ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਪਿੰਡ ਜੱਸੋਵਾਲ ਪੁੱਜਣ ਤੇ ਪਿੰਡ ਵਾਸੀਆਂ ਨੇ ਕੀਤਾ ਸਨਮਾਨ

ਪੰਜਾਬ, ਪੰਥ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦਾ ਰਹਾਂਗਾ - ਇਯਾਲੀ 

ਮੁੱਲਾਂਪੁਰ ਦਾਖਾ,  ( ਸਤਵਿੰਦਰ ਸਿੰਘ ਗਿੱਲ) ਪੰਜਾਬ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਚੋਣ ਦਾ  ਬਾਈਕਾਟ ਕਰਨ ਵਾਲੇ  ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ  ਦਾ ਅੱਜ ਜੱਸੋਵਾਲ ਨਿਵਾਸੀਆਂ ਵੱਲੋਂ ਪਿੰਡ ਦੇ ਭਰਵੇਂ ਇਕੱਠ ਵਿੱਚ ਸਨਮਾਨ ਕੀਤਾ ਗਿਆ ਅਤੇ ਭਵਿੱਖ ਅੰਦਰ ਪੰਜਾਬ ਅਤੇ ਪੰਥਕ ਮੁੱਦਿਆਂ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਲਈ ਸਹਿਯੋਗ ਦਾ ਭਰੋਸਾ ਦਿੱਤਾ।
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਤੋਂ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ  ਆਵਾਜ਼ ਉਠਾਉਂਦੇ ਆਏ ਹਨ  ਅਤੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਵੀ ਇਸੇ ਕੜੀ ਦਾ ਇੱਕ ਹਿੱਸਾ ਸੀ, ਕਿਉਂਕਿ ਦੇਸ਼ ਦੀ ਕੇਂਦਰੀ ਸੱਤਾ ਤੇ ਸਮੇਂ ਸਮੇਂ ਤੇ ਕਾਬਜ਼ ਰਹੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕਦੇ  ਵੀ ਇਨਸਾਫ਼ ਨਹੀਂ ਕੀਤਾ ਗਿਆ  ਅਤੇ ਪੰਜਾਬ ਦੀਆਂ ਹੱਕੀ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਅਕਾਲੀ ਦਲ ਦੇ ਇੱਕ ਸੌ ਦੋ ਸਾਲਾ ਪੁਰਾਣੇ ਸੰਘਰਸ਼ਮਈ ਇਤਿਹਾਸ  ਤੋਂ ਬੇਹੱਦ ਪ੍ਰਭਾਵਿਤ ਹਨ ਜਿਸ ਕਾਰਨ ਉਹ ਆਉਣ ਵਾਲੇ ਸਮੇਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਅੰਦਰ ਪੁਰਾਣੀ ਦਿੱਖ ਕਾਇਮ ਕਰਨ ਲਈ ਪਾਰਟੀ ਅੰਦਰ ਆਵਾਜ਼ ਉਠਾਉਂਦੇ ਰਹਿਣਗੇ। ਵਿਧਾਇਕ ਇਯਾਲੀ ਨੇ ਕਿਹਾ ਕਿ ਉਹ ਪੰਜਾਬ ਪੰਥ ਅਤੇ ਪਾਰਟੀ ਦੀ ਮਜ਼ਬੂਤੀ ਲਈ ਸਮਰਪਿਤ ਹਨ  ਅਤੇ ਇਨ੍ਹਾਂ ਦੀ ਬਿਹਤਰੀ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਖੰਡਲ, ਸਰਪੰਚ ਸੁਖਦੇਵ ਸਿੰਘ, ਪ੍ਰਧਾਨ ਪ੍ਰੇਮਜੀਤ ਸਿੰਘ, ਹਰਜੀਤ ਸਿੰਘ, ਸੈਕਟਰੀ ਸੁਖਵੰਤ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਸਾਬਕਾ ਪੰਚ ਕੇਵਲ ਸਿੰਘ, ਬਿਕਰਮਜੀਤ ਸਿੰਘ ਕਾਕਾ, ਸਤਬੀਰ ਸਿੰਘ, ਆਗਿਆ ਦੀਪ ਸਿੰਘ, ਪਰਦੀਪ ਸਿੰਘ, ਬਲਵਿੰਦਰ ਸਿੰਘ ਕੈਨੇਡਾ, ਨੰਬਰਦਾਰ ਪਰਮਿੰਦਰ ਸਿੰਘ ਟੋਨੀ, ਪਲਵਿੰਦਰ ਸਿੰਘ, ਜੋਤੀ, ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ ਮੌਜੂਦ ਸਨ।