ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 217ਵਾਂ ਦਿਨ ਪਿੰਡ ਰਕਬਾ ਨੇ ਭਰੀ ਹਾਜ਼ਰੀ   

ਸਿੱਖ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ : ਰਕਬਾ 

ਸਰਕਾਰ ਵੱਲੋਂ ਸ਼ਹੀਦ ਸਰਾਭਾ ਮਾਰਗ ਵੱਲ ਧਿਆਨ ਨਾ ਦੇਣ ਤੇ 30 ਦਸੰਬਰ ਨੂੰ ਫੂਕਾਂਗੇ ਪੰਜਾਬ ਸਰਕਾਰ ਦਾ ਪੁਤਲਾ  

ਸਰਾਭਾ 25 ਸਤੰਬਰ   (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 217ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪਿੰਡ ਰਕਬਾ ਤੋਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸੁਰਿੰਦਰ ਸਿੰਘ ਸੋਨੀ ਰਕਬਾ,ਦਰਸ਼ਨ ਸਿੰਘ ਰਕਬਾ ਰੇੜੂਆਂ ਦੇ,ਬਾਬਾ ਬੰਤ ਸਿੰਘ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ 'ਚ ਪੰਜ ਸਿਰਾਂ ਦੀ ਮੰਗ ਕੀਤੀ । ਗੁਰੂ ਦੇ ਪਿਆਰ 'ਚ ਭਿੱਜੇ ਪੰਜ ਪਿਆਰੇ ਉੱਠ ਕੇ ਦਸਮੇਸ਼ ਪਿਤਾ ਜੀ ਨੂੰ ਆਪਣਾ ਸੀਸ ਭੇਟ ਕੀਤਾ ।ਗੁਰੂ ਦਸਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਪਾਹੁਲ ਛਕਾ ਕੇ ਗਿੱਦੜੋਂ ਸ਼ੇਰ ਬਣਾਇਆ । ਜੋ ਅੱਜ ਸਿੰਘ ਕਰੋੜਾਂ ਦੇ ਇਕੱਠ ਵਿੱਚ ਖੜ੍ਹਾ ਅਲੱਗ ਦਿਖਾਈ ਦਿੰਦਾ ।ਜਦ ਕਿ ਗੁਰੂ ਦਾ ਬੱਬਰ ਸ਼ੇਰ ਸਿੰਘ ਜਾਤ ਪਾਤ ਊਚ ਨੀਚ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਗੁਰੂ ਦੀ ਮੌਜ 'ਚ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰਦਾ ਹਨ । ਪਰ ਕੁਝ ਗੰਦੀ ਸੋਚ ਰੱਖਣ ਵਾਲੇ ਲੋਕ ਸਰਦਾਰਾਂ ਦੀਆਂ ਦਸਤਾਰਾਂ ਲਾਹੁਣ ਅਤੇ ਸਿੰਘ ਮਿਟਾਉਣ ਦੇ ਸੁਪਨੇ ਪਾਲੀ ਬੈਠੇ ਨੇ ਜਦ ਕੇ ਉਹ ਭੁੱਲ ਗਏ ਕਿ ਜੋ ਖਾਲਸਾ ਆਪਣਾ ਸੀਸ ਭੇਟ ਕਰ ਕੇ ਸਜਿਆ ਹੋਵੇ ਉਹਨੂੰ ਮੌਤ ਦਾ ਕੀ ਭੈਅ । ਫੇਰ ਉਨ੍ਹਾਂ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਪਾਪੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣੀਆਂ ਸ਼ੁਰੂ ਕੀਤੀਆਂ ਜਿਸ ਨਾਲ ਸਿੱਖਾਂ ਦੇ ਕੋਮਲ ਹਿਰਦੇ ਝੰਜੋੜੇ ਗਏ। ਉਹ ਸਮੇਂ ਦੀਆਂ ਸਰਕਾਰਾਂ ਤੋਂ ਇਹ ਮੰਗ ਕਰਦੇ ਰਹੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਿਓ ਪਰ ਸਰਕਾਰਾਂ ਗੰਦੀ ਰਾਜਨੀਤੀ ਕਰ ਕੇ ਸਿੱਖਾਂ ਨੂੰ ਟਾਲ ਮਟੋਲ ਕਰਦੀਆਂ ਰਹਿੰਦੀਆਂ ਨੇ ਪਰ ਇਨਸਾਫ਼ ਨਹੀਂ ਦਿੰਦੀਆਂ । ਅੱਜ ਪੂਰੇ ਪੰਜਾਬ ਦੀ ਧਰਤੀ ਤੇ ਰੋਸ ਮੁਜ਼ਾਹਰੇ, ਰੈਲੀਆਂ,ਮੋਰਚੇ ਲਾ ਕੇ ਸਿੱਖ ਇਹ ਮੰਗ ਕਰਦੇ ਨੇ  ਕਿ ਸਮੁੱਚੀ ਸਿੱਖ ਕੌਮ ਦੇ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ   ਪਰ ਸਰਕਾਰਾਂ ਫੋਕੀ ਲੈਕਚਰਬਾਜ਼ੀ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਕਰ ਰਹੀਆਂ ।ਉਨ੍ਹਾਂ ਅੱਗੇ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਹਰ ਵਾਰ ਤਰ੍ਹਾਂ ਅਪੀਲ ਕਰਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਅਤੇ ਸਿੱਖ ਕੌਮ ਦੀਆਂ ਹੋਰ ਮੰਗਾਂ ਜਲਦ ਮਨਵਾਉਣ ਲਈ ਇਕਜੁੱਟ ਹੋ ਕੇ ਮੋਰਚੇ 'ਚ ਹਾਜ਼ਰੀ ਭਰੋ।  ਸਿੱਖ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ ।ਬਾਕੀ ਜ਼ਰੂਰੀ ਕੰਮ ਤਾਂ ਸਭ ਸੰਗਤਾਂ ਨੂੰ ਹੈ ਪਰ ਬਾਣੀ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾਵਾਂ ਦਿਵਾਉਣ ਤੋਂ ਵੱਡਾ ਕੋਈ ਕੰਮ ਨਹੀਂ। ਇਸ ਲਈ ਘਰਾਂ ਤੋਂ ਬਾਹਰ ਨਿਕਲੋ ਹੱਕਾਂ ਲਈ ਚੱਲ ਰਹੇ ਸੰਘਰਸ਼ਾਂ ਦਾ ਹਿੱਸਾ ਬਣੋ ਤਾਂ ਜੋ ਸਾਡੀ ਕੌਮ ਦੇ ਜੁਝਾਰੂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਨ੍ਹਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖ਼ਸਤਾ ਹਾਲਤ ਨੂੰ ਦੇਖ ਕੇ ਇਹ ਫ਼ੈਸਲਾ ਕੀਤਾ ਕਿ ਮੌਜੂਦਾ ਪੰਜਾਬ ਸਰਕਾਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਵੱਲ ਕੋਈ ਧਿਆਨ ਨਹੀਂ। ਇਸ ਲਈ ਮਿਤੀ  30 ਸਤੰਬਰ ਦਿਨ ਸ਼ੁੱਕਰਵਾਰ ਨੂੰ ਠੀਕ 11 ਵਜੇ ਸ਼ਹੀਦ ਸਰਾਭਾ ਚੌਂਕ ਵਿਖੇ ਪੰਥਕ ਮੋਰਚਾ ਸਥਾਨ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਦਿੱਤੇ ਪ੍ਰੋਗਰਾਮ ਮੁਤਾਬਕ ਜ਼ਰੂਰ ਪਹੁੰਚੋ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਮਿਸਤਰੀ ਤਰਸੇਮ ਸਿੰਘ ਸਰਾਭਾ ਗੁਰਪ੍ਰੀਤ ਸਿੰਘ ਗੋਪੀ ਸਰਾਭਾ, ਭਿੰਦਰ ਸਿੰਘ ਬਿੱਲੂ ਸਰਾਭਾ, ਬਲੌਰ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਹਰਜੀਤ ਸਿੰਘ ਪੱਪੂ ਸਰਾਭਾ, ਹਰਬੰਸ ਸਿੰਘ ਹਿੱਸੋਵਾਲ, ਭੋਲਾ ਸਿੰਘ  ਸਰਾਭਾ,ਤੇਜਾ ਸਿੰਘ ਟੂਸੇ,ਸਾਬਕਾ ਸਰਪੰਚ,ਮੇਵਾ ਸਿੰਘ ਸਰਾਭਾ,ਬੰਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।