ਧਰਨੇ ਦੇ 95ਵੇਂ ਦਿਨ ਬੀਕੇਯੂ ਡਕੌਂਦਾ ਦੇ ਆਗੂਆਂ ਨੇ ਭਰੀ ਹਾਜ਼ਰੀ
ਜਗਰਾਉਂ 25 ਜੂਨ (ਰਣਜੀਤ ਸਿੱਧਵਾਂ) ਇਲਾਕੇ ਦੀਆਂ ਇਨਸਾਫ਼ ਪਸੰਦ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਏ ਪੱਕੇ ਮੋਰਚੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ ਅਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਹਾਜ਼ਰੀ ਭਰੀ। ਅੱਜ 95ਵੇਂ ਦਿਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝੀ ਮੀਟਿੰਗ ਤੋਂ ਬਾਅਦ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਇਹ ਧਰਨਾ ਅੱਜ 95ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਭਰੋਸੇ ਮਗਰੋਂ ਮਿ੍ਤਕ ਕੁਲਵੰਤ ਕੌਰ ਦੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਵਲੋਂ ਰੱਖੀ ਭੁੱਖ ਹੜਤਾਲ ਖਤਮ ਕਰਨ ਉਪਰੰਤ ਪਰਿਵਾਰ ਨੂੰ ਨਿਆਂ ਦੀ ਆਸ ਹੈ। ਜ਼ਿਕਰਯੋਗ ਹੈ ਕਿ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਮੈਂਬਰ ਪ੍ਰਭਦਿਆਲ ਨੇ ਧਰਨੇ ਵਿੱਚ ਪੁੱਜ ਕੇ ਧਰਨਾਕਾਰੀਆਂ ਨੂੰ 30 ਦਿਨਾਂ ਵਿੱਚ ਨਿਆਂ ਦਿਵਾਉਣ ਦਾ ਭਰੋਸਾ ਦਿਵਾਇਆ ਸੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਦਖਲ਼ ਤੋਂ ਡੀਜੀਪੀ ਨੇ ਮੁਕੱਦਮੇ ਦੀ ਤਫਤੀਸ਼ ਲਈ ਤਿੰਨ ਮੈਂਬਰੀ "ਸਿੱਟ" ਬਣਾਈ ਹੈ। ਜਿਸ ਦੀ ਅਗਵਾਈ ਏ.ਆਈ. ਜੀ.ਕ੍ਰਾਈਮ ਜੋਨ ਜਲੰਧਰ ਕਰਨਗੇ ਅਤੇ ਐੱਸ.ਪੀ. ਹੈਡਕੁਆਰਟਰ ਜਗਰਾਉਂ ਤੇ ਡੀ.ਐੱਸ.ਪੀ ਡੀਟੈਕਟਿਵ ਨਵਾਂਸ਼ਹਿਰ ਮਾਮਲੇ ਦੀ ਤਫਤੀਸ਼ ਕਰਨਗੇ ਅਤੇ ਅੰਤਿਮ ਰਿਪੋਰਟ 30 ਦਿਨਾਂ 'ਚ ਕਮਿਸ਼ਨ ਨੂੰ ਸੌੰਪਣਗੇ। ਇਸ ਮੌਕੇ ਉਨਾਂ ਮੌਕੇ ਕਿਰਤੀ ਕਿਸਾਨ ਯੂਨੀਅਨ(ਯੂਥ ਵਿੰਗ) ਦੇ ਜ਼ਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਸੋਨੀ ਸਿੱਧਵਾਂ ਤੇ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਡਾਕਟਰ ਗੁਰਮੇਲ ਸਿੰਘ ਕੁਲਾਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ ਨੇ ਵੀ ਵਿਸਵਾਸ਼ ਪ੍ਰਗਟਾਇਆ ਕਿ ਕਮਿਸ਼ਨ ਗਰੀਬ ਪਰਿਵਾਰ ਦੇ ਹਿੱਤਾਂ ਲਈ ਕੰਮ ਕਰਦਾ ਹੈ ਅਤੇ ਜਰੂਰ ਹੀ ਧਰਨੇ ਤੇ ਬੈਠੇ ਕਿਰਤੀ ਲੋਕਾਂ ਨੂੰ ਨਿਆਂ ਦਿਵਾਏਗਾ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਅੱਜ ਪ੍ਰਬੰਧਕੀ ਢਾਂਚਾ ਇੰਨ੍ਹਾਂ ਗਰਕ ਚੁੱਕਾ ਹੈ ਕਿ ਸਾਲਾਂ ਬੱਧੀ ਕਾਗਜ਼ੀ ਲੜ੍ਹਾਈ ਲੜ ਕੇ ਵੀ ਏਥੇ ਗਰੀਬਾਂ ਨੂੰ ਇਨਸਾਫ਼ ਨਹੀਂ ਮਿਲਦਾ। ਆਖਿਰ ਪੀੜ੍ਹਤ ਲੋਕ ਹੁਣ ਜਾਣ ਕਿਥੇ ? ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਮਾਮਲੇ ਦੀ ਇੰਟੈਲੀਜ਼ੈਸ ਤੇ ਡੀਜੀਪੀ/ਐਚ.ਆਰ. ਵਲੋਂ ਬਕਾਇਦਾ ਜਾਂਚ ਕੀਤੀ ਗਈ ਸੀ ਅਤੇ ਜਾਂਚ ਰਿਪੋਰਟਾਂ ਮੁਤਾਬਿਕ ਹੀ ਕੌਮੀ ਕਮਿਸ਼ਨ ਨੇ ਤੱਤਕਾਲੀ ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੂੰ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਨ ਲਈ ਲਿਖਿਆ ਸੀ।ਇਸ ਸਮੇਂ ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਢੋਲ਼ਣ, ਬੀਕੇਯੂ(ਉਗਰਾਹਾ) ਦੇ ਜਗਤ ਸਿੰਘ ਲੀਲ੍ਹਾ, ਅਜੈਬ ਸਿੰਘ, ਨਿਹੰਗ ਸਿੰਘ ਚੜ੍ਤ ਸਿੰਘ ਗਗੜਾ, ਜਸਪ੍ਰੀਤ ਸਿੰਘ ਢੋਲ਼ਣ, ਅਵਤਾਰ ਸਿੰਘ ਠੇਕੇਦਾਰ ਨੇ ਵੀ ਹਾਜ਼ਰ ਸਨ।