ਅਸਤੀਫਾ ✍️ ਸਲੇਮਪੁਰੀ ਦੀ ਚੂੰਢੀ 

ਝੁੱਗੀ 'ਚ ਰਹਿੰਦੇ ਕਬਾੜੀਏ ਰਾਮੂ ਦਾ ਮੁੰਡਾ , ਜਿਸ ਦਾ ਘਰਦਿਆਂ ਨੇ ਬਹੁਤ ਹੀ ਪਿਆਰ ਨਾਲ ਡੀਸੀ ਨਾਉਂ ਰੱਖਿਆ ਹੋਇਆ ਸੀ, ਚੌਥੀ ਜਮਾਤ ਵਿਚੋਂ ਹੱਟ ਕੇ  ਬਾਪ ਨਾਲ ਕਬਾੜ ਚੁਗਣ ਲੱਗ ਪਿਆ ਸੀ। ਇੱਕ ਦਿਨ ਜਦੋਂ ਉਹ ਆਪਣੇ ਬਾਪ ਨਾਲ ਸੜਕ ਕਿਨਾਰੇ ਸੁੱਟੀਆਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਚੁੱਕ ਰਿਹਾ ਸੀ ਤਾਂ ਨਸ਼ੇ ਵਿਚ ਟੱਲੀ ਹੋਏ ਇਕ ਸਿਰ ਫਿਰੇ ਮੁੰਡੇ ਨੇ ਆਪਣੀ ਕਾਰ ਉਸ ਉਪਰ ਚਾੜ੍ਹ ਦਿੱਤੀ, ਜਿਸ ਪਿੱਛੋਂ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਉਸ ਦੇ ਫਟੇ-ਪੁਰਾਣੇ ਕੱਪੜੇ ਵੇਖ ਕੇ ਕਿਸੇ ਨੇ ਵੀ ਉਸ ਨੂੰ ਚੁੱਕਣ ਦਾ ਹੀਆ ਨਾ ਕੀਤਾ। ਲੋਕ ਵੇਖ ਵੇਖ ਕੇ ਉਸ ਦੇ ਕੋਲੋਂ ਲੰਘਦੇ ਜਾਣ। ਜਖਮੀ ਬੇਟੇ ਨੂੰ ਹਸਪਤਾਲ ਵਿਚ ਪਹੁੰਚਾਉਣ ਲਈ ਰਾਮੂ ਨੇ ਇੱਕ ਰਿਕਸ਼ੇ ਵਾਲੇ ਦਾ ਸਹਾਰਾ ਲਿਆ ਅਤੇ ਉਸ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ। ਰਾਮੂ ਨੇ ਆਪਣੇ ਬੇਟੇ ਦੀ ਗੰਭੀਰ ਹਾਲਤ ਦਾ ਵਾਸਤਾ ਪਾਉਂਦਿਆਂ ਡਾਕਟਰਾਂ ਨੂੰ ਇਲਾਜ ਲਈ ਕਿਹਾ, ਪਰ ਡਾਕਟਰਾਂ ਨੇ ਰਾਮੂ ਵਲ ਵੇਖਦਿਆਂ ਹੀ ਡੀਸੀ ਨੂੰ ਦਾਖਲ ਕਰਨ ਦੀ ਬਜਾਏ ਕਿਸੇ ਸਰਕਾਰੀ ਹਸਪਤਾਲ ਵਿਚ ਲਿਜਾਣ ਲਈ ਸਲਾਹ ਦਿੱਤੀ । ਰਾਮੂ ਹਾਲੋਂ-ਬਹਾਲ ਅਤੇ ਪ੍ਰੇਸ਼ਾਨ ਹੋਇਆ ਆਪਣੇ ਬੇਟੇ ਨੂੰ ਰਿਕਸ਼ੇ ਰਾਹੀਂ ਸਰਕਾਰੀ ਹਸਪਤਾਲ ਵਿਚ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਇਕ ਅਜਿਹੇ ਬੈੱਡ ਉਪਰ ਪਾ ਦਿੱਤਾ,  ਜਿਹੜਾ ਗਲਿਆ ਸੜਿਆ ਹੋਣ ਕਰਕੇ ਬਦਬੂ ਮਾਰ ਰਿਹਾ ਸੀ, ਪਰ ਫਿਰ ਵੀ ਰਾਮੂ ਅਤੇ ਉਸ ਦੇ ਜਖਮੀ ਬੇਟੇ ਨੂੰ ਇਹ ਬੈੱਡ ਬੁਰਾ ਲੱਗਣ ਦੀ ਬਜਾਏ ਜਿੰਦਗੀ ਲਈ ਵਰਦਾਨ ਮਹਿਸੂਸ ਹੋ ਰਿਹਾ ਸੀ । ਜਖਮੀ ਡੀਸੀ ਇਸ ਬੈੱਡ ਉਪਰ ਲਗਭਗ 10 ਦਿਨ ਤੱਕ ਇਲਾਜ ਲਈ ਦਾਖਲ ਰਿਹਾ ਅਤੇ 11ਵੇੰ ਦਿਨ ਜਦੋਂ ਇਲਾਜ ਪਿਛੋਂ ਉਸ ਨੂੰ ਛੁੱਟੀ ਮਿਲੀ ਤਾਂ ਉਹ ਬਹੁਤ ਖੁਸ਼ ਸੀ। ਆਪਣੇ ਘਰ ਜਾਣ ਤੋਂ ਪਹਿਲਾਂ ਡੀਸੀ ਨੇ ਡਾਕਟਰਾਂ ਅਤੇ ਨਰਸਿੰਗ ਸਟਾਫ ਦੇ ਪੈਰੀਂ ਹੱਥ ਲਗਾਉਂਦਿਆਂ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ। ਡੀਸੀ ਅਤੇ ਰਾਮੂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਝਲਕ ਰਹੇ ਸਨ।  ਰਾਮੂ ਨੇ ਸਾਰੇ ਸਟਾਫ ਅਤੇ ਉਨ੍ਹਾਂ ਦੇ ਬੱਚਿਆਂ ਲਈ ਢੇਰ ਸਾਰੀਆਂ ਦੁਆਵਾਂ ਮੰਗਦਿਆਂ ਉਨ੍ਹਾਂ ਦੇ ਪਰਿਵਾਰਾਂ ਲਈ ਹਮੇਸ਼ਾ ਖੁਸ਼ ਰਹਿਣ ਦੀ ਕਾਮਨਾ ਕੀਤੀ।
   ਕੁੱਝ ਦਿਨਾਂ ਬਾਅਦ ਉਸੇ ਹਸਪਤਾਲ ਦੀ ਚੈਕਿੰਗ ਲਈ ਇਕ ਉੱਚ ਅਧਿਕਾਰੀ ਆ ਗਿਆ ਅਤੇ ਉਸ ਨੇ ਹਸਪਤਾਲ ਦੇ ਅਫਸਰ ਨੂੰ ਨਾਲ ਲੈ ਕੇ ਜਿਉਂ ਹੀ ਚੈਕਿੰਗ ਸ਼ੁਰੂ ਕੀਤੀ ਤਾਂ ਉਹ ਸਬੱਬ ਨਾਲ ਉਸੇ ਵਾਰਡ ਵਿਚ ਪਹੁੰਚ ਗਿਆ, ਜਿਥੇ ਡੀਸੀ ਦਾਖਲ ਸੀ। ਉੱਚ ਅਧਿਕਾਰੀ ਨੇ ਆਉਂਦਿਆਂ ਹੀ ਬੈੱਡ ਉਪਰੋਂ ਚਿੱਟੀ ਚਾਦਰ ਚੁੱਕੀ ਤਾਂ ਗਲਿਆ-ਸੜਿਆ ਬੈੱਡ ਨੰਗਾ ਹੋ ਗਿਆ। ਉੱਚ ਅਧਿਕਾਰੀ ਨੇ ਗੁੱਸੇ ਵਿਚ ਆ ਕੇ ਅਫਸਰ ਨੂੰ ਉਸੇ ਬੈੱਡ  ਉਪਰ ਪੈਣ ਲਈ ਕਿਹਾ, ਜਿਹੜਾ ਗਲਿਆ-ਸੜਿਆ ਹੋਇਆ ਸੀ। ਅਫਸਰ ਬੈੱਡ ਉਪਰ ਪੈ ਗਿਆ ਪਰ ਬੈੱਡ ਉਪਰ ਪੈਣ ਦੀ ਘਟਨਾ ਨੂੰ ਅਫਸਰ ਨੇ ਆਪਣੀ ਬੇਇੱਜ਼ਤੀ ਮੰਨਦਿਆਂ ਰੋਣਾ ਕੁਰਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।     ਕੰਟੀਨ ਵਿਚ ਬੈਠਾ ਕੌਫੀ ਪੀ ਰਿਹਾ ਇੱਕ ਡਾਕਟਰ ਹਸਪਤਾਲ ਵਿਚ ਵਾਪਰੀ ਘਟਨਾਕ੍ਰਮ ਬਾਰੇ ਵਾਰ ਵਾਰ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ, ਗਰੀਬ ਦੁਆਵਾਂ ਦਿੰਦਾ ਹੈ , ਅਮੀਰ ਅਸਤੀਫਾ ਦਿੰਦਾ ਹੈ।
-ਸੁਖਦੇਵ ਸਲੇਮਪੁਰੀ
09780620233
1 ਅਗਸਤ, 2022.