ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋ ਚੌਂਕੀਮਾਨ ਟੋਲ ਦੇ ਮੁਲਾਜ਼ਮਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਟਰੈਕਟਰ ਸਮੇਤ,ਮੁੰਡਿਆਂਣੀ ਤੇ ਪੰਡੋਰੀ ਪਿੰਡ ਫਰੀ ਕਰਵਾਏ
ਮੁੱਲਾਂਪੁਰ ਦਾਖਾ,20 ਜੂਨ((ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਰਹਿਨੁਮਾਈ ਹੇਠ ਚੱਲੇ ਦੋ ਰੋਜ਼ਾ ਚੌਂਕੀਮਾਨ ਟੋਲ ਜ਼ਬਰ ਕਾਂਡ ਵਿਰੋਧੀ ਹੱਕੀ ਘੋਲ ਦੀ ਅੱਜ ਉਦੋਂ ਵੱਡੀ ਜਿੱਤ  ਹੋਈ ਜਦੋਂ ਜਥੇਬੰਦੀ ਦੇ ਨੁਮਾਇੰਦਿਆਂ  , ਪੁਲੀਸ ਪ੍ਰਸ਼ਾਸਨ ਤੇ ਚੌਕੀਮਾਨ ਟੋਲ ਕੰਪਨੀ ਦੀ ਮੈਨੇਜਮੈਂਟ ਵਿਚਕਾਰ ਡੀ. ਐੱਸ. ਪੀ. ਦਫਤਰ ਮੁੱਲਾਂਪੁਰ ਵਿਖੇ ਨਿੱਗਰ ਸਮਝੌਤਾ ਸਿਰੇ ਚੜ੍ਹ ਗਿਆ ।
ਜਥੇਬੰਦੀ ਦੇ ਵਫਦ ਚ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ,  ਸਕੱਤਰ ਜਸਦੇਵ ਸਿੰਘ ਲਲਤੋਂ, ਖਜ਼ਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ , ਸੁਰਜੀਤ ਸਿੰਘ ਸਵੱਦੀ, ਗੁਰਮੇਲ ਸਿੰਘ ਸਵੱਦੀ ,  ਉਜਾਗਰ ਸਿੰਘ ਬੱਦੋਵਾਲ , ਹਰਦੇਵ ਸਿੰਘ ਮੁੱਲਾਂਪੁਰ ਉਚੇਚੇ ਤੌਰ ਤੇ ਸ਼ਾਮਲ  ਹੋਏ ।  ਪ੍ਰਸ਼ਾਸਨ ਵੱਲੋਂ ਅਗਵਾਈ ਐਸ .ਪੀ. ਹੈੱਡਕੁਆਟਰ ਸ.ਪ੍