ਦੋਵੇਂ ਅਕਾਲੀ ਦਲ ਫਾਸੀਵਾਦੀ ਭਾਜਪਾ  ਲਈ ਪੰਜਾਬ ਵਿੱਚ ਜ਼ਮੀਨ ਤਿਆਰ ਕਰ ਰਹੇ ਹਨ -ਪੁਰਸ਼ੋਤਮ ਸ਼ਰਮਾ

 
 ਬਰਨਾਲਾ /ਮਹਿਲ ਕਲਾਂ 23 ਜੁਲਾਈ - (ਗੁਰਸੇਵਕ ਸੋਹੀ )-
 ਸੀਪੀਆਈ ਐਮਐਲ ਲਿਬਰੇਸ਼ਨ ਦਾ ਇੱਕ ਰੋਜ਼ਾ ਜ਼ਿਲ੍ਹਾ ਇਜਲਾਸ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਇਆ। ਇਜਲਾਸ ਦੀ ਪ੍ਰਧਾਨਗੀ ਕਾਮਰੇਡ ਧੰਨਾ ਸਿੰਘ ਭਦੌੜ,ਸਿੰਦਰ ਕੌਰ ਹਰੀਗੜ੍ਹ,ਸਵਰਨ ਸਿੰਘ ਜੰਗੀਆਣਾ, ਕਰਨੈਲ ਸਿੰਘ ਠੀਕਰੀਵਾਲਾ,ਰਾਜਵਿੰਦਰ ਕੌਰ ਭੱਠਲ,ਤੇ ਬਿਹਾਰੀ ਲਾਲ ਬਰਨਾਲਾ ਨੇ ਕੀਤੀ ।
ਇਸ ਮੌਕੇ ਇਜਲਾਸ ਦਾ ਉਦਘਾਟਨ  ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਇੰਚਾਰਜ ਕਾਮਰੇਡ ਪੁਰਸ਼ੋਤਮ ਸ਼ਰਮਾ ਨੇ ਕੀਤਾ।  ਕਾਮਰੇਡ ਸ਼ਰਮਾ ਨੇ ਦੋਵੇਂ ਅਕਾਲੀ ਪਾਰਟੀਆਂ ਨੂੰ ਪੰਜਾਬ ਵਿੱਚ ਫਾਸ਼ੀਵਾਦੀ ਭਾਜਪਾ ਦੇ ਵਾਹਕ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਨੇ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਵੋਟ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਪੰਜਾਬ ਵਿੱਚ ਭਾਜਪਾ-ਆਰਐਸਐਸ ਦੀ ਜ਼ਮੀਨ ਬਣਾਉਣ ਵਿੱਚ ਲੱਗੇ ਹੋਏ ਹਨ। ਕਾਮਰੇਡ ਸ਼ਰਮਾ ਨੇ ਸੁਚੇਤ ਕੀਤਾ ਕਿ ਭਾਜਪਾ-ਆਰ.ਐਸ.ਐਸ. ਪੰਜਾਬ ਨੂੰ ਮੁੜ ਅਸਥਿਰਤਾ ਦੇ ਯੁੱਗ ਵਿੱਚ ਲਿਆਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਤਾਂ ਜੋ ਉਹ ਦੇਸ਼ ਵਿੱਚ ਆਪਣੇ ਹਿੰਦੂ ਰਾਸ਼ਟਰ ਦੇ ਫਾਸ਼ੀਵਾਦੀ ਏਜੰਡੇ ਨੂੰ ਅੱਗੇ ਵਧਾ ਸਕਣ।ਕਾਮਰੇਡ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਆਸ ਵਿੱਚ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਪ ਦੀ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ‘ਆਪ’ ਦੀ ਸਰਕਾਰ ਪੂਰੀ ਨਹੀਂ ਉਤਰ ਰਹੀ।  ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਲਿਬਰੇਸ਼ਨ ਨੂੰ 'ਆਪ' ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਸੜਕਾਂ 'ਤੇ ਉਤਰ ਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਪਿੰਡ-ਪਿੰਡ ਪਾਰਟੀ ਦੇ ਪਸਾਰ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
