ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੂੰ ਮਤਾ ਪਾਉਣ ਦੀਆਂ ਹਦਾਇਤਾਂ ਜਾਰੀ
ਜਗਰਾਉਂ , 10 ਅਗਸਤ -ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੀ ਨੁਹਾਰ ਬਦਲਣ ਅਤੇ ਲੋਕਾਂ ਨੂੰ ਦੁਰਗਤ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢਣ ਲਈ ਪੂਰੀ ਸਰਗਰਮੀਂ ਨਾਲ ਜੁਟੇ ਹੋਏ ਹਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਪੱਤਰ ਦੀ ਕਾਪੀ ਵਿਖਾਉਂਦੇ ਹੋਏ ਦੱਸਿਆ ਕਿ ਪੰਜਾਬ ਰਾਜ ਵਿੱਚ ਟਿਊਬਵੈਲਾਂ ਰਾਹੀਂ ਪਾਣੀ ਦੀ ਸਪਲਾਈ ਨਾਲ ਜਮੀਨੀ ਪਾਣੀ ਦੇ ਸਤਰ ਲਗਾਤਾਰ ਦਿਨੋ-ਦਿਨ ਘਟ ਰਿਹਾ ਹੈ। ਇਸ ਕਮੀ ਨੂੰ ਰੋਕਣ ਲਈ ਪਾਣੀ ਦੀ ਸਪਲਾਈ ਸਬਮਰਸੀਬਲ ਮੋਟਰਾਂ ਜਾਂ ਟਿਊਬਵੈਲਾਂ ਦੀ ਬਜਾਇ ਨਹਿਰੀ ਪਾਣੀ ਦੇ ਸਰੋਤਾਂ ਰਾਹੀਂ ਦਿੱਤੀ ਜਾਵੇਗੀ। ਕਿਉਂਕਿ ਕੁਦਰਤੀ ਸੋਮਿਆਂ ਰਾਹੀਂ ਮਿਲਣ ਵਾਲੇ ਪਾਣੀ ਵਿੱਚ ਬਹੁਤ ਸਾਰੀਆਂ ਧਾਤਾਂ ਮਿਲੀਆਂ ਹੁੰਦੀਆਂ ਹਨ, ਜੋ ਇਨਸਾਨ ਨੂੰ ਤੰਦਰੁਸਤ ਰੱਖਣ ਵਿੱਚ ਵੀ ਸਹਾਇਕ ਹੋਣਗੀਆਂ। ਇਸ ਲਈ ਪੰਜਾਬ ਸਰਕਾਰ ਵੱਲੋਂ ਅਮਰੁਤ-2.0 ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਅਮਰੁਤ-2.0 ਸਕੀਮ ਦੇ ਪਹਿਲੇ ਟਰੈਚ ਅਧੀਨ ਆਉਂਦੇ 87 ਕਸਬਿਆਂ ਵਿੱਚ ਲਾਗੂ ਕੀਤੀ ਜਾਵੇਗੀ, ਇਸ ਲਈ ਨਗਰ ਕੌਂਸਲਾਂ ਵੱਲੋਂ ਮਤੇ ਪਾਏ ਜਾਣੇ ਹਨ। ਵਿਧਾਇਕਾ ਮਾਣੂੰਕੇ ਨੇ ਜਾਣਕਾਰੀ ਦਿੰਦੇ ਹੋਰ ਦੱਸਿਆ ਕਿ ਉਹਨਾਂ ਵੱਲੋਂ ਜਗਰਾਉਂ ਦੇ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਦੇਣ ਲਈ ਨਗਰ ਕੌਸਲ ਜਗਰਾਉਂ ਦੇ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਨਗਰ ਕੌਂਸਲ ਵੱਲੋਂ ਤੁਰੰਤ ਮਤਾ ਪੁਆਕੇ ਦੇਣ ਤਾਂ ਜੋ ਜਗਰਾਉਂ ਦੇ ਲੋਕਾਂ ਨੂੰ ਅਮਰੁਤ-2.0 ਸਕੀਮ ਤਹਿਤ ਨਹਿਰੀ ਪਾਣੀ ਪ੍ਰੋਜੈਕਟ ਨਾਲ ਜੋੜਿਆ ਜਾ ਸਕੇ। ਵਿਧਾਇਕਾ ਨੇ ਦੱਸਿਆ ਕਿ 37.56 ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਵਾਸੀਆਂ ਨੂੰ ਅਮਰੁਤ-2.0 ਸਕੀਮ ਤਹਿਤ ਨਹਿਰੀ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਦਿੱਤਾ ਜਾਵੇਗਾ, ਕਿਉਂਕਿ ਜਗਰਾਉਂ ਸ਼ਹਿਰ ਅੰਦਰ ਬਹੁਤ ਸਾਰੇ ਇਲਾਕਿਆਂ ਵਿੱਚ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਵਿਧਾਇਕਾ ਨੇ ਹੋਰ ਦੱਸਿਆ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਨਗਰ ਕੌਂਸਲ ਜਗਰਾਉਂ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਅਤੇ ਹੋਰ ਸਬੰਧਿਤ ਕੰਮਾਂ ਦੀ ਦੇਖ-ਰੇਖ ਦਾ ਕੰਮ ਵੀ ਆਪਣੇ ਪੱਧਰ ਤੇ ਹੀ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਪਿਛਲੇ 75 ਸਾਲਾਂ ਦੌਰਾਨ ਅਕਾਲੀ ਤੇ ਕਾਂਗਰਸੀ 'ਉਤਰ ਕਾਟੋ, ਮੈਂ ਚੜ੍ਹਾਂ' ਦੀ ਹੀ ਖੇਡ ਖੇਡਦੇ ਰਹੇ ਹਨ ਅਤੇ ਵੋਟਾਂ ਨੇੜੇ ਆਉਣ 'ਤੇ ਹੀ ਵਿਕਾਸ ਦੇ ਨਾਮ ਤੇ ਖਾਨਾ-ਪੂਰਤੀ ਕਰਦੇ ਸਨ। ਪਰੰਤੂ ਹੁਣ ਪੰਜਾਬ ਦੇ ਲੋਕਾਂ ਨੇ 2022 ਵਿੱਚ ਨਵੇਂ ਯੁੱਗ ਦਾ ਆਰੰਭ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅਤੇ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਉਂਦੇ ਸਾਰ ਹੀ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੇ ਗਏ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਿਕ ਪਹਿਲੇ ਚਾਰ ਮਹੀਨੇ ਦੇ ਅੰਦਰ ਅੰਦਰ ਹੀ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਇੱਕ ਜੁਲਾਈ 2022 ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ 31 ਦਸੰਬਰ 2021 ਤੱਕ ਦੇ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰ ਦਿੱਤੇ ਗਏ ਹਨ ਅਤੇ ਆਉਂਦੇ ਸਮੇਂ ਵਿੱਚ ਲੋਕਾਂ ਨੂੰ ਹੋਰ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਭੁਪਿੰਦਰਪਾਲ ਸਿੰਘ ਬਰਾੜ, ਛਿੰਦਰਪਾਲ ਸਿੰਘ ਮੀਨੀਆਂ ਆਦਿ ਵੀ ਹਾਜ਼ਰ ਸਨ।
News By ; Manjinder Gill ( 7888466199 )