ਗੁਰੂਸਰ ਸੁਧਾਰ, ਅਗਸਤ 2019- (ਮਨਜਿੰਦਰ ਗਿੱਲ)- ਪਿੰਡ ਲੀਲ੍ਹਾਂ ਵਾਸੀ ਅਜਮੇਰ ਸਿੰਘ ਦੀ ਲਾਸ਼ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਰੱਖ ਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਗੁਆਂਢੀਆਂ ਵਿਰੁੱਧ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਪਰਿਵਾਰ ਤੇ ਪਿੰਡ ਵਾਸੀਆਂ ਨੇ ਤਿੰਨ ਘੰਟੇ ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਠੀਕ ਢੰਗ ਨਾਲ ਕੇਸ ਦਰਜ ਨਾ ਕਰਨ ਵਾਲੇ ਸੁਧਾਰ ਥਾਣੇ ਦੇ ਥਾਣੇਦਾਰ ਅਸ਼ੋਕ ਕੁਮਾਰ ਨੂੰ ਨੌਕਰੀ ਤੋਂ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਹੈ। ਇਸੇ ਦੌਰਾਨ ਪੁਲੀਸ ਵੱਲੋਂ ਧੱਕਾਮੁੱਕੀ ਵੀ ਹੋਈ ਅਤੇ ਗੁੱਸੇ ਵਿਚ ਭਰੇ ਪੀਤੇ ਪਰਿਵਾਰਕ ਮੈਂਬਰਾਂ ਨੇ ਵੀ ਪੁਲੀਸ ਨੂੰ ਕਈ ਵਾਰ ਮੁੱਖ ਮਾਰਗ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਅੱਜ ਕਰੀਬ 10 ਕੁ ਵਜੇ 55 ਸਾਲਾ ਅਜਮੇਰ ਸਿੰਘ ਦੀ ਲਾਸ਼ ਲੈ ਕੇ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਥਾਣਾ ਸੁਧਾਰ ਪੁੱਜੇ, ਪੰਜ ਮਹੀਨੇ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਅਜਮੇਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਗੁਆਂਢੀ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ, ਉਸ ਦੀ ਪਤਨੀ ਸੰਦੀਪ ਕੌਰ, ਪ੍ਰੇਮਜੀਤ ਸਿੰਘ ਪੁੱਤਰ ਬੂਟਾ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਕੋਈ ਤਵੱਜੋ ਦੇਣ ਦੀ ਜਗ੍ਹਾ ਉਨ੍ਹਾਂ ਨੂੰ ਲਾਸ਼ ਪੋਸਟਮਾਰਟਮ ਲਈ ਸੁਧਾਰ ਦੇ ਸਰਕਾਰੀ ਹਸਪਤਾਲ ਲਿਜਾਣ ਲਈ ਆਖ ਦਿੱਤਾ। ਜਦੋਂ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤੇ ਪੋਸਟਮਾਰਟਮ ਲਈ ਕੋਈ ਦਸਤਾਵੇਜ ਵੀ ਹਸਪਤਾਲ ਦਾਖਲ ਨਾ ਕਰਵਾਏ ਤਾਂ ਗੁੱਸੇ ਨਾਲ ਭਰੇ ਪੀਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਅਜਮੇਰ ਸਿੰਘ ਦੀ ਲਾਸ਼ ਥਾਣਾ ਸੁਧਾਰ ਤੋਂ ਥੋੜੀ ਦੂਰੀ ’ਤੇ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਰੱਖ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਸੜਕ ਖ਼ਾਲੀ ਕਰਨ ਲਈ ਪ੍ਰੇਰਿਆ ਪਰ ਮ੍ਰਿਤਕ ਦੀ ਪਤਨੀ ਹਰਪਾਲ ਕੌਰ ਅਤੇ ਧੀ ਨੇ ਰੋਸ ਵਜੋਂ ਸੜਕ ’ਤੇ ਲੇਟ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ 12 ਮਾਰਚ ਨੂੰ ਬੁਰੀ ਤਰ੍ਹਾਂ ਜ਼ਖਮੀ ਹੋਏ ਅਜਮੇਰ ਸਿੰਘ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਇਲਾਜ ਲਈ ਭੇਜਿਆ ਗਿਆ। ਮਗਰੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਹਾਲਤ ਖ਼ਰਾਬ ਹੋਣ ’ਤੇ ਅਜਮੇਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਵੀ ਦਾਖਲ ਕਰਵਾਇਆ ਪਰ ਮਾੜੇ ਆਰਥਿਕ ਹਾਲਤ ਕਾਰਨ ਉਹ ਕਈ ਵਾਰ ਇਲਾਜ ਅਧਵਾਟੇ ਛੱਡ ਕੇ ਘਰ ਲਿਆਉਣ ਲਈ ਵੀ ਮਜਬੂਰ ਹੋਏ। ਹੁਣ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤਾਂ ਲੁਧਿਆਣਾ ਦੇ ਇੱਕ ਚੈਰੀਟੇਬਲ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਪਰ ਪੰਜ ਮਹੀਨੇ ਦੀ ਜ਼ਿੰਦਗੀ ਮੌਤ ਦੀ ਲੜਾਈ ਲੜਨ ਬਾਅਦ ਆਖ਼ਰ ਅਜਮੇਰ ਸਿੰਘ ਨੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਤਾਂ ਨਾ ਪੰਚਾਇਤਾਂ ਨੇ ਸੁਣੀ ਅਤੇ ਨਾ ਹੀ ਸਰਕਾਰੇ ਦਰਬਾਰੇ ਸੁਣੀ ਗਈ। ਉਲਟਾ ਥਾਣੇਦਾਰ ਅਸ਼ੋਕ ਕੁਮਾਰ ਨੇ ਉਨ੍ਹਾਂ ਕੋਲੋਂ ਕਥਿਤ ਰਿਸ਼ਵਤ ਲੈ ਕੇ ਵੀ ਸਹੀ ਢੰਗ ਨਾਲ ਕੇਸ ਦਰਜ ਨਹੀਂ ਕੀਤਾ।
ਡੀਐੱਸਪੀ ਗੁਰਬੰਸ ਸਿੰਘ ਬੈਂਸ ਨੇ ਪਰਿਵਾਰ ਨੂੰ ਪੋਸਟਮਾਰਟਮ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੇ ਦੋਸ਼ੀ ਪਾਏ ਜਾਣ ’ਤੇ ਥਾਣੇਦਾਰ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਪਰਿਵਾਰ ਨੇ ਪੋਸਟਮਾਰਟਮ ਕਰਾਉਣ ਲਈ ਹਾਮੀ ਭਰੀ। ਸਰਕਾਰੀ ਹਸਪਤਾਲ ਸੁਧਾਰ ਦੇ ਡਾਕਟਰ ਵਰਿੰਦਰ ਜੋਸ਼ੀ, ਡਾਕਟਰ ਸੰਦੀਪ ਸਿੰਘ ਤੇ ਡਾਕਟਰ ਵਰੁਨ ਬਾਂਸਲ ’ਤੇ ਆਧਾਰਤ ਬੋਰਡ ਵੱਲੋਂ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।