ਇੱਕ ਬਿਰਹਣ ਦੀ ਪੁਕਾਰ (ਸਾਉਣ ਮਹੀਨਾ) ✍️ ਰਮੇਸ਼ ਕੁਮਾਰ ਜਾਨੂੰ

ਕਾਹਦਾ ਸਾਉਣ ਮਹੀਨਾ ਆਇਆ
    ਅੱਜ ਬਿਰਹਾ ਨੇ ਸ਼ੋਰ ਮਚਾਇਆ
ਸਾਵਣ ਨਹੀਂ ਏ,ਹੰਝੂ ਮੇਰੇ
    ਕੋਈ ਨਾ ਜਾਣੇ ਦਰਦ ਪਰਾਇਆ
              ਕਾਹਦਾ ਸਾਉਣ—--
ਮਾਹੀ ਮੇਰਾ ਕੋਲ ਨਹੀਂ ਏ
    ਕਿੰਝ ਮੈਂ ਹੱਸਾਂ ਕਿੰਝ ਮੈਂ ਗਾਵਾਂ
ਤਨ ਦੀ ਧਰਤ ਵੀ ਔੜਾਂ ਮਾਰੀ
    ਮਾਹੀ ਬਿਨ ਮੈਂ ਨਰਕ ਹੰਢਾਵਾਂ।।
ਇੱਕ ਤਾਂ ਕਿਸਮਤ ਭੁਲ ਗਈ ਮੈਨੂੰ
    ਦੂਜਾ ਤੂੰ ਵੀ ਦਿਲੋਂ ਭੁਲਾਇਆ
              ਕਾਹਦਾ ਸਾਉਣ—--
ਬੈਠ ਬਰੂਹੀਂ ਔਸੀਆਂ ਪਾਵਾਂ
    ਚਿਹਰੇ ਉੱਤੋਂ ਹਾਸੇ ਉੱਡ ਗਏ
ਮੇਰੇ ਸਾਉਣ ਦੇ ਬੱਦਲ ਸਾਰੇ
    ਖੌਰੇ ਕਿਹੜੇ ਪਾਸੇ ਉੱਡ ਗਏ।।
ਇੱਕ ਉਹ ਸਾਉਣ ਅਜੇ ਨਾ ਭੁੱਲਿਆ
    ਜਿਹੜਾ ਤੇਰੇ ਨਾਲ ਬਤਾਇਆ
              ਕਾਹਦਾ ਸਾਉਣ—--
ਮਾਹੀ ਤੇ ਮੈਂ ਚਾਅ ਬੀਜੇ ਸੀ
    ਉੱਗੇ ਨਾ ਉਹ ਦਿਲ ਦੇ ਵਿਹੜੇ
ਕਿੰਨੇ ਹੀ ਉਹ ਭਾਗਾਂ ਵਾਲੇ
    ਮਾਹੀ ਦੇ ਨਾਲ ਵਸਦੇ ਜਿਹੜੇ।।
ਮੁੜ ਨਾ ਪਿੰਡ ਦੀਆਂ ਜੂਹਾਂ ਟੱਪੀਆਂ
    ਨਾ ਹੀ ਸਾਨੂੰ ਕੋਲ ਬੁਲਾਇਆ
              ਕਾਹਦਾ ਸਾਉਣ—--
ਚੰਨ ਵੀ ਬਦਲਾਂ ਉਹਲੇ ਲੁਕਿਆ
    ਕੱਲਿਆਂ ਰਾਤ ਵੀ ਵੱਢ-ਵੱਢ ਖਾਵੇ
ਬਿਜਲੀ ਕੜਕੇ ਡਰ ਲਗਦਾ ਏ
    ਗਲਵੱਕੜੀ ਵਿੱਚ ਕੌਣ ਲੁਕਾਵੇ
ਮੇਰੇ ਉੱਤੇ ਡਿੱਗ ਨਾ ਜਾਵੇ
    ਅੰਬਰੀਂ ਜਿਹੜਾ ਬੱਦਲ ਛਾਇਆ
              ਕਾਹਦਾ ਸਾਉਣ—--
'ਜਾਨੂੰ' ਜੇ ਕੋਈ ਗਲ਼ਤੀ ਹੋ ਗਈ
    ਮਾਫ਼ ਤੂੰ ਕਰੀਂ ਗੁਨਾਹਾਂ ਨੂੰ
ਪੈਰਾਂ ਦੀਆਂ ਤੂੰ ਪੈੜਾਂ ਦੇ ਦੇ
    ਘਰ ਵੱਲ ਆਉਂਦੇ ਰਾਹਾਂ ਨੂੰ।।
'ਰਮੇਸ਼' ਵੇ ਤੂੰ ਵੀ ਲੋਕਾਂ ਵਰਗਾ
    ਦਰਦ ਮੇਰੇ ਤੇ ਗੀਤ ਬਣਾਇਆ
              ਕਾਹਦਾ ਸਾਉਣ—--
         ਲੇਖਕ-ਰਮੇਸ਼ ਕੁਮਾਰ ਜਾਨੂੰ
        ਫੋਨ ਨੰ:-98153-20080