ਬਾਬਾ ਨੰਦ ਸਿੰਘ ਜੀ ਨੇ ਮਨੁੱਖਤਾ ਦੇ ਕਲਿਆਣ ਹਿੱਤ ਆਪਣਾ ਪੂਰਾ ਜੀਵਨ ਲਾਇਆ : ਮੱਲ੍ਹਾ

ਜਗਰਾਉਂ, 27 ਅਗਸਤ (ਅਮਿਤ ਖੰਨਾ )-ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਸਾਰੀ ਉਮਰ ਸਿੱਖੀ ਦਾ ਪ੍ਰਚਾਰ ਤੇ ਪਸਾਰ ਕੀਤਾ, ਜਿਸ ਕਰਕੇ ਅੱਜ ਲੱਖਾਂ ਸੰਗਤਾਂ ਬਾਬਾ ਜੀ ਦੀ ਬਰਸੀ 'ਤੇ ਨਾਨਕਸਰ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਨਾਨਕਸਰ ਵਿਖੇ ਮੱਥਾ ਟੇਕਣ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਮਾਰਗ ਦਰਸ਼ਨ ਲਈ ਉਸ ਕਾਦਰ ਵੱਲੋਂ ਸਮੇਂ-ਸਮੇਂ 'ਤੇ ਰਹਿਬਰਾਂ, ਗੁਰੂਆਂ, ਪੀਰਾਂ, ਪੈਗੰਬਰਾਂ ਤੇ ਸੰਤਾਂ-ਮਹਾਂਪੁਰਸ਼ਾਂ ਨੂੰ  ਇਸ ਧਰਤੀ 'ਤੇ ਭੇਜਿਆ ਗਿਆ | ਇਨ੍ਹਾਂ ਰੱਬੀ ਆਤਮਾਵਾਂ ਨੇ ਮਨੁੱਖਤਾ ਦੇ ਕਲਿਆਣ ਹਿੱਤ ਆਪਣਾ ਪੂਰਾ-ਪੂਰਾ ਜੀਵਨ ਲਾ ਦਿੱਤਾ | ਅਜਿਹੀਆਂ ਹੀ ਰੱਬੀ ਆਤਮਾਵਾਂ 'ਚੋਂ ਸੰਤ ਬਾਬਾ ਨੰਦ ਸਿੰਘ ਜੀ ਹੋਏ ਹਨ, ਜਿੰਨ੍ਹਾਂ ਨੇ ਸਾਰੀ ਉਮਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ | ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ ਨੇ ਕਿਹਾ ਕਿ ਇਸ ਰੱਬੀ ਆਤਮਾ ਦੀ ਯਾਦ ਵਿਚ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਅੱਜ ਵੀ ਲੱਖਾਂ ਪ੍ਰਾਣੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਅਮੁੱਲੀ ਅੰਮਿ੍ਤ ਰੂਪੀ ਦਾਤ ਦਾ ਪ੍ਰਸ਼ਾਦ ਲੈ ਕੇ ਆਪਣਾ ਜੀਵਨ ਸਫਲ ਕਰ ਰਹੇ ਹਨ | ਬਾਬਾ ਜੀ ਦੇ ਨਾਂ 'ਤੇ ਕਈ ਸੰਸਥਾਵਾਂ, ਸਕੂਲ, ਹਸਪਤਾਲ ਜਾਂ ਮਨੁੱਖਤਾ ਦੀ ਸੇਵਾ ਲਈ ਸੰਗਤ ਦੇ ਉੱਦਮ ਸਦਕਾ ਕਈ ਅਦਾਰੇ ਸਫਲਤਾ ਪੂਰਵਕ ਆਪਣੀਆਂ ਸੇਵਾਵਾਂ ਦੇ ਰਹੇ ਹਨ | ਬਾਬਾ ਜੀ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਹਨ, ਜਿੱਥੇ ਅੱਜ ਵੀ 24 ਘੰਟੇ ਬਾਣੀ ਦਾ ਪ੍ਰਵਾਹ ਵਗਦਾ ਹੈ | ਬਾਬਾ ਜੀ ਦੇ ਇਸ ਦਰ 'ਤੇ ਮਾਇਆ ਦਾ ਨਹੀਂ, ਨਾਮ ਸਿਮਰਨ ਦਾ ਮੱਥਾ ਟੇਕਿਆ ਜਾਂਦਾ ਹੈ | ਇਸ ਪਵਿੱਤਰ ਦਰ 'ਤੇ ਜਿੱਥੇ ਆਮ ਦਿਨਾਂ ਵਿਚ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਉੱਥੇ ਸਲਾਨਾ ਸਮਾਗਮਾਂ ਵਿਚ ਇਹੀ ਗਿਣਤੀ ਲੱਖਾਂ ਵਿਚ ਪਹੁੰਚ ਜਾਂਦੀ ਹੈ ਪਰ ਇਸ ਦਰ 'ਤੇ ਕਦੇ ਲੰਗਰ ਨਹੀਂ ਪੱਕਦਾ, ਸੰਗਤ ਲੰਗਰ ਘਰੋਂ ਲੈ ਕੇ ਆਉਂਦੀ ਹੈ, ਜਿਸ ਨੂੰ  ਸੰਗਤ 'ਚ ਵਰਤਾਇਆ ਜਾਂਦਾ ਹੈ | ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਕੰਵਲਜੀਤ ਸਿੰਘ ਮੱਲ੍ਹਾ, ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ ਨੂੰ  ਸਨਮਾਨਿਤ ਵੀ ਕੀਤਾ |