ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 12 ਤੋਂ 17 ਜਨਵਰੀ ਤੱਕ ਆਯੋਜਿਤ ਕੀਤੇ ਜਾਣਗੇ-ਇੰਦਰਜੀਤ ਸਿੰਘ ਮੱਕੜ

12 ਨੂੰ ਸਜਾਇਆ ਜਾਵੇਗਾ ਮਹਾਨ ਨਗਰ-ਕੀਰਤਨ

14 ਨੂੰ ਆਯੋਜਿਤ ਕੀਤਾ ਜਾਵੇਗਾ ਵਿਸ਼ੇਸ਼ ਕਵੀ ਦਰਬਾਰ

ਲੁਧਿਆਣਾ,7 ਜਨਵਰੀ (ਕਰਨੈਲ ਸਿੰਘ ਐੱਮ.ਏ.) ਦਸ਼ਮੇਸ਼ ਪਿਤਾ, ਸਰਬੰਸ ਦਾਨੀ,ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਗੁਰਦੁਆਰਾ ਸ਼੍ਰੀ ਗੁਰੂ  ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸੇ ਸੰਬੰਧ ਵਿੱਚ ਮਿਤੀ 12 ਜਨਵਰੀ ਤੋਂ 17 ਜਨਵਰੀ ਤੱਕ ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ.ਇੰਦਰਜੀਤ ਸਿੰਘ ਮੱਕੜ ਨੇ  ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ-ਕੀਰਤਨ ਗੁਰਦੁਆਰਾ ਸਾਹਿਬ ਤੋਂ 12 ਜਨਵਰੀ ਨੂੰ ਦੁਪਹਿਰ 1 ਵਜੇ ਸਜਾਇਆ ਜਾਵੇਗਾ। ਇਸੇ ਤਰ੍ਹਾਂ 13 ਜਨਵਰੀ ਨੂੰ ਸ਼ਾਮ 7 ਵਜੇ ਤੋਂ ਲੈ ਕੇ ਰਾਤ 9.30 ਵਜੇ ਤੱਕ ਕਥਾ ਤੇ ਕੀਰਤਨ ਦਰਬਾਰ ਹੋਵੇਗਾ। ਮਿਤੀ 14 ਜਨਵਰੀ ਨੂੰ ਰਾਤ 7 ਤੋਂ 9.30 ਵਜੇ ਤੱਕ ਵਿਸ਼ੇਸ਼ ਤੌਰ ਤੇ ਕਵੀ ਦਰਬਾਰ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀ ਆਪਣੀਆਂ ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ 15 ਜਨਵਰੀ ਨੂੰ ਸ਼ਾਮ 7 ਤੋਂ  9 ਵਜੇ ਤੱਕ ਗੁਰਮਤਿ ਇਸਤਰੀ ਸਤਿਸੰਗ ਸਭਾ, ਚੌਪਈ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ ਬਲਾਕ-ਬੀ,ਅਤੇ ਕੀਰਤਨ ਕੌਂਸਲ ਦੇ ਮੈਬਰਾਂ ਵੱਲੋਂ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸੇ ਤਰ੍ਹਾਂ 16 ਨੂੰ ਢਾਡੀ ਦਰਬਾਰ ਹੋਵੇਗਾ। ਸ੍ਰ.ਮੱਕੜ ਨੇ ਦੱਸਿਆ ਕਿ 17 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਤੇ ਸ਼ਾਮ ਨੂੰ ਵਿਸ਼ੇਸ਼ ਤੌਰ ਤੇ ਕੀਰਤਨ ਸਮਾਗਮ ਆਯੋਜਿਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਪ੍ਰਸਿੱਧ ਕਥਾਵਾਚਕ, ਵਿਦਵਾਨ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕਰਨਗੇ। ਇਸ ਦੌਰਾਨ 17 ਜਨਵਰੀ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਲਈ ਅੰਮ੍ਰਿਤ-ਸੰਚਾਰ ਵੀ ਕਰਵਾਇਆ ਜਾਵੇਗਾ। ਆਪਣੀ ਗੱਲਬਾਤ ਦੌਰਾਨ ਸ੍ਰ.ਇੰਦਰਜੀਤ ਸਿੰਘ ਮੱਕੜ ਨੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਜਾਏ ਜਾ ਰਹੇ ਨਗਰ-ਕੀਰਤਨ ਤੇ ਗੁਰਮਤਿ ਸਮਾਗਮਾਂ ਅੰਦਰ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਤਿਕਾਰ ਅਰਪਿਤ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।