ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਵੱਲੋਂ ਪਾਇਲ ਘਟਨਾ ਦੀ ਮੈਜਿਸਟ੍ਰੇਸੀ ਜਾਂਚ  ਦੀ ਮੰਗ 

ਜਗਰਾਉਂ , 20 ਅਗਸਤ (ਬਲਦੇਵ ਸਿੰਘ, ਸੁਨੀਲ ਕੁਮਾਰ )ਜਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਨਜ਼ਦੀਕ ਪਿੰਡ ਸਿਹੌੜਾ ਦੇ ਸ਼ਹੀਦਗੜ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਸਤਾਰਾਂ ਸਾਲ ਦੇ ਕਰੀਬ ਪੜਾਉਣ ਦੀ ਸੇਵਾ ਕਰ ਚੁੱਕੇ ਅਤੇ ਇਸ ਸੰਸਥਾ ਦੇ  ਡਾਇਰੈਕਟਰ ਰਹਿ ਚੁੱਕੇ ਇਲਾਕੇ ਦੇ ਹਰਮਨ ਪਿਆਰੇ ਸ ਅਜੀਤ ਸਿੰਘ ਦੀ ਆਮ ਆਦਮੀ ਆਗੂ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਵੱਲੋਂ ਸਾਥੀਆਂ ਸਮੇਤ ਕੁੱਟਮਾਰ ਕੀਤੇ ਜਾਣ ਦੀ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਵੱਲੋਂ ਘੋਰ ਨਿੰਦਾ ਕੀਤੀ ਜਾਂਦੀ ਹੈ। ਯੂਨੀਅਨ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਸੰਦੀਪ ਬਧੇਸ਼ਾ, ਕਮਲਜੀਤ ਮਾਨ, ਰਣਜੀਤ ਲੱਧੜ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਮਲਕੀਤ ਸਿੰਘ ਗਾਲਿਬ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਰੋਹਿਤ ਕੁਮਾਰ, ਅਨੂਪ ਕੁਮਾਰ, ਇੰਦਰਜੀਤ ਸਿੰਗਲਾ ਆਦਿ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੇ ਹੋਏ ਇਸਦੀ ਮੈਜਿਸਟ੍ਰੇਸੀ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਹਰ ਕੋਈ ਜਣਾ-ਖਣਾ ਆਪਣੇ ਆਪ ਨੂੰ ਆਪ ਅਤੇ ਸਰਕਾਰੀ ਆਗੂ ਕਹਾ ਕੇ ਕੌਮ ਦੇ ਨਿਰਮਾਤਾਵਾਂ ਦੀ ਇੱਜਤ ਨਾਲ਼ ਖਿਲਵਾੜ ਨਾ ਕਰ ਸਕੇ ਅਤੇ ਨਜ਼ਾਇਜ ਪੰਗੇ ਨਾ ਲੈ ਸਕੇ ਅਤੇ ਪੰਜਾਬ ਸਰਕਾਰ ਦਾ ਅਕਸ ਵੀ ਖਰਾਬ ਨਾ ਕਰ ਸਕੇ ।ਅਧਿਆਪਕ ਆਗੂਆਂ  ਨੇ ਕਿਹਾ ਕਿ ਸਕੂਲ ਦੇ ਦਫਤਰ ਅੰਦਰ ਘਟਨਾ ਨੂੰ ਅੰਜਾਮ ਦੇਣ ਵਾਲ਼ੇ ਅਪਰਾਧੀ ਖਿਲਾਫ ਫੌਰੀ ਤੌਰ ਤੇ ਅਪਰਾਧਿਕ ਪਰਚਾ ਦਰਜ ਕੀਤਾ ਜਾਵੇ। ਯੂਨੀਅਨ ਆਗੂਆਂ ਨੇ  ਕਿਹਾ ਕਿ ਜੇ ਚਾਹੁਣ ਤਾਂ ਉਹ ਖ਼ੁਦ ਵੀ ਹੁੱਲੜਬਾਜਾਂ ਨਾਲ ਨਿਪਟ ਸਕਦੇ ਹਨ ਕਿਉਂਕਿ ਅਧਿਆਪਕ ਵਰਗ ਵਿੱਚ ਵੀ ਪਹਿਲਵਾਨਾਂ, ਕਬੱਡੀ ਖਿਡਾਰੀਆਂ, ਵੇਟ ਲਿਫਟਰਾਂ ਅਤੇ ਕਰਾਟੇਕਾਰਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਸਮੂਹ ਅਧਿਆਪਕ ਵਰਗ ਹਰ ਹੀਲੇ ਆਪਣੀ ਸ਼ਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਅੱਗੇ ਤੋਂ ਸਕੂਲਾਂ ਅੰਦਰ ਆ ਕੇ ਸਰੀਰਕ ਹਮਲਾ ਕਰਨ ਵਾਲ਼ੇ ਅਪਰਾਧਿਕ ਹਮਲਾਵਰਾਂ ਨਾਲ਼ ਮੌਕੇ ਤੇ ਹੀ ਨਜਿੱਠ ਲਿਆ ਜਾਵੇਗਾ।*