ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਧੂਮਧਾਮ ਨਾਲ ਮਨਾਇਆ ਗਿਆ 'ਦੀਵਾਲੀ ਮੇਲਾ'

ਲੁਧਿਆਣਾ, 21 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਆਰੀਆ ਕਾਲਜ ਗਰਲਜ਼ ਸੈਕਸ਼ਨ ਲੁਧਿਆਣਾ ਵਿਖੇ ਅੱਜ ਦੀਵਾਲੀ ਮੇਲਾ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਦੇ ਇਸ ਵਿਸ਼ਾਲ ਮੇਲੇ ਦਾ ਉਦਘਾਟਨ ਆਰੀਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆ ਨੰਦ ਸਰਸਵਤੀ ਦੇ ਚਰਨਾਂ ਵਿਚ ਸ਼ਰਧਾ ਭਾਵ ਸਮਰਪਿਤ ਕਰਦੇ ਹੋਏ ਪਵਿੱਤਰ ਜੋਤੀ ਪ੍ਰਜਵਲਨ ਨਾਲ ਹੋਇਆ।ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਉਂਦੇ ਹੋਏ ਵਿਭਿੰਨ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਜਿਸ ਵਿੱਚ ਗਣੇਸ਼ ਬੰਦਨਾ ਅਤੇ ਸਭਿਆਚਾਰਕ ਡਾਂਸ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਮਨੋਰੰਜਕ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ " ਬੈਸਟ ਆਊਟ ਆਫ ਬੇਸਟ"ਰੰਗੋਲੀ, ਦੀਵਾ ਸਜਾਵਟ ਅਤੇ ਥਾਲੀ ਸਜਾਵਟ ਮੁੱਖ ਰਹੇ। ਮੇਲੇ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਵਿਦਿਆਰਥਣਾਂ ਦੁਆਰਾ ਭਾਂਤ ਭਾਂਤ ਅਤੇ ਸਵਾਦਿਸ਼ਟ ਖਾਣਿਆਂ ਦੀਆਂ ਸਟਾਲਾਂ ਰਹੀਆਂ। ਇਹਨਾਂ ਸਟਾਲਾਂ ਨੇ ਮੇਲੇ ਦੀ ਰੌਣਕ ਵਿਚ ਚਾਰ ਚੰਦ ਲਗਾ ਦਿੱਤਾ।
ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵੱਲੋਂ ਆਯੋਜਿਤ ਯੁਵਕ ਮੇਲੇ ਅਤੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਜੇਤੂ ਰਹੀਂਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਐਸ.ਐਮ.ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਜੀ ਨੇ ਵਿਦਿਆਰਥਣਾਂ ਦੇ ਹੁਨਰ ਦੀ ਪ੍ਰਸੰਸਾ ਕੀਤੀ। ਅੰਤ ਵਿੱਚ ਕਾਲਜ ਦੇ ਇੰਚਾਰਜ ਸ਼੍ਰੀਮਤੀ ਕੂਮੁਦ ਚਾਵਲਾ ਜੀ ਨੇ ਵਿਦਿਆਰਥਣਾ ਨੂੰ ਦੀਵਾਲੀ ਦੇ ਤਿਉਹਾਰ ਦਾ ਮਹੱਤਵ ਸਮਝਾਉਂਦਿਆਂ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਵਿਦਿਆਰਥਣਾਂ ਨੇ ਦੀਵਾਲੀ ਮੇਲੇ ਦਾ ਖੂਬ ਆਨੰਦ ਮਾਣਿਆ।