23 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ ਸੇਵਾ-ਭਾਵੀ ਤੇ ਦੰਦਾਂ ਦੇ ਮਾਹਿਰ ਸਨ: ਡਾ: ਮਨਤਾਰ ਸਿੰਘ

ਭਾਈ ਨੰਦ ਲਾਲ ਜੀ ਨੂੰ ‘ਆਗਾ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਇਹਨਾਂ ਦੇ ਨਾਂ ’ਤੇ ਆਗਾਪੁਰ ਮੁਲਤਾਨ ਰੱਖਿਆ ਗਿਆ। ਡਾ: ਮਨਤਾਰ ਸਿੰਘ ਜੀ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਸਨ। ਉਹਨਾਂ ਦਾ ਜਨਮ 18 ਅਗਸਤ 1919 ਈ: ਨੂੰ ਖ਼ਾਸ ਮੁਲਤਾਨ ਆਗਾਪੁਰ ਜ਼ਿਲ੍ਹਾ ਮੁਲਤਾਨ (ਪਾਕਿਸਤਾਨ) ਵਿੱਚ ਗੁਰੂ ਘਰ ਦੇ ਸੱਚੇ ਸੇਵਕ ਡਾ: ਸਾਹਿਬ ਸਿੰਘ ਦੇ ਘਰ ਮਾਤਾ ਸਤਵੰਤ ਕੌਰ ਜੀ ਦੀ ਕੁੱਖ ਤੋਂ ਹੋਇਆ। ਉਹਨਾਂ ਨੇ ਡੈਂਟਿਸਟ ਦੀ ਡਿਗਰੀ ਯੂ.ਪੀ ’ਚੋਂ ਪ੍ਰਾਪਤ ਕਰਨ ਉਪਰੰਤ 1945 ਵਿੱਚ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਨੌਕਰੀ ਸ਼ੁਰੂ ਕੀਤੀ। ਨੌਕਰੀ ਦੌਰਾਨ ਹੀ ਉਹਨਾਂ ਨੇ ਅਨੇਕਾਂ ਮਰੀਜ਼ਾਂ ਦੀ ਸੇਵਾ ਕੀਤੀ।
ਡਾ: ਮਨਤਾਰ ਸਿੰਘ ਕਹਿੰਦੇ ਹੁੰਦੇ ਸਨ ਕਿ ਇੱਕ ਮੁਸਕਾਨ ਨਾਲ ਤੁਸੀਂ ਲੱਖਾਂ ਦਿਲ ਜਿੱਤ ਸਕਦੇ ਹੋ ਪਰ ਕਈ ਵਾਰ ਦੰਦਾਂ ਦੀ ਮਾੜੀ ਬਣਤਰ ਕਾਰਨ ਲੋਕਾਂ ਨੂੰ ਆਪਣੀ ਮੁਸਕਰਾਹਟ ਲੁਕਾ ਕੇ ਰੱਖਣੀ ਪੈਂਦੀ ਹੈ। ਜੇਕਰ ਦੰਦ ਠੀਕ ਤਰਤੀਬ ਵਿੱਚ ਨਹੀਂ ਹਨ ਤਾਂ ਦੰਦ ਛੇਤੀ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਮਸੂੜਿਆਂ ਦੇ ਰੋਗ ਸ਼ੁਰੂ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਚਿਹਰੇ ਦੀ ਸੁੰਦਰਤਾ ਵਿਗੜ ਜਾਂਦੀ ਹੈ। ਇਸ ਤਹਿਤ ਤਾਰ ਜਾਂ ਬਰਾਸ ਦੀ ਵਰਤੋਂ ਕਰਕੇ ਵਿੰਗੇ-ਟੇਢੇ ਦੰਦਾਂ ਨੂੰ ਤਰਤੀਬ ਦਿੱਤੀ ਜਾਂਦੀ ਹੈ ਅਤੇ ਚਿਹਰੇ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਖੇਤਰ ਦਾ ਮਾਹਿਰ ਡਾਕਟਰ ਵਿਸ਼ੇਸ਼ ਕਿਸਮ ਦੇ ਸੁੂਖਮ ਯੰਤਰ ਵਰਤ ਕੇ ਹੌਲੀ-ਹੌਲੀ ਦੰਦਾਂ ਨੂੰ ਠੀਕ ਥਾਂ ’ਤੇ ਲੈ ਆਉਂਦਾ ਹੈ।
ਡਾ: ਮਨਤਾਰ ਸਿੰਘ ਪਹਿਲਾ ਇੱਕੋ-ਇੱਕ ਡਾਕਟਰ ਸੀ ਜਿਹੜਾ 1977 ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਫ਼ਰੀਦਕੋਟ ਵਿਖੇ ਘੰਟਾ ਘਰ ਚੌਂਕ ਦੇ ਨਜ਼ਦੀਕ ਵਿਸ਼ੇਸ਼ਕਿ੍ਰਤ ਵਿਧੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਸਨ। 1977 ਤੋਂ ਹੀ ਸੇਵਾਪੰਥੀ ਸੰਪਰਦਾਇ ਦੇ ਪ੍ਰਮੁੱਖ ਸੇਵਾ ਕੇਂਦਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਹਰ ਬੁੱਧਵਾਰ ਨੂੰ ਦੰਦਾਂ ਦਾ ਮੁਫ਼ਤ ਇਲਾਜ ਕਰ ਰਹੇ ਸਨ। ਉਹ ਬੜੇ ਪਿਆਰ ਨਾਲ ਬੋਲਣ ਵਾਲੇ, ਇਮਾਨਦਾਰ, ਨਿਰਛਲ ਤੇ ਨਿਸ਼ਕਪਟ ਸਨ। ਉਹਨਾਂ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ 60,000 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ। ਉਹਨਾਂ ਕੋਟਕਪੁੂਰਾ, ਚੜਿੱਕ, ਸੰਧਵਾਂ, ਚਹਿਲ, ਸਾਦਿਕ, ਢੁੱਡੀਕੇ, ਪਿਪਲੀ, ਜੰਡ ਸਾਹਿਬ, ਅਰਾਈਆਂ, ਫ਼ਰੀਦਕੋਟ, ਗੋਨਿਆਣਾ ਭਾਈ ਜਗਤਾ (ਬਠਿੰਡਾ), ਸੁਹਾਣਾ (ਚੰਡੀਗੜ੍ਹ), ਫ਼ਾਜ਼ਿਲਕਾ, ਫਿਰੋਜ਼ਪੁਰ, ਦਿੱਲੀ, ਰਜਬਪੁਰ, ਜੈਤੋ, ਮੁਰਾਦਾਬਾਦ, ਧਰਮਸ਼ਾਲਾ ਪਿੰਡਾਂ, ਸ਼ਹਿਰਾਂ ਵਿੱਚ ਅਤੇ ਨਿਰੋਗ ਬਾਲ ਆਸ਼ਰਮ ਕੋਟਕਪੁੂਰਾ ਤੇ ਗਵਰਨਮੈਂਟ ਬੇਸਿਕ ਪ੍ਰਾਇਮਰੀ ਸਕੂਲ ਫ਼ਰੀਦਕੋਟ ਵਿਖੇ ਅਨੇਕਾਂ ਹੀ ਕੈਂਪ ਲਾਏ। ਇਹਨਾਂ ਕੈਂਪਾਂ ਵਿੱਚ ਡਾ: ਸਾਹਿਬ ਨੇ 15000 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ ਹੈ। ਡਾ: ਸਾਹਿਬ ਨੇ ਨਿਰੋਗ ਬਾਲ ਆਸ਼ਰਮ ਕੋਟਕਪੁੂਰਾ ਵਿਖੇ ਲਗਾਏ ਗਏ ਕੈਂਪ ਵਿੱਚ 25 ਟੁੱਥ ਪੇਸਟ ਅਤੇ ਇੰਨੇ ਹੀ ਬੁਰਸ਼ ਬੱਚਿਆਂ ਵਿੱਚ ਵੰਡੇ। ਡਾ: ਸਾਹਿਬ ਨੇ ਅਨੇਕਾਂ ਗ਼ਰੀਬ ਲੋਕਾਂ ਦੇ ਦੰਦਾਂ ਦੇ ਬੀੜ ਲਗਾਉਣ ਦੀ ਸੇਵਾ ਵੀ ਕੀਤੀ। ਉਹ ਆਪਣੇ ਕੋਲੋਂ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੰਦੇ ਸਨ ਜੋ ਪੈਸੇ ਨਹੀਂ ਖ਼ਰਚ ਸਕਦੇ ਸਨ। ਉਹਨਾਂ ਨੇ 1988 ਵਿੱਚ 56ਵੀਂ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸ ਸਮੇਂ ਮਲੋਟ (ਹੁਣ ਜ਼ਿਲ੍ਹਾ ਮੁਕਤਸਰ) ਵਿੱਚ 300 ਮਰੀਜ਼ਾਂ ਦਾ ਤੇ 1990 ਵਿੱਚ 57ਵੀਂ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸ ਸਮੇਂ ਲੁਧਿਆਣਾ ਵਿਖੇ 200 ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ।
ਡਾ: ਮਨਤਾਰ ਸਿੰਘ ਹਰ ਸਾਲ ਬ੍ਰਹਮ-ਗਿਆਨੀ ਭਾਈ ਜਗਤਾ ਰਾਮ ਜੀ ਦੇ ਸਾਲਾਨਾ ਯੱਗ-ਸਮਾਗਮ (2 ਮਾਘ), ਮਹੰਤ ਭਾਈ ਗੁਲਾਬ ਸਿੰਘ ਜੀ ਦੀ ਸਾਲਾਨਾ ਬਰਸੀ (8 ਵੈਸਾਖ), ਸੱਚ-ਖੰਡ ਵਾਸੀ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਦੇ ਜਨਮ-ਦਿਨ (12 ਫ਼ਰਵਰੀ), ਆਪਣੇ ਜਨਮ-ਦਿਨ ’ਤੇ ਅਤੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ 17-18 ਅਗਸਤ ਨੂੰ ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਅਤੇ 18, 19 ਤੇ 20 ਸਤੰਬਰ ਨੂੰ ਬ੍ਰਹਮ-ਗਿਆਨੀ ਭਾਈ ਕਨੱਈਆ ਜੀ ਦੀ ਸਾਲਾਨਾ ਬਰਸੀ ਸਮੇਂ ਸ਼੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ ਵਿਸ਼ੇਸ਼ ਕੈਂਪ ਲਾਉਂਦੇ ਸਨ। ਉਹਨਾਂ ਦੇ ਹੱਥਾਂ ਵਿੱਚ ਕਿ੍ਰਸ਼ਮਾ ਹੀ ਸਮਝੋ ਕਿ ਬੜੀ ਜਲਦੀ ਹੀ ਮਰੀਜ਼ ਨੂੰ ਦਵਾ-ਦਾਰੂ ਦੇ ਕੇ ਤੰਦਰੁਸਤ ਕਰ ਦਿੰਦੇ ਸਨ। ਡਾ: ਮਨਤਾਰ ਸਿੰਘ ਨੇ ਮਹਾਰਾਜਾ ਹਰਿੰਦਰ ਸਿੰਘ ਤੇ ਉਹਨਾਂ ਦਾ ਪਰਿਵਾਰ, ਰਾਸ਼ਟਰਪਤੀ ਗਿਆਨੀ  ਜੈਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ, ਸੰਤ ਭਾਗ ਸਿੰਘ ਸੁਖਾਨੰਦ, ਮਹੰਤ ਤੀਰਥ ਸਿੰਘ ‘ਸੇਵਾਪੰਥੀ’, ਸੰਤ ਹਰਨਾਮ ਸਿੰਘ ਅਕਾਲਗੜ੍ਹ, ਮਹੰਤ ਕਾਹਨ ਸਿੰਘ ‘ਸੇਵਾਪੰਥੀ’, ਸੰਤ ਪ੍ਰੀਤਮ ਸਿੰਘ, ਸੰਤ ਹਰਪਾਲ ਸਿੰਘ ‘ਸੇਵਾਪੰਥੀ’, ਸ੍ਰੀ ਚਿਰੰਜੀ ਲਾਲ ਗਰਗ ਤੇ ਹੋਰ ਕਈ ਉੱਚ ਸ਼ਖ਼ਸੀਅਤਾਂ ਦੇ ਦੰਦਾਂ ਦਾ ਇਲਾਜ ਕੀਤਾ।
