁੱਲ੍ਹੇ ਮੈਦਾਨ 'ਚ ਕਸਬਾ ਜੋਧਾਂ ‘ਚ ਹੋਇਆ ਰੋਹ ਭਰਪੂਰ ਪ੍ਰਦਰਸ਼ਨ  

ਜੋਧਾਂ / ਸਰਾਭਾ 30 ਅਕਤੂਬਰ (ਦਲਜੀਤ ਸਿੰਘ ਰੰਧਾਵਾ/ ਲਵਜੋਤ ਰੰਧਾਵਾ) ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ ਸੜਕ ਜਿਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਹੈ, ਉਸ ਦੀ ਅਤਿ ਖਸਤਾ ਹੋ ਚੁੱਕੀ ਹਾਲਤ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਰਹੀ ਹੈ। ਸੜਕ ਤੇ ਪਏ ਟੋਏ ਛੋਟੇ ਵਾਹਨਾਂ ਦੇ ਟਾਇਰਾਂ ਤੋਂ ਵੀ ਡੂੰਘੇ ਹੋ ਚੁੱਕੇ ਹਨ। ਇਸ ਸੜਕ ਦੇ ਨਵੀਨੀਕਰਨ ਲਈ ਜਿਥੇ ਇਲਾਕੇ ਦੀਆਂ ਪੰਚਾਇਤਾਂ ਤੋਂ ਇਲਾਵਾ ਸਮਾਜਿਕ, ਜਨਤਕ ਇਨਕਲਾਬੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋ ਲਿਖਤੀ ਰੂਪ ਵਿੱਚ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਪਰ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਹਾਕਮਾਂ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ।                    

ਸਰਕਾਰਾਂ ਦੀ ਨਾਲਾਇਕੀ ਤੇ ਬੇਰੁਖ਼ੀ ਦੇ ਸਤਾਏ ਲੋਕਾ ਨੇ ਪਿੰਡ ਜੋਧਾਂ ਵਿਖੇ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਔਰਤ ਮੁਕਤੀ ਮੋਰਚਾ ਦੀ ਅਗਵਾਈ ਹੇਠਾਂ ਭਰਵੀਂ ਮੀਟਿੰਗ ਕੀਤੀ। ਜਿਸ ਦੀ ਪ੍ਰਧਾਨਗੀ ਸਾਬਕਾ ਪੰਚ ਓਮ ਪ੍ਰਕਾਸ਼ ਜੋਧਾਂ ਨੇ ਕੀਤੀ। ਮੀਟਿੰਗ ਉਪਰੰਤ ਕੀਤੇ ਗਏ ਰੋਹ ਭਰਪੂਰ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਸਮੇ ਦੇ ਹਾਕਮਾਂ ਨੂੰ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇ ਕਰ ਇਹ ਸਰਾਭਾ ਮਾਰਗ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਸਮਾਗਮਾਂ ਜੋ ਕਿ 16 ਨਵੰਬਰ ਨੂੰ ਹਨ ਤੋਂ ਪਹਿਲਾ ਨਾ ਬਣਾਈ ਗਈ ਤਾਂ ਇਨਕਲਾਬੀ ਜਥੇਬੰਦੀਆਂ ਵੱਲੋਂ ਸਰਕਾਰ ਦੇ ਵਿਰੁੱਧ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਡਾ. ਪ੍ਰਦੀਪ ਜੋਧਾਂ, ਸੁਖਵਿੰਦਰ ਕੌਰ ਸੁੱਖੀ, ਕਮਲਜੀਤ ਕੌਰ,ਰੇਖਾ ਰਾਣੀ, ਪ੍ਰਿਥੀ ਚੰਦ, ਵਿਜੇ ਕੁਮਾਰ, ਵਿਜੇ ਕਪੂਰ, ਦਰਸ਼ਨ ਸੋਨੀ ਮਨਸੂਰਾਂ, ਚਮਕੌਰ ਸਿੰਘ, ਗੁਰਮੀਤ ਸਿੰਘ ਕਿਲ੍ਹੇਵਾਲਾ, ਸ਼ੁਸ਼ਮਾ ਰਾਣੀ, ਗੁਰਮੀਤ ਕੌਰ, ਅਨਾਮਕਾ, ਬੰਟੀ ਜੋਧਾਂ, ਅਮਰਜੀਤ ਕੌਰ, ਜਸਵੰਤ ਕੌਰ, ਆਦਿ ਹਾਜ਼ਰ ਸਨ।