ਦਿਵਿਆਂਗਜਨ ਦੀ ਭਲਾਈ ਲਈ ਕੰਮ ਕਰ ਰਹੇ ਵਿਅਕਤੀਆਂ/ਸੰਸਥਾਵਾਂ ਨੂੰ ਨੈਸ਼ਨਲ ਅਵਾਰਡ ਦੇਣ ਲਈ ਅਰਜ਼ੀਆਂ ਮੰਗੀਆਂ

30 ਅਗਸਤ, 2019 ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2019 -( ਮਨਜਿੰਦਰ ਗਿੱਲ )- ਕੇਂਦਰੀ ਸਮਾਜਿਕ ਨਿਆਂ, ਸਸ਼ਕਤੀਕਰਨ ਮੰਤਰਾਲੇ ਅਤੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਨਵੀਂ ਦਿੱਲੀ ਵੱਲੋਂ ਦਿਵਿਆਂਗਜਨ ਦੀ ਭਲਾਈ ਲਈ ਕੰਮ ਕਰ ਰਹੇ ਵਿਅਕਤੀਆਂ/ਸੰਸਥਾਵਾਂ ਨੂੰ ਨੈਸ਼ਨਲ ਅਵਾਰਡ ਦਿੱਤੇ ਜਾਣੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਾਲਾਨਾ ਦਿੱਤੇ ਜਾਣ ਵਾਲੇ ਇਹ ਅਵਾਰਡ ਦਸੰਬਰ 3, 2019 ਨੂੰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਅਵਾਰਡਾਂ ਲਈ ਅਪਲਾਈ ਕਰਨ ਤੋਂ ਪਹਿਲਾਂ ਇਛੁੱਕ ਵਿਅਕਤੀ/ਸੰਸਥਾਵਾਂ ਦੇ ਮੈਂਬਰ ਵੈੱਬਸਾਈਟ www.disabilityaffairs.gov.in ਤੇ ਹਦਾਇਤਾਂ ਪੜ ਸਕਦੇ ਹਨ। ਵੱਖ-ਵੱਖ ਸੰਸਥਾਵਾਂ ਜਾਂ ਕੇਂਦਰੀ/ਪ੍ਰਾਂਤਿਕ/ਕੇਂਦਰੀ ਸਾਸ਼ਤ ਪ੍ਰਦੇਸ਼/ਜਨਤਕ ਖੇਤਰ ਦੇ ਅਦਾਰਿਆਂ ਵਿੱਚ ਨੌਕਰੀ ਕਰਦੇ ਵਿਅਕਤੀ ਆਪਣੇ-ਆਪਣੇ ਵਿਭਾਗ/ਮੰਤਰਾਲੇ/ਪ੍ਰਾਂਤਕ ਸਰਕਾਰ/ਕੇਂਦਰੀ ਸਾਸ਼ਤ ਸਰਕਾਰ/ਜਨਤਕ ਅਦਾਰਿਆਂ ਤੋਂ ਸ਼ਿਫਾਰਸ਼ ਸਹਿਤ ਹੀ ਅਰਜ਼ੀਆਂ ਭੇਜ ਸਕਦੇ ਹਨ। ਉਨਾਂ ਕਿਹਾ ਕਿ ਉਕਤ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਨੇ ਅਪਲਾਈ ਕਰਨਾ ਹੈ ਤਾਂ ਉਸ ਨੂੰ ਦਿਵਿਆਂਗਜਨ ਨਾਲ ਸੰਬੰਧਤ ਵਿਭਾਗ/ਜ਼ਿਲਾ ਮੈਜਿਸਟ੍ਰੇਟ/ਕਿਸੇ ਨੈਸ਼ਨਲ ਇੰਸਟੀਚਿਊਟ ਆਫ਼ ਡਿਪਾਰਟਮੈਂਟ ਆਫ਼ ਇੰਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸਏਬਿਲਟੀਜ਼/ਇਸੇ ਕੈਟੇਗਰੀ ਵਿੱਚ ਵਿਅਕਤੀਗਤ ਤੌਰ 'ਤੇ ਪਹਿਲਾਂ ਹੀ ਨੈਸ਼ਨਲ ਅਵਾਰਡ ਪ੍ਰਾਪਤ ਕਰ ਚੁੱਕੇ ਵਿਅਕਤੀ ਤੋਂ ਸਿਫ਼ਾਰਸ਼ ਕਰਾਉਣੀ ਜ਼ਰੂਰੀ ਹੋਵੇਗੀ। ਅਗਰਵਾਲ ਨੇ ਕਿਹਾ ਕਿ ਇਹ ਅਰਜ਼ੀਆਂ ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿੱਚ ਹੋਣੀਆਂ ਚਾਹੀਦੀਆਂ ਹਨ। ਜੋ ਕਿ 30 ਅਗਸਤ, 2019 ਤੋਂ ਪਹਿਲਾਂ-ਪਹਿਲਾਂ ਸੀਤਾਰਾਮ ਯਾਦਵ, ਡਿਪਟੀ ਸੈਕਰੇਟਰੀ, ਭਾਰਤ ਸਰਕਾਰ, ਡਿਪਾਰਟਮੈਂਟ ਆਫ਼ ਇੰਪਾਵਰਮੈਂਟ ਆਫ਼ ਪਰਸਨਜ਼ ਵਿੱਦ ਡਿਸਏਬਿਲਟੀਜ਼ (ਦਿਵਿਆਂਗਜਨ), ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਕਮਰਾ ਨੰਬਰ 520, ਬੀ-2, ਪੰਜਵੀਂ ਮੰਜ਼ਿਲ, ਪੰਡਿਤ ਦੀਨ ਦਿਆਲ ਅੰਤੋਦਿਯਾ ਭਵਨ, ਸੀ. ਜੀ. ਓ. ਕੰਪਲੈਕਸ ਨਵੀਂ ਦਿੱਲੀ 110003 ਦੇ ਪਤੇ 'ਤੇ ਪਹੁੰਚ ਜਾਣੀਆਂ ਚਾਹੀਦੀਆਂ ਹਨ।