ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦਿੱਤਾ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ
ਬਰਨਾਲਾ /ਮਹਿਲ ਕਲਾਂ 20 ਜੁਲਾਈ- (ਗੁਰਸੇਵਕ ਸਿੰਘ ਸੋਹੀ )- ਡਾਇਰੈਕਟਰ ਸਿੱਖਿਆ ਵਿਭਾਗ (ਪੰਜਾਬ) ਵੱਲੋਂ ਪੰਜਾਬ ਭਰ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਕਰਵਾਉਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਪ੍ਰਬੰਧਕ ਕਮੇਟੀ ਦੀ ਚੋਣ ਇੰਚਾਰਜ਼ ਪ੍ਰਿੰਸੀਪਲ ਪਰਵਿੰਦਰ ਕੌਰ ਦੀ ਦੇਖ-ਰੇਖ ਹੇਠ ਗਰਾਮ ਪੰਚਾਇਤ, ਮਾਪਿਆ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਸਰਬ ਸੰਮਤੀ ਨਾਲ ਕੀਤੀ ਗਈ। ਚੋਣ ਤੋਂ ਪਹਿਲਾਂ ਮੁੱਖ ਅਧਿਆਪਕ ਕੇ.ਐੱਸ.ਕਮਲ ਅਤੇ ਅਧਿਆਪਕ ਜਸਵੀਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸਕੂਲ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਵਿਭਾਗ ਵਲੋਂ ਤਹਿ ਕੀਤੇ ਨਿਯਮਾਂ ਅਤੇ ਸ਼ਰਤਾਂ ਤੋਂ ਵਿਸਥਾਰ ਪੂਰਵਕ ਢੰਗ ਨਾਲ ਜਾਣੂ ਕਰਵਾਇਆ। ਇਸ ਉਪਰੰਤ ਸਰਬਸੰਮਤੀ ਨਾਲ ਹੋਈ ਚੋਣ ਵਿਚ ਭਾਈ ਜਗਸੀਰ ਸਿੰਘ ਖ਼ਾਲਸਾ ਨੂੰ ਮੁੜ ਤੋਂ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਜਗਪਾਲ ਸਿੰਘ, ਬੱਗਾ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਰਾਜੀਆ ਖਾਨ, ਕਿਰਨਜੀਤ ਕੌਰ, ਜਸਵਿੰਦਰ ਕੌਰ, ਪੰਚ ਮਨਜੀਤ ਕੌਰ, ਸਕੂਲ ਇੰਚਾਰਜ ਪਰਵਿੰਦਰ ਕੌਰ, ਅਧਿਆਪਕ ਤੇਜਿੰਦਰਪਾਲ ਸਿੰਘ, ਵਿਦਿਆਰਥਣ ਹੁਸਨਪ੍ਰੀਤ ਕੌਰ ਨੂੰ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ। ਨੰਬਰਦਾਰ ਗੁਰਮੇਲ ਸਿੰਘ ਨੇ ਕਿਹਾ ਕਿ ਭਾਈ ਜਗਸੀਰ ਸਿੰਘ ਖ਼ਾਲਸਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਕੂਲ ਦੇ ਵਿਕਾਸ ਲਈ ਕਰਵਾਏ ਗਏ ਕੰਮ ਆਪਣੇ ਆਪ ਵਿੱਚ ਵੱਡੀ ਮਿਸਾਲ ਹਨ। ਉਨ੍ਹਾਂ ਦੀਆਂ ਸਕੂਲ ਦੀ ਬੇਹਤਰੀ ਲਈ ਭਵਿੱਖ ਦੀਆਂ ਯੋਜਨਾਵਾਂ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਮੁੜ ਤੋਂ ਸੌਂਪੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਚੇਅਰਮੈਨ ਭਾਈ ਜਗਸੀਰ ਸਿੰਘ ਖਾਲਸਾ ਅਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਖੁਦ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਉਹ ਸਕੂਲ ਨੂੰ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਭਾਈ ਜਗਸੀਰ ਸਿੰਘ ਖ਼ਾਲਸਾ ਨੂੰ ਸਕੂਲ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਣਗੇ। ਉਨ੍ਹਾਂ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਪਾਸੋਂ ਸਕੂਲ ਦੀਆਂ ਵੱਖ ਵੱਖ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਵੇਗਾ। ਵਿਧਾਇਕ ਪੰਡੋਰੀ ਨੇ ਚੇਅਰਮੈਨ ਜਗਸੀਰ ਸਿੰਘ ਖ਼ਾਲਸਾ ਅਤੇ ਸਮੁੱਚੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਨਿਯੁਕਤੀ ਤੇ ਬੋਲਦਿਆਂ ਚੇਅਰਮੈਨ ਜਗਸੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਇੱਥੇ ਪੜ੍ਹਨ ਵਾਲੀ ਹਰ ਇੱਕ ਬੱਚੇ ਨੂੰ ਢੁੱਕਵੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਪਿਛਲੇ ਸਮੇਂ ਦੌਰਾਨ ਉਨ੍ਹਾਂ ਗਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਦੇ ਸਹਿਯੋਗ ਸਦਕਾ ਸਕੂਲ ਦੀ ਨੁਹਾਰ ਨੂੰ ਬਦਲਣ ਦਾ ਪੂਰਾ ਯਤਨ ਕੀਤਾ ਹੈ। ਪੰਜਾਬ ਸਰਕਾਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪਿੰਡ ਦੇ ਪਰਵਾਸੀ ਭਾਰਤੀਆ ਸਮਾਜ ਸੇਵੀ ਲੋਕਾਂ ਤੋਂ ਮਿਲਣ ਵਾਲੀ ਭਰਪੂਰ ਹੁੰਗਾਰੇ ਦੀ ਸਦਕਾ ਇਸ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਮਹਿਲ ਕਲਾਂ ਦੀ ਤਰਫੋਂ ਸਕੂਲ ਪ੍ਰਬੰਧਕ ਕਮੇਟੀ ਨੂੰ ਭਰਵਾਂ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਸਮੇਂ ਨੰਬਰਦਾਰ ਆਤਮਾ ਸਿੰਘ, ਗੋਬਿੰਦਰ ਸਿੰਘ, ਗੁਰਦੀਪ ਸਿੰਘ ਸੋਢਾ, ਰਛਪਾਲ ਸਿੰਘ ਬੱਟੀ, ਮੋਹਿਤ ਕੁਮਾਰ ਗਰਗ, ਬੇਅੰਤ ਸਿੰਘ ਮਿੱਠੂ, ਮਨਪ੍ਰੀਤ ਸਿੰਘ ਸਰੋਏ, ਪੰਚ ਰਣਜੀਤ ਸਿੰਘ, ਕਮਲਜੀਤ ਸਿੰਘ ਮਹਿਲਕਲਾਂ, ਡਾ ਦਲਬਾਰ ਸਿੰਘ, ਬੌਬੀ ਅਰੋਡ਼ਾ, ਗੁਰਮੁਖ ਸਿੰਘ, ਦਿਲਬਰ ਖਾਨ, ਕੁਨਾਲ ਦੂਬੇ, ਤੇਜਪਾਲ ਸਿੰਘ ਮਠਾੜੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਮਾਪੇ ਅਤੇ ਪਤਵੰਤੇ ਹਾਜ਼ਰ ਸਨ।