ਜਗਰਾਉ 31 ਅਗਸਤ (ਅਮਿਤਖੰਨਾ)ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਵਿਖੇ ਆੜ੍ਹਤੀਆ ਭਵਨ ਬਣਾਉਣ ਦੀ ਮੰਗ ਨੂੰ ਰਾਜ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ | ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਇਥੋਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਰਾਹੀਂ ਭੇਜੇ ਮੰਗ ਪੱਤਰਾਂ ਨੂੰ ਕੈਬਨਿਟ ਮੰਤਰੀ ਕੁੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਨ ਕਰਦਿਆਂ ਇਸ ਉਪਰ ਤੁਰੰਤ ਅਮਲ ਕਰਨ ਲਈ ਪੰਜਾਬ ਮੰਡੀਕਰਨ ਬੋਰਡ ਨੂੰ ਲਿਖ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਘਨ੍ਹਈਆ ਗੁਪਤਾ ਬਾਂਕਾ ਨੇ ਦੱਸਿਆ ਕਿ ਆੜ੍ਹਤੀਆ ਭਵਨ ਤੋਂ ਇਲਾਵਾ ਸਰਕਾਰ ਵਲੋਂ ਮੰਡੀ ਦੀਆਂ ਪਾਰਕਿੰਗਾਂ, ਬਾਥਰੂਮ ਤੇ ਫੜਾਂ ਦੀ ਵੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ | ਸ੍ਰੀ ਬਾਂਕਾ ਨੇ ਦੱਸਿਆ ਕਿ ਜਗਰਾਉਂ ਮੰਡੀ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਹੋਣ ਦੇ ਬਾਵਜੂਦ ਇਥੇ ਆੜ੍ਹਤੀਆ ਭਵਨ ਨਹੀਂ ਸੀ, ਜਿਸ ਬਾਰੇ ਇਥੋਂ ਦੇ ਆੜ੍ਹਤੀਏ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ | ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਜਗਰਾਉਂ ਦੇ ਆੜ੍ਹਤੀਆ ਦੀ ਇਸ ਮੰਗ ਨੂੰ ਪ੍ਰਵਾਨ ਕਰਕੇ, ਆੜ੍ਹਤੀਆਂ ਦੀ ਭਾਵਨਾ ਨੂੰ ਪੂਰਾ ਕੀਤਾ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕਾ ਬੀਬੀ ਮਾਣੂੰਕੇ ਦਾ ਧੰਨਵਾਦ ਕੀਤਾ | ਸ੍ਰੀ ਬਾਂਕਾ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਆੜ੍ਹਤੀਆ ਵਲੋਂ ਸਮੇਂ-ਸਮੇਂ ਰੱਖੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਮੰਨਿਆ ਗਿਆ ਤੇ ਉਹ ਬੀਬੀ ਮਾਣੂੰਕੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਵੀ ਕਰਨਗੇ |