ਸਧਾਰਣ ਪਰਿਵਾਰ ਚ ਜਨਮੇ ਕੁਲਦੀਪ ਸਿੰਘ ਨੇ ਜੱਜ ਬਣਕੇ ਕੋਟਕਪੂਰੇ ਦਾ ਨਾਮ ਕੀਤਾ ਰੋਸ਼ਨ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਕੋਟਕਪੂਰਾ ਸਧਾਰਨ ਪਰਿਵਾਰ ਚ ਜਨਮ ਲੈਕੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਜ਼ੁਡੀਸ਼ੀਅਲ  ਪ੍ਰੀਖਿਆ ਪਾਸ ਕਰਕੇ ਜੱਜ ਬਣੇ ਕੁਲਦੀਪ ਸਿੰਘ ਨੇ "ਕੋਟਕਪੂਰੇ" ਸ਼ਹਿਰ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ, ਨਾਲ ਹੀ ਮਿਸਾਲ ਪੈਦਾ ਕੀਤੀ ਹੈ ਕਿ ਜਦ ਨਿਸ਼ਾਨੇ ਉੱਚੇ ਰੱਖੇ ਹੋਣ ਤਦ ਵੱਡੀਆਂ ਵੱਡੀਆਂ ਮੁਸ਼ਕਿਲਾਂ ਵੀ ਸਾਡੇ ਜਜ਼ਬੇ ਅੱਗੇ ਬੌਣੀਆਂ ਬਣ ਜਾਂਦੀਆਂ ਹਨ। ਜਿਕਰਯੋਗ ਹੈ ਕਿ ਕੋਟਕਪੂਰਾ ਦੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਹਰਨੇਕ ਸਿੰਘ ਦੇ ਘਰ ਜਨਮ ਲੈਣ ਵਾਲੇ ਕੁਲਦੀਪ ਸਿੰਘ ਨੇ ਆਪਣੀ ਮੁੱਢਲੀ ਪੜਾਈ ਕਿਲੇ ਵਾਲੇ ਸਰਕਾਰੀ ਸਕੂਲ ਚ ਹਾਸਲ ਕੀਤੀ ਪਰ ਘਰੇਲੂ ਹਾਲਾਤ ਸਾਜ਼ਗਾਰ ਨਾ ਹੋਣ ਕਰਕੇ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਦੀ ਸਿਖਿਆ ਘਰ ਰਹਿ ਕੇ ਹੀ ਹਾਸਲ ਕੀਤੀ।ਇਸ ਸਮੇਂ ਦੌਰਾਨ ਆਪਣੀ ਪੜਾਈ ਜਾਰੀ ਰੱਖਣ ਲਈ ਕੁਲਦੀਪ ਨੂੰ ਦੁਕਾਨ ਤੇ ਨੌਕਰੀ ਵੀ ਕਰਨੀ ਪਈ ਅਤੇ ਕਈ ਵਾਰ ਆਪਣੇ ਪਿਤਾ ਜੀ ਨਾਲ ਮਜ਼ਦੂਰੀ ਵੀ ਕਰਨੀ ਪਈ, ਪਰ ਕੁਲਦੀਪ ਸਿੰਘ ਨੇ ਸੰਘਰਸ਼ ਜਾਰੀ ਰੱਖਦਿਆਂ ਅਗਲੀ ਪੜਾਈ ਬਰਜਿੰਦਰਾ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਲਗਪਗ ਢਾਈ ਸਾਲ ਪ੍ਰੈਕਟਿਸ ਕੀਤੀ ਅਤੇ ਪੀਸੀਐੱਸ (ਜ) ਦੇ 2019-20 ਸੈਸ਼ਨ ਦੌਰਾਨ ਪ੍ਰੀਖਿਆ ਦਿਤੀ ਜਿਸਦਾ ਨਤੀਜਾ 1ਫਰਵਰੀ 2021 ਨੂੰ ਐਲਾਨਿਆ ਗਿਆ ਜਿਸ ਚ ਕੁਲਦੀਪ ਸਿੰਘ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨ ਉਪਰੰਤ ਸਨਮਾਨਯੋਗ ਪਦਵੀ ਲਈ ਚੁਣੇ ਗਏ, ਕੁਲਦੀਪ ਸਿੰਘ ਦੀ ਇੰਸ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਸ਼ਹਿਰ ਨਿਵਾਸੀਆਂ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਚਲਦਿਆਂ ਮਿਥੀ ਹੋਈ ਮੰਜ਼ਿਲ ਜਰੂਰ ਹਾਸਲ ਕੀਤੀ ਜਾ ਸਕਦੀ ਹੈ, ਉਹਨਾਂ ਉਮੀਦ ਜ਼ਾਹਰ ਕੀਤੀ ਕਿ ਜਿਸ ਤਰਾਂ ਕੁਲਦੀਪ ਸਿੰਘ ਨੇ ਪਹਿਲਾਂ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਇਸੇ ਤਰਾਂ ਸਰਵਿਸ ਦੌਰਾਨ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਇਨਸਾਫ ਦੇ ਤਰਾਜੂ ਦੀ ਵਰਤੋਂ ਕਰਨਗੇ ।ਇਸ ਸਮੇਂ  ਮਜ਼ਦੂਰ ਯੂਨੀਅਨ ਅਤੇ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਪਲਵਿੰਦਰ ਕੌਰ ਮੰਗਾਂ ,ਸੰਦੀਪ ਸਿੰਘ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