ਦੁਕਾਨਦਾਰਾਂ ਤੇ ਆਰਥਿਕ ਮੰਦੀ ਦਾ  ਬੋਝ

 ਦੁਕਾਨਦਾਰਾਂ ਨੂੰ ਕਮਰਸ਼ੀਅਲ ਖੇਤਰ ਵਿੱਚ ਬਿਜਲੀ ਸਸਤੀ ਕਰਨ ਦੀ ਮੰਗ .

ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮਹਿਲ ਕਲਾਂ ਦੀ ਧਰਤੀ ਤੋਂ ਕੀਤਾ ਜਵੇਗਾ ਸੰਘਰਸ਼ ਸੁਰੂ-ਪ੍ਰਧਾਨ ਗਗਨ ਸਰਾਂ  

ਬਰਨਾਲਾ /ਮਹਿਲ ਕਲਾਂ 30 ਅਗਸਤ (ਗੁਰਸੇਵਕ ਸੋਹੀ ) ਦੇਸ ਅੰਦਰ ਬਾਦਲ ,ਕਾਂਗਰਸ ਅਤੇ ਭਾਜਪਾ ਸਰਕਾਰਾਂ ਦੀ ਨਲਾਇਕੀ ਕਾਰਨ ਦੇਸ਼ ਭਰ ਦੇ ਦੁਕਾਨਦਾਰਾਂ ਨੂੰ ਨੋਟ ਬੰਦੀ ਦੀ ਮਾਰ, ਲਾਕਡਾਊਨ ਸਮੇਂ ਛੇ ਤੋਂ ਅੱਠ ਮਹੀਨੇ ਦੁਕਾਨਾਂ ਬੰਦ ਕਰਨ ਦੀ ਮਾਰ ,ਜੀ ਐੱਸ ਟੀ ਦੀ ਮਾਰ, ਆਨ ਲਾਈਨ ਸ਼ਾਪਿੰਗ ਦੇ ਰੁਝਾਨ ਦੀ ਮਾਰ ਨੇ ਦੁਕਾਨਦਾਰਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ।ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਬਿਜਲੀ ਮੁਫ਼ਤ ਨਹੀਂ ਚਾਹੀਦੀ ,ਪਰ ਬਿਜਲੀ ਦੀ ਪ੍ਰਤੀ ਯੂਨਿਟ ਕੀਮਤ ਘੱਟ ਕੀਤੀ ਜਾਵੇ, ਕਿਉਂਕਿ ਬਾਕੀ ਖੇਤਰਾਂ ਵਿਚ ਇਸ ਦੀ ਕੀਮਤ ਘੱਟ ਕੀਤੀ ਗਈ ਹੈ ,ਪਰ ਦੁਕਾਨਦਾਰਾਂ ਨੂੰ ਇਸ ਖੇਤਰ ਚੋਂ ਬਾਹਰ ਰੱਖਿਆ ਗਿਆ ਹੈ   । ਦੁਕਾਨਦਾਰਾਂ ਨੂੰ ਇਹ ਬਿਜਲੀ ਪ੍ਰਤੀ ਯੂਨਿਟ 7 ਰੁਪਏ ਤੋਂ 9 ਰੁਪਏ ਤੱਕ ਆ ਰਹੀ ਹੈ, ਪਰ ਕਦੇ ਕਦੇ ਇਹ ਖਪਤ ਜਦੋਂ ਵਧ ਜਾਂਦੀ ਹੈ ਤਾਂ ਪ੍ਰਤੀ ਯੂਨਿਟ ਬਿਜਲੀ ਦੀ ਖਪਤ 10 ਰੁਪਏ ਤੋਂ 11 ਰੁਪਏ ਤਕ ਪਹੁੰਚ ਜਾਂਦੀ ਹੈ ਜਿਸ ਕਾਰਨ ਆਮ ਦੁਕਾਨਦਾਰ ਦਾ ਬਿਜਲੀ ਦਾ ਬਿੱਲ ਵੀ 7 ਤੋਂ 10 ਹਜ਼ਾਰ ਰੁਪਏ ਆ ਰਿਹਾ ਹੈ। ਇਸ ਦੀ ਮਾਰ ਵੀ ਦੁਕਾਨਦਾਰ ਤੇ ਪੈ ਰਹੀ ਹੈ। ਜਿਸ ਕਾਰਨ ਦੁਕਾਨਦਾਰ ਦੀ ਹਾਲਤ ਦਿਨੋਂ ਦਿਨ ਹੋਰ ਪਤਲੀ ਹੁੰਦੀ ਜਾ ਰਹੀ ਹੈ।ਰੇਤਾ ਬਜਰੀ ਦੀ ਕੀਮਤ 40 ਰੁਪਏ ਤੋਂ ਲੈ ਕੇ 45 ਰੁਪਏ ਤਕ ਹੋਣ ਕਾਰਨ ਮੰਦੀ ਦਾ ਦੌਰ ਚੱਲ ਰਿਹਾ ਹੈ। ਸਰਕਾਰ ਇਸ ਰੇਤਾ ਬਜਰੀ ਦੇ ਮੁੱਦੇ ਤੇ ਵੀ ਗੌਰ ਕਰੇ ਅਤੇ ਇਸ ਦੇ ਰੇਟ ਘੱਟ ਕਰੇ । ਪ੍ਰਧਾਨ ਗਗਨ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਤੇ ਲੋਨ ਲੈ ਰੱਖੇ ਹਨ, ਉਨ੍ਹਾਂ ਦੇ ਇਸ ਲੋਨ ਤੇ ਵੀ ਸਬਸਿਡੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਉਪਰੋਕਤ ਮੰਗਾਂ ਵੱਲ ਤੁਰੰਤ ਧਿਆਨ ਦੇਵੇ। ਜੇਕਰ ਸਰਕਾਰ ਨੇ ਸਾਡੀਆਂ ਇਹ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਮਹਿਲ ਕਲਾਂ ਦੀ ਧਰਤੀ ਤੋਂ ਦੁਕਾਨਦਾਰਾਂ ਦੇ ਹੱਕ ਵਿੱਚ ਸੰਘਰਸ਼ ਦਾ ਬਿਗਲ ਬਜਾ ਦਿੱਤਾ ਜਾਏਗਾ।