ਡਾ: ਮਨਤਾਰ ਸਿੰਘ ਲੋਕ ਅਦਾਲਤ ਫ਼ਰੀਦਕੋਟ ਦੇ 1997 ਤੋਂ 2004 ਤੱਕ ਸੀਨੀਅਰ ਮੈਂਬਰ ਵੀ ਰਹੇ ਸਨ। ਜਨਵਰੀ 2001 ਤੋਂ ਜਨਵਰੀ 2007 ਤੱਕ ਛੇ ਸਾਲ ਸੈਂਟਰਲ ਜੇਲ੍ਹ ਫ਼ਿਰੋਜ਼ਪੁਰ ਵਿਖੇ ਹਰ ਮਹੀਨੇ ਦੀ 24 ਤੇ 25 ਤਾਰੀਖ਼ ਨੂੰ ਜ਼ਮੀਨਾਂ, ਤਲਾਕ, ਲੜਾਈ-ਝਗੜੇ ਦੇ ਅਨੇਕਾਂ ਕੇਸਾਂ ਦਾ ਨਿਪਟਾਰਾ ਰਾਜ਼ੀਨਾਮਾ ਕਰਵਾ ਕੇ ਕਰਵਾਇਆ। ਜਿਸ ਵੀ ਕਿਸੇ ਵਿਅਕਤੀ ਨੇ ਡਾਕਟਰ ਮਨਤਾਰ ਸਿੰਘ ਦੇ ਘਰ ਵਿੱਚ ਝਾਤ ਮਾਰੀ ਹੈ ਤਾਂ ਉਹ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਸਮਾਜ ਨੇ ਉਹਨਾਂ ਨੂੰ ਕਿੰਨਾ ਮਾਣ, ਸਤਿਕਾਰ ਦਿੱਤਾ ਹੈ। ਅਲਮਾਰੀਆਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਈਆਂ ਸ਼ੀਲਡਾਂ, ਸਨਮਾਨ ਚਿੰਨ੍ਹ ਅਤੇ ਯਾਦਗਾਰੀ ਚਿੰਨ੍ਹ ਇਸ ਗੱਲ ਦੀ ਗਵਾਹੀ ਭਰਦੇ ਹਨ।
ਡਾ: ਸਾਹਿਬ ਨੂੰ ਪਰਮਾਤਮਾ ਨੇ ਕੀਰਤਨ ਦੀ ਅਮੋਲਕ ਦਾਤ ਬਖ਼ਸ਼ਿਸ਼ ਕੀਤੀ ਹੋਈ ਸੀ। ਉਹ ਹਰ ਬੁੱਧਵਾਰ ਨੂੰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ‘ਆਸਾ ਦੀ ਵਾਰ’ ਦੇ ਕੀਰਤਨ ਦੁਆਰਾ ਵੀ ਸੰਗਤਾਂ ਨੂੰ ਨਿਹਾਲ ਕਰਦੇ ਸਨ। ਉਹਨਾਂ ਅਨੇਕਾਂ ਧਾਰਮਿਕ ਸਮਾਗਮਾਂ ਵਿੱਚ ਵੀ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਦੰਦਾਂ ਦੇ ਮਾਹਿਰ ਤੇ ਸੇਵਾ-ਭਾਵੀ ਡਾ: ਮਨਤਾਰ ਸਿੰਘ ਜੀ 23 ਫ਼ਰਵਰੀ 2007 ਈ: ਦਿਨ ਸ਼ੁੱਕਰਵਾਰ ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ
ਲੁਧਿਆਣਾ
5-mail:-karnailsinghma0gmail.com.