 ਲਿਬਰੇਸ਼ਨ ਦੇ ਸੂਬਾ ਸਕੱਤਰ ਰਾਜਵਿੰਦਰ ਰਾਣਾ ਨੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਮੋਦੀ ਦੇਸ਼ ਨੂੰ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਕੋਲ ਵੇਚ ਰਿਹਾ ਹੈ। ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਵੱਧ ਰਹੇ ਅਪਰਾਧਾਂ ਵਿਰੁੱਧ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕਰਕੇ ਅੰਦੋਲਨ ਦੀ ਤਿਆਰੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਲਿਬਰੇਸ਼ਨ ਪਾਰਟੀ ਹੀ ਸੂਬੇ  ਅੰਦਰ ਨਿਜੀਕਰਨ ਦੇ ਖਿਲਾਫ , ਘੱਟੋ ਘੱਟ ਉਜਰਤਾ ਵਿਚ ਵਾਧਾ ਕਰਨ , ਰੁਜ਼ਗਾਰ ਗਰੰਟੀ ਕਾਨੂੰਨ ਕਾਇਮ ਕਰਨ , ਮੁਫ਼ਤ ਅਤੇ ਬਿਹਤਰ ਸਿਖਿਆ ਅਤੇ ਸਿਹਤ ਸਹੂਲਤਾਂ ਲਈ ਅਵਾਜ਼ ਬੁਲੰਦ ਕਰ ਰਹੀ ਹੈ। ।  ਅਜਿਹੇ 'ਚ ਇਨ੍ਹਾਂ ਸੰਘਰਸ਼ਾਂ ਨੂੰ ਹੋਰ ਵੀ ਬੁਲੰਦੀਆਂ 'ਤੇ ਲਿਜਾਣ ਲਈ ਜ਼ਮੀਨੀ ਪੱਧਰ 'ਤੇ ਪਾਰਟੀ ਦਾ ਵਿਸਥਾਰ ਕਰਨ ਦੀ ਲੋੜ ਹੈ।
 ਬਰਨਾਲਾ ਜ਼ਿਲ੍ਹੇ ਦੇ ਪਾਰਟੀ ਸਕੱਤਰ ਕਾਮਰੇਡ ਗੁਰਪ੍ਰੀਤ ਰੂੜੇਕੇ  ਨੇ ਇਜਲਾਸ ਵਿਖੇ ਪਾਰਟੀ ਦੀ ਕਾਰਜਪ੍ਰਣਾਲੀ ਅਤੇ ਗਤੀਵਿਧੀ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਬਰਨਾਲਾ ਅਤੇ ਤਪਾ ਤਹਿਸੀਲਾਂ ਵਿੱਚ ਪਾਰਟੀ ਦੇ ਇਜਲਾਸ ਹੋ ਚੁੱਕੇ ਹਨ । ਹੁਣ ਸਾਨੂੰ ਜ਼ਿਲ੍ਹੇ ਬਰਨਾਲਾ ਦੀ ਸ਼ਹਿਰੀ ਕਮੇਟੀ ਅਤੇ ਲੋਕਲ ਕਮੇਟੀਆਂ ਦੇ ਗਠਨ ਵੱਲ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਯੂਨਿਟਾਂ ਦਾ ਵਿਸਥਾਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਤੱਕ ਕਰਨਾ ਹੋਵੇਗਾ।  ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰਾਂ-ਕਿਸਾਨਾਂ ਦਾ ਵਿਸਥਾਰ ਕਰਨ ਦੇ ਕੰਮ ਵਿੱਚ ਜੁੱਟ ਜਾਣ।
 ਜ਼ਿਲ੍ਹੇ ਵਿੱਚ ਨੌਂ ਮੈਂਬਰੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਕਾਮਰੇਡ ਗੁਰਪ੍ਰੀਤ ਰੂੜੇਕੇ ਨੂੰ ਮੁੜ ਜ਼ਿਲ੍ਹਾ ਸਕੱਤਰ ਚੁਣਿਆ ਗਿਆ।  ਨਵੀਂ ਜ਼ਿਲ੍ਹਾ ਕਮੇਟੀ ਵਿੱਚ ਇੱਕ ਤਿਹਾਈ ਮਹਿਲਾ ਵਰਕਰਾਂ ਨੂੰ ਥਾਂ ਮਿਲੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਕੋਟਦੁਨਾ,ਮਨਜੀਤ ਕੌਰ ਮੋੜ,ਜਗਤਾਰ ਸਿੰਘ ਸੰਘੇੜਾ,ਹਰਚਰਨ ਸਿੰਘ ਰੂੜੇਕੇ,ਸੁਖਦੇਵ ਸਿੰਘ ਮੱਝੂਕੇ,ਹਰਪ੍ਰੀਤ ਕੌਰ ਛੰਨਾ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ ।
ਜਾਰੀ ਕਰਤਾ ਗੁਰਪ੍ਰੀਤ ਰੂੜੇਕੇ ਮੋ ਨੰਬਰ 98760-99946