You are here

ਖੇਡਾਂ ਦੀ ਜਾਨ, ਬੱਦੋਵਾਲ ਦੀ 'ਸ਼ਾਨ'


 ਮੁਲਾਂਪੁਰ ਦਾਖਾ,27 ਜੁਲਾਈ (ਸਤਵਿੰਦਰ ਸਿੰਘ ਗਿੱਲ ) ਪੰਜਾਬ ਦੀਆਂ ਧੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਕੇ ਪੰਜਾਬ ਦੇ ਮੱਥੇ 'ਤੇ ਲੱਗਿਆ 'ਧੀ-ਮਾਰਾਂ' ਦਾ ਦਾਗ਼ ਮਿਟਾ ਦਿੱਤਾ ਹੈ। ਜਿਸ ਕਰਕੇ  ਹੁਣ ਘਰ ਵਿੱਚ ਧੀ ਜੰਮਣ 'ਤੇ ਜ਼ਸ਼ਨ ਮਨਾਏ ਜਾਣ ਲੱਗੇ ਹਨ।  ਲੁਧਿਆਣਾ ਸ਼ਹਿਰ  ਦੀ ਬੁੱਕਲ ਵਿੱਚ ਵਸੇ ਪਿੰਡ ਬੱਦੋਵਾਲ ਵਿੱਚ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਰੱਖਣ ਵਾਲੇ ਭੰਗੜਾ ਕੋਚ ਦਲਜਿੰਦਰ ਸਿੰਘ ਬੂਟਾ ਬੱਦੋਵਾਲ ਦੀ ਧੀ ਨੇ ਛੋਟੀ ਉਮਰੇ ਖੇਡਾਂ ਦੇ ਖੇਤਰ ਵਿਚ ਥੋੜ੍ਹੇ ਹੀ ਸਮੇਂ ਦੌਰਾਨ  ਬਹੁਤ ਵੱਡੀਆਂ ਮੱਲਾਂ ਮਾਰ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਧੀਆਂ ਮਾਪਿਆਂ 'ਤੇ ਬੋਝ ਨਹੀਂ, ਸਗੋਂ ਮਾਣ ਹਨ।
              ਕੇਂਦਰੀ ਵਿਦਿਆਲਿਆ ਬੱਦੋਵਾਲ ਵਿੱਚ ਪੜ੍ਹਦੀ ਸ਼ਾਨ ਕੌਰ ਗਰੇਵਾਲ ਨੇ ਚੰਡੀਗੜ੍ਹ ਵਿਖੇ ਹੋਈ 51ਵੀਂ ਕੇਂਦਰੀ ਵਿਦਿਆਲਿਆ ਸਪੋਰਟਸ ਮੀਟ ਦੌਰਾਨ ਅੰਡਰ-14 ਵਰਗ ਵਿੱਚ ਖੇਡਦਿਆਂ ਦੋ ਸੋਨ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਸਕੇਟਿੰਗ ਖੇਡ ਨੂੰ ਹੋਰ ਅੱਗੇ ਵਧਾਇਆ ਹੈ।  ਸ਼ਾਨ ਕੌਰ ਗਰੇਵਾਲ ਦੀ ਇਸ ਉਪਲੱਬਧੀ ਨੇ ਉਸ ਦੇ ਮਾਪਿਆਂ, ਅਧਿਆਪਕਾਂ, ਸਕੂਲ ਅਤੇ ਪਿੰਡ ਦਾ ਹੀ ਨਹੀਂ ਸਗੋਂ ਆਪਣੇ ਇਲਾਕੇ  ਦਾ ਨਾਮ ਉੱਚਾ ਕੀਤਾ ਹੈ। ਇਸ ਜਿੱਤ ਉਪਰੰਤ ਸਕੂਲ ਪਹੁੰਚਣ 'ਤੇ ਸਕੂਲ ਪ੍ਰਿੰਸੀਪਲ ਦਿਨੇਸ਼ ਕੁਮਾਰ, ਸਪੋਰਟਸ ਅਧਿਆਪਕ ਕੇਵਲ ਸਿੰਘ ਸੰਘਾ ਅਤੇ ਸਟਾਫ ਵੱਲੋਂ ਸ਼ਾਨ ਕੌਰ ਗਰੇਵਾਲ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸ਼ਾਨ ਕੌਰ ਗਰੇਵਾਲ ਨੂੰ ਸਕੇਟਿੰਗ ਦੀਆਂ ਬਰੀਕੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦੇ ਰਹੇ ਕੋਚ ਜਸਵੀਰ ਸਿੰਘ ਧਾਲੀਵਾਲ ਨੂੰ ਉਸ ਤੋਂ ਬਹੁਤ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਹੈ।  ਉਸ ਦੀ ਇਸ ਜਿੱਤ 'ਤੇ ਮਾ. ਮਨਦੀਪ ਸਿੰਘ ਸੇਖੋਂ ਪਮਾਲ, ਢਾਡੀ ਰਛਪਾਲ ਸਿੰਘ ਪਮਾਲ, ਸੁਖਵੀਰ ਸਿੰਘ ਪਮਾਲ, ਸਰਪੰਚ ਜਗਦੀਸ਼ ਸਿੰਘ ਜੱਗੀ, ਗੁਰਸੇਵਕ ਸਿੰਘ ਸੇਖੋਂ, ਮਾ. ਹਰਜੀਤ ਸਿੰਘ ਪਮਾਲ, ਸਤਪਾਲ ਸਿੰਘ ਡੀ.ਪੀ.ਈ., ਮਾ. ਸਤਪਾਲ ਸਿੰਘ ਪਮਾਲ ਆਦਿ ਨੇ ਸ਼ਾਨ ਕੌਰ ਗਰੇਵਾਲ, ਦਲਜਿੰਦਰ ਸਿੰਘ ਗਰੇਵਾਲ ਅਤੇ ਪਰਿਵਾਰ ਨੂੰ ਵਧਾਈ ਦਿੱਤੀ।