ਜੀ ਨਿਊਜ ਟੀ. ਵੀ. ਚੈਨਲ ਦੇ ਬਹੁ-ਚਰਚਿਤ ਪੱਤਰਕਾਰ ਸੁਧੀਰ ਚੌਧਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਜਿਸ ਪਿੱਛੋਂ ਦੇਸ਼ ਦੇ ਸਿਆਸੀ ਅਤੇ ਮੀਡੀਆ ਗਲਿਆਰਿਆ ਅੰਦਰ ਨਵੀਆਂ ਚਰਚਾਵਾਂ ਦਾ ਬਜਾਰ ਛਿੜ ਗਿਆ ਹੈ।
ਸੁਧੀਰ ਚੌਧਰੀ ਨੇ ਜੀ. ਟੀ. ਵੀ. ਨਿਊਜ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਡੀ. ਐਨ. ਏ. (Daily News and Analysis) ਨੂੰ ਸੰਸਾਰ ਪੱਧਰ 'ਤੇ ਪ੍ਰਸਿੱਧੀ ਦਿਵਾਉਣ ਲਈ ਅਣਥੱਕ ਮਿਹਨਤ ਕੀਤੀ, ਜਿਸ ਕਰਕੇ ਸੰਸਾਰ ਵਿੱਚ ਉਸ ਦੇ 71 ਲੱਖ ਟਵਿੱਟਰ ਫਾਲੋਅਰਜ, 27 ਲੱਖ ਫੇਸਬੁੱਕ ਫਾਲੋਅਰਜ ਅਤੇ 7 ਲੱਖ ਇੰਸਟਾ ਫਾਲੋਅਰਜ ਹਨ। ਸੰਸਾਰ ਪ੍ਰਸਿੱਧ ਪੱਤਰਕਾਰ ਅਤੇ ਟੀ. ਵੀ. ਨਿਊਜ ਐਂਕਰ - ਐਡੀਟਰ-ਇਨ-ਚੀਫ ਅਤੇ ਸੀ ਈ ਓ ਸੁਧੀਰ ਚੌਧਰੀ ਦਾ ਜਨਮ 1974 ਵਿਚ ਹਰਿਆਣਾ ਵਿਚ ਹੋਇਆ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਪੱਤਰਕਾਰੀ ਵਿੱਚ ਡਿਪਲੋਮਾ ਕੀਤਾ ਅਤੇ ਇਸ ਤੋਂ ਬਾਅਦ ਉਹ ਪੱਤਰਕਾਰਤਾ ਦੇ ਰਾਹ ਤੁਰ ਪਿਆ ਅਤੇ ਪਿਛਾਂਹ ਵਲ ਮੁੜਕੇ ਨਹੀਂ ਵੇਖਿਆ। ਹੁਣ ਉਹ ਪਿਛਲੇ ਇਕ ਦਹਾਕੇ ਤੋਂ ਡੀ ਐਨ ਏ ਪ੍ਰੋਗਰਾਮ ਦਾ ਸੰਚਾਲਨ ਬਾਖੂਬੀ ਕਰ ਰਿਹਾ ਸੀ ਅਤੇ ਇਹ ਪ੍ਰੋਗਰਾਮ ਚਲਾਉਣ ਬਦਲੇ ਉਸ ਨੂੰ 3 ਕਰੋੜ ਰੁਪਏ ਸਾਲਾਨਾ ਤਨਖਾਹ ਦਿੱਤੀ ਜਾਂਦੀ ਸੀ, ਪਰ ਐਂਕਰ ਸੁਧੀਰ ਵਲੋਂ ਅਚਾਨਕ ਆਪਣੀ ਨੌਕਰੀ ਤੋਂ ਅਸਤੀਫਾ ਕਿਉਂ ਦਿੱਤਾ ਗਿਆ, ਨੂੰ ਲੈ ਕੇ ਕਈ ਤਰ੍ਹਾਂ ਸ਼ੰਕਾਵਾਂ ਉੱਠ ਰਹੀਆਂ ਹਨ। ਵੱਖ ਵੱਖ ਲੋਕਾਂ ਵਲੋਂ ਆਪੋ ਆਪਣੀਆਂ ਕਿਆਸ ਅਰਾਈਆਂ ਦੇ ਘੋੜੇ ਭਜਾਏ ਜਾ ਰਹੇ। ਕਈ ਲੋਕਾਂ ਦਾ ਕਹਿਣਾ ਹੈ ਕਿ ਐਂਕਰ ਸੁਧੀਰ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਹੈ, ਕਿਉਂਕਿ ਉਸ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਵਿਚ ਉੱਠੇ ਸਿਆਸੀ ਤੁਫਾਨ ਬਾਰੇ ਸੱਚ ਸਾਹਮਣੇ ਲਿਆਉਂਦਿਆਂ ਕਿਹਾ ਸੀ ਕਿ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਮਹਿੰਗੇ ਹੋਟਲਾਂ ਵਿਚ ਬੰਦ ਕਰਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਉਪਰ ਇਕ ਹਫ਼ਤੇ ਵਿਚ ਲਗਭਗ ਇੱਕ ਕਰੋੜ ਦਸ ਲੱਖ ਰੁਪਏ ਖਰਚ ਕੀਤੇ ਗਏ ਹਨ, ਕਿਉਂ? ਐਂਕਰ ਸੁਧੀਰ ਨੇ ਕਿਹਾ ਕਿ ਬਾਗੀ ਵਿਧਾਇਕਾਂ ਨੂੰ ਹੋਟਲਾਂ ਵਿਚ ਰੱਖਣ ਲਈ ਇੰਨਾ ਖਰਚ ਕੌਣ ਅਦਾ ਕਰੇਗਾ, ਕੀਤੇ ਖਰਚ ਦਾ ਭਾਰ ਕੌਣ ਚੁੱਕੇਗਾ ਜਾਂ ਕਿਸ ਉਪਰ ਪਵੇਗਾ, ਜਦ ਕਿ ਮਹਾਰਾਸ਼ਟਰ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਅਤੇ ਲੋਕ ਰੋਟੀ ਨੂੰ ਤਰਸ ਰਹੇ ਹਨ....... ।
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਕਤ ਜਾਗਦੀ ਜਮੀਰ ਵਾਲੀ ਖਬਰ ਨੇ ਉਸ ਨੂੰ ਘਰ ਤੋਰ ਦਿੱਤਾ ਜਦ ਕਿ ਜੀ. ਮੀਡੀਆ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਸੁਭਾਸ਼ ਚੰਦਰਾ ਦਾ ਕਹਿਣਾ ਹੈ ਕਿ ਐਂਕਰ ਸੁਧੀਰ ਨੂੰ ਅਸਤੀਫਾ ਦੇਣ ਦੇ ਆਪਣੇ ਫੈਸਲੇ ਉਪਰ ਮੁੜ ਸੋਚ ਵਿਚਾਰ ਕਰਨ ਲਈ ਕਿਹਾ ਗਿਆ ਸੀ, ਪਰ ਉਹ ਅਸਤੀਫਾ ਦੇਣ ਲਈ ਬਜਿੱਦ ਸੀ, ਜਿਸ ਕਰਕੇ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਈ ਆਪਣਾ ਕਾਰੋਬਾਰ ਜਾਂ ਟੀ. ਵੀ. ਚੈਨਲ ਚਲਾਉਣ ਲਈ ਮਨ ਬਣਾਈ ਬੈਠਾ ਹੈ। ਕੁਝ ਵੀ ਹੋਵੇ ਪਰ ਐਂਕਰ ਸੁਧੀਰ ਵਲੋਂ ਅਚਾਨਕ ਦਿੱਤਾ ਅਸਤੀਫਾ ਕਈ ਤਰ੍ਹਾਂ ਦੇ ਪ੍ਰਸ਼ਨ ਖੜ੍ਹੇ ਕਰ ਗਿਆ ਹੈ।
-ਸੁਖਦੇਵ ਸਲੇਮਪੁਰੀ
09780620233
2 ਜੁਲਾਈ, 2022.