ਬਰਮਿੰਘਮ, ਜੁਲਾਈ 2019 ( ਗਿਆਨੀ ਅਮਰੀਕ ਸਿੰਘ ਰਾਠੌਰ)- ਸਿੱਖ ਆਰਟਸ ਐਡ ਕਲਚਰਲ ਐਸੋਸੀਏਸ਼ਨ (ਸਾਕਾ) ਵਲੋਂ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਸਾਊਥਾਲ ਤੱਕ ਕਰਵਾਈ ਗਈ । ਜਿਸ 'ਚ ਲਗਭਗ ਸੌ ਸਾਈਕਲ ਚਾਲਕ ਸਵੇਰੇ ਅੱਠ ਵਜੇ ਬਰਮਿੰਘਮ ਦੇ ਸਮੈਦਿਕ ਗੁਰਦੁਆਰਾ ਸਾਹਿਬ ਤੋਂ ਯਾਤਰਾ ਸ਼ੁਰੂ ਕਰਕੇ ਕਵੈਂਟਰੀ, ਡਾਵੈਂਟਰੀ, ਅਤੇ ਮਿਲਟਨ ਕੀਨ ਹੁੰਦੇ ਹੋਏ ਰਾਤ ਨੂੰ ਲੂਟਨ ਪਹੁੰਚੇ, ਰਾਤ ਗੁਰਦੁਆਰਾ ਸਾਹਿਬ ਰੁਕਣ ਤੋਂ ਬਾਅਦ ਅਗਲੇ ਦਿਨ ਸੇਂਟ ਅਲਬਾਨਜ, ਰੈਡਲੈੱਟ, ਐਲਸਟਰੀ ਅਤੇ ਹੈਰੋ ਹੁੰਦੇ ਹੋਏ ਸਾਊਥਾਲ ਪਹੁੰਚੇ । ਸਾਰੇ ਰਾਈਡਰ, ਵੋਲੰਟੀਅਰ, ਪ੍ਰਬੰਧਕ ਬਰਾਡਵੇਅ ਤੇ ਡੀ.ਜੇ. ਲਾ ਕੇ ਭੰਗੜੇ ਪਾਉਂਦੇ ਹੋਏ ਸਾਊਥਾਲ ਪਾਰਕ 'ਚ ਗਏ, ਜਿੱਥੇ ਸਾਰੇ ਚਾਲਕਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਸਾਕਾ ਵਲੋਂ ਬੌਬੀ, ਹਾਰਮੀ, ਪਾਲਾ ਤੇ ਦੇਵ ਨੇ ਦੱਸਿਆ ਕਿ ਇਹ ਰਾਈਡ ਪਿਛਲੇ 35 ਵਰਿ੍ਹਆਂ ਤੋਂ ਲਗਾਤਾਰ ਕਰਵਾਈ ਜਾ ਰਹੀ ਹੈ ਤੇ ਹੁਣ ਤੱਕ ਬੱਚਿਆਂ ਦੀਆਂ ਵੱਖ-ਵੱਖ ਚੈਰਿਟੀਆਂ ਲਈ ਛੇ ਲੱਖ ਤੋਂ ਵੱਧ ਪੌਡ ਇੱਕਠੇ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਬਰਮਿੰਘਮ ਚਿਲਡਰਨ ਹਸਪਤਾਲ ਲਈ ਵੀਹ ਹਜ਼ਾਰ ਪੌਾਡ ਇਕੱਤਰ ਹੋਏ ਸਨ । ਇਸ ਵਾਰ ਦੇ ਦਾਨ ਨਾਲ ਸਾਕਾ ਸਮਾਈਲ ਬੱਸ ਖਰੀਦੀ ਜਾਵੇਗੀ ਜਿਹੜੀ ਕਿ ਅਪਾਹਜਾਂ ਲਈ ਵਰਤੀ ਜਾਵੇਗੀ।ਇਸ ਯਾਤਰਾ 'ਚ ਪੰਜਾਬੀ ਬੋਲੀ ਲਈ ਯੂ.ਕੇ. ਸਰਗਰਮ ਭੂਮਿਕਾ ਨਿਭਾਉਣ ਵਾਲੇ ਬਿੱਟੂ ਖੰਗੂੜਾ ਦੀ ਅਗਵਾਈ 'ਚ ਐਕਟਿਵ ਪੰਜਾਬੀ ਗਰੁੱਪ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।