"ਖੇਡਾਂ ਵਤਨ ਪੰਜਾਬ ਦੀਆਂ 2022"

ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਾਸੀਆਂ ਨੂੰ ਅਪੀਲ, "ਖੇਡਾਂ ਵਤਨ ਪੰਜਾਬ ਦੀਆਂ 2022" 'ਚ ਲਿਆ ਜਾਵੇ ਵੱਧ ਚੜ੍ਹ ਕੇ ਹਿੱਸਾ

 ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ, ਜ਼ਰੂਰੀ ਹਦਾਇਤਾਂ ਵੀ ਕੀਤੀਆਂ ਜਾਰੀ

 ਪੋਰਟਲ www.punjabkhedmela2022.in 'ਤੇ 25 ਅਗਸਤ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ

ਲੁਧਿਆਣਾ, 27 ਅਗਸਤ - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਸਮੂਹ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਿੱਚ 'ਖੇਡ ਸੱਭਿਆਚਾਰ' ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਮੈਗਾ ਖੇਡ ਸਮਾਗਮ 'ਖੇਡਾਂ ਵਤਨ ਪੰਜਾਬ ਦੀਆਂ - 2022' ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਸਮੂਹ ਲੁਧਿਆਣਾ ਵਾਸੀਆਂ, ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਇਸ ਮੈਗਾ ਈਵੈਂਟ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ - 2022' ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ, 2022 ਨੂੰ ਜਲੰਧਰ ਤੋਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਹ ਮੈਗਾ ਸਪੋਰਟਿੰਗ ਈਵੈਂਟ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਤੋਂ ਇਲਾਵਾ 21 ਤੋਂ 40, 41 ਅਤੇ 50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਓਪਨ ਗਰੁੱਪ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਇੱਕ ਵਿਸ਼ੇਸ਼ ਪੋਰਟਲ www.punjabkhedmela2022.in 'ਤੇ ਉਪਲਬਧ ਹੈ ਜਿੱਥੇ ਵੱਖ-ਵੱਖ ਖੇਡਾਂ ਲਈ ਆਨਲਾਈਨ ਅਤੇ ਆਫ਼ਲਾਈਨ ਸਮਾਂ 25 ਅਗਸਤ, 2022 ਤੱਕ ਜਾਰੀ ਰਹੇਗਾ। ਆਫ਼ਲਾਈਨ ਰਜਿਸਟ੍ਰੇਸ਼ਨ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਵੀ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ (ਜ਼ਿਲ੍ਹਾ ਲੁਧਿਆਣਾ ਦੇ ਸਾਰੇ 13 ਬਲਾਕਾਂ ਵਿੱਚ) 1 ਤੋਂ 7 ਸਤੰਬਰ ਤੱਕ ਹੋਣਗੇ ਜਿਨ੍ਹਾਂ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਜਦਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੋਂ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਆਦਿ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ 10 ਤੋਂ 21 ਅਕਤੂਬਰ ਤੱਕ ਸ਼ੁਰੂ ਹੋਣ ਵਾਲੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਕਿੱਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਵੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਵੱਲੋਂ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ/ਖਿਡਾਰੀਆਂ/ਖਿਡਾਰਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਕਿ ਸਾਡੇ ਨੌਜਵਾਨ ਕਾਬਲੀਅਤ ਅਤੇ ਊਰਜਾ ਨਾਲ ਭਰਪੂਰ ਹਨ, ਜਿਸ ਦੀ ਵਰਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹੋਰ ਤਮਗੇ ਜਿੱਤਣ ਲਈ ਕੀਤੀ ਜਾ ਸਕਦੀ ਹੈ।