You are here

ਪਿਛਲੇ ਇੱਕ ਦਹਾਕੇ ਤੋਂ ਬੰਦ ਪੌਣੇ ਚਾਰ   ਲੱਖ ਲੀਟਰ ਪਾਣੀ ਵਾਲੀ ਟੈਂਕੀ ਮੌਜੂਦਾ ਪ੍ਰਧਾਨ ਰਾਣਾ ਦੇ ਯਤਨਾ ਸਦਕਾ ਹੋਵੇਗੀ ਚਾਲੂ

ਜਗਰਾਉਂ  25 ਜੂਨ (ਰਣਜੀਤ ਸਿੱਧਵਾਂ)  : ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਅਣਥੱਕ ਯਤਨ ਕੀਤੇ ਜਾ ਰਹੇ ਹਨ।ਇਸੇ ਲੜੀ ਵਿੱਚ ਗਰਮੀਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਚਾਉਣ ਲਈ ਸ਼ਹਿਰ ਅੰਦਰ ਰਾਣੀ ਝਾਂਸੀ ਚੌਂਕ ਨਜਦੀਕ ਬਣੀ ਹੋਈ ਪਾਣੀ ਦੀ ਟੈਂਕੀ ਦੀਆਂ ਨਵੀਆਂ ਮੋਟਰਾਂ ਨੂੰ ਸ੍ਰੀ ਜਤਿੰਦਰ ਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਉਂ ਵਲੋਂ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਚਾਲੂ ਕਰਵਾਇਆ ਗਿਆ। ਇਥੇ ਜ਼ਿਕਰਯੋਗ ਹੈ   ਕਿ ਇਹ ਪਾਣੀ ਵਾਲੀ ਟੈਂਕੀ ਸਾਲ 1966 ਵਿੱਚ ਬਣੀ ਸੀ ਅਤੇ ਪਿਛਲੇ ਲਗਭਗ 10 ਸਾਲ ਤੋਂ ਬੰਦ ਪਈ ਸੀ। ਇਸ ਟੈਂਕੀ ਦੀ ਸਮਰੱਥਾ ਲਗਭਗ 3.75 ਲੱਖ ਲੀਟਰ ਦੀ ਹੈ। ਇਸ ਟੈਂਕੀ ਦੇ ਬੰਦ ਹੋਣ ਕਾਰਨ ਇਹ ਵਰਤੋਂ ਵਿੱਚ ਨਹੀਂ ਸੀ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਗਰਮੀਂ ਦੇ ਮੌਸਮ ਦੌਰਾਨ ਪਾਣੀ ਦੀ ਕਿੱਲਤ ਮਹਿਸੂਸ ਹੁੰਦੀ ਸੀ।ਇਸ ਸਬੰਧ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਵਲੋਂ ਇਸ ਨੂੰ ਠੀਕ ਕਰਵਾ ਕੇ ਵਰਤੋਂ ਵਿੱਚ ਲਿਆਂਉਣ ਲਈ ਕਿਹਾ ਜਾਂਦਾ ਰਿਹਾ ਪ੍ਰੰਤੂ ਕਿਸੇ ਵਲੋਂ ਵੀ ਇਸ ਸਬੰਧੀ ਯਤਨ ਨਹੀਂ ਕੀਤੇ ਗਏ ਪ੍ਰੰਤੂ ਹੁਣ ਇਹ ਮਸਲਾ ਪ੍ਰਧਾਨ ਨਗਰ ਕੌਂਸਲ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਵਲੋਂ ਇਸ ਸਮੱਸਿਆ ਦੇ ਤੁਰੰਤ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ। ਅੱਜ ਉਕਤ ਕੰਮ ਦੇ ਉਦਘਾਟਨ ਸਮੇਂ ਪ੍ਰਧਾਨ ਨਗਰ ਕੌਂਸਲ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਪਾਣੀ ਦੀ ਟੈਂਕੀ ਦੇ ਵਰਤੋਂ ਵਿੱਚ ਆਉਣ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ, ਉੱਥੇ ਹੀ ਗਰਮੀਂ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਆਉਣ ਵਾਲੀ ਕਿੱਲਤ ਤੋਂ ਵੀ ਰਾਹਤ ਮਿਲੇਗੀ। ਸ਼ਹਿਰ ਵਾਸੀਆਂ ਨੂੰ ਸਾਫ-ਸੁਥਰੇ ਅਤੇ ਕਲੋਰੀਨ ਮਿਕਸ ਪਾਣੀ ਦੀ ਹੀ ਸਪਲਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਹੱਲ ਲਈ ਪੁਰਾਣੀ ਦਾਣਾ ਮੰਡੀ ਵਿਖੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਸ਼ੁਰੂ ਕਰਵਾਇਆ ਗਿਆ। ਇਹ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸ਼ਹਿਰ ਦੀਆਂ ਹੋਰ ਵੀ ਕਈ ਥਾਵਾਂ ਤੇ ਬਣਵਾਏ ਜਾਣਗੇ। ਇਸ ਮੌਕੇ ਤੇ ਮੌਜੂਦ ਇਲਾਕਾ ਨਿਵਾਸੀਆਂ ਅਤੇ ਕੌਂਸਲਰਾਂ ਵਲੋਂ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਖੁਸ਼ੀ ਜ਼ਾਹਰ ਕਰਦੇ ਹੋਏ ਨਗਰ ਕੌਂਸਲ ਦਾ ਧੰਨਵਾਦ ਕੀਤਾ ਗਿਆ।
    ਇਸ ਮੌਕੇ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਕੌਂਸਲਰ, ਸ੍ਰੀ ਜਰਨੈਲ ਸਿੰਘ ਲੋਹਟ ਕੌਂਸਲਰ, ਸ੍ਰੀ ਸਤੀਸ਼ ਕੁਮਾਰ ਕੌਂਸਲਰ, ਸ੍ਰੀ ਅੰਕੁਸ਼ ਧੀਰ, ਸ੍ਰੀ ਹਿਮਾਂਸ਼ੂ ਮਲਿਕ ਕੌਂਸਲਰ, ਸ੍ਰੀ ਬੌਬੀ ਕਪੂਰ ਕੌਂਸਲਰ, ਸ੍ਰੀ ਸਤਿੰਦਰਪਾਲ ਸਿੰਘ ਤੱਤਲਾ, ਡਾ: ਇਕਬਾਲ ਸਿੰਘ ਧਾਲੀਵਾਲ, ਸ੍ਰੀ ਸੰਜੀਵ ਕੱਕੜ, ਸ੍ਰੀ ਰਮੇਸ਼ ਕੁਮਾਰ ਸਹੌਤਾ ਕੌਂਸਲਰ, ਸ੍ਰੀ ਦਵਿੰਦਰਜੀਤ ਸਿੰਘ ਸਿੱਧੂ, ਸ੍ਰੀ ਰੌਕੀ ਗੋਇਲ, ਸ੍ਰੀ ਅਮਰਜੀਤ ਸਿੰਘ ਮਾਲਵਾ ਕੌਂਸਲਰ, ਸ੍ਰੀ ਵਿਕਰਮ ਜੱਸੀ ਕੌਂਸਲਰ, ਸ੍ਰੀ ਜਗਮੋਹਨ ਸਿੰਘ, ਕਾਲਾ ਸਾਬਣ ਵਾਲਾ, ਸ੍ਰੀ ਰਾਕੇਸ਼ ਕੱਕੜ ਠੇਕੇਦਾਰ ਅਤੇ ਇਲਾਵਾ ਨਿਵਾਸੀ ਹਾਜਰ ਸਨ।