You are here

ਬਿਜਲੀ ਮੁਲਾਜ਼ਮਾਂ ਨੇ 'ਬਿਜਲੀ ਬਿਲ-2022' ਦੀਆਂ ਕਾਪੀਆਂ ਫੂਕੀਆਂ

ਜੇਕਰ ਬਿਜਲੀ ਐਕਟ 2022 ਲਾਗੂ ਕੀਤਾ, ਤਾਂ ਸੰਘਰਸ਼ ਤਿੱਖਾ ਕਰਾਂਗੇ-ਆਗੂ
ਜਗਰਾਉਂ, 08 ਅਗਸਤ - ਜਿਉਂ ਹੀ ਬਿਜਲੀ ਮੁਲਾਜ਼ਮਾਂ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾ ਰਹੇ 'ਬਿਜਲੀ ਸੋਧ ਬਿਲ-2022' ਦੀ ਭਿਣਕ ਪਈ ਤਾਂ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਅੱਜ ਜਗਰਾਉਂ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਟੈਕਨੀਕਲ ਸਰਵਿਸ ਯੂਨੀਅਨ ਦੇ ਝੰਡੇ ਥੱਲੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ ਅਤੇ ਬਿਜਲੀ ਐਕਟ-2022 ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਬੋਲਦੇ ਹੋਏ ਵੱਖ ਵੱਖ ਬਿਜਲੀ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਬਿਜਲੀ ਬਿਲ-2020 ਲਿਆਂਦਾ ਜਾ ਰਿਹਾ ਸੀ, ਪਰੰਤੂ ਕਿਸਾਨੀ ਸੰਘਰਸ਼ ਦੌਰਾਨ ਇਸ ਬਿਲ ਦਾ ਤਿੱਖਾ ਵਿਰੋਧ ਹੋਇਆ ਸੀ ਅਤੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਫੈਸਲਾ ਹੋਇਆ ਸੀ, ਕਿ ਜਦੋਂ ਵੀ ਬਿਜਲੀ ਬਿਲ ਲਿਆਂਦਾ ਜਾਵੇਗਾ ਤਾਂ ਪਹਿਲਾਂ ਲੋਕਾਂ, ਕਿਸਾਨਾਂ ਅਤੇ ਬਿਜਲੀ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਵਿਚਾਰ ਕਰਨ ਉਪਰੰਤ ਹੀ ਇਹ ਬਿਲ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪਰੰਤੂ ਹੁਣ ਕੇਂਦਰ ਸਰਕਾਰ ਨੇ ਚੁੱਪ ਚਪੀਤੇ ਹੀ 'ਬਿਜਲੀ ਸੋਧ ਬਿਲ-2022' ਲੋਕ ਸਭਾ ਵਿੱਚ ਪੇਸ਼ ਕਰਕੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸਾਰੇ ਬਿਜਲੀ ਵਿਭਾਗਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾ ਰਹੀ ਹੈ। ਇਸ ਨਾਲ ਜਿੱਥੇ ਬਿਜਲੀ ਮਹਿੰਗੀ ਹੋਵੇਗੀ ਅਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ, ਉਥੇ ਹੀ ਲੋਕਾਂ ਨੂੰ ਮਿਲ ਰਹੀਆਂ ਵੱਖ ਵੱਖ ਪ੍ਰਕਾਰ ਦੀਆਂ ਸਬ-ਸਿਡੀਆਂ ਵੀ ਖਤਮ ਕਰ ਦਿੱਤੀਆਂ ਜਾਣਗੀਆਂ। ਆਗੂਆਂ ਨੇ ਆਖਿਆ ਕਿ ਬਿਜਲੀ ਵਿਭਾਗ ਵਰਗੇ ਅਦਾਰੇ ਲੋਕਾਂ ਦੀ ਸਹੂਲਤ ਲਈ ਉਸਾਰੇ ਗਏ ਸਨ, ਪਰੰਤੂ ਹੁਣ ਕੇਂਦਰ ਸਰਕਾਰ ਇਹਨਾਂ ਅਦਾਰਿਆਂ ਨੂੰ ਆਪਣੇ ਚਹੇਤੇ ਸ਼ਰਮਾਏਦਾਰਾਂ ਕੋਲ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ, ਜਿਸਦਾ ਇਕੱਠੇ ਹੋ ਕੇ ਵਿਰੋਧ ਕਰਨਾਂ ਪਵੇਗਾ। ਉਹਨਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ 'ਬਿਜਲੀ ਸੋਧ ਬਿਲ-2022' ਲੋਕ ਸਭਾ ਵਿੱਚ ਪਾਸ ਕੀਤਾ ਗਿਆ ਅਤੇ ਵਾਪਿਸ ਨਾਲ ਲਿਆ ਗਿਆ ਤਾਂ ਇਸ ਦਾ ਤਿੱਖਾ ਵਿਰੋਧ ਕਰਦੇ ਹੋਏ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਵੀਜਨ ਪ੍ਰਧਾਨ ਇੰਜ:ਹਰਵਿੰਦਰ ਸਿੰਘ ਸਵੱਦੀ, ਬੂਟਾ ਸਿੰਘ ਮਲਕ, ਐਸ.ਡੀ.ਓ.ਇੰਜ:ਜਗਦੇਵ ਸਿੰਘ ਘਾਰੂ, ਇੰਜ:ਜਗਰੂਪ ਸਿੰਘ, ਇੰਜ:ਪਰਮਜੀਤ ਸਿੰਘ ਚੀਮਾਂ, ਅਵਤਾਰ ਸਿੰਘ ਕਲੇਰ, ਭੁਪਿੰਦਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਸਿੱਧੂ, ਰਾਜਵਿੰਦਰ ਸਿੰਘ ਲਵਲੀ, ਅਜਮੇਰ ਸਿੰਘ ਕਲੇਰ, ਬਲਵਿੰਦਰ ਸਿੰਘ ਪ੍ਰਧਾਨ ਟੀ.ਆਰ.ਡਬਲਿਯੂ., ਜਸਪਾਲ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਮਲਕ, ਭਰਾਤਰੀ ਜੱਥੇਬੰਦੀ ਫੈਡਰੇਸ਼ਨ ਏਟਕ ਵੱਲੋਂ ਪ੍ਰਧਾਨ ਅਮ੍ਰਿਤਪਾਲ ਸ਼ਰਮਾਂ, ਇੰਜ:ਗੁਰਪ੍ਰੀਤ ਸਿੰਘ ਮੱਲ੍ਹੀ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ।

News By ;  Cheema/ Manjinder Gill ( 7888466199 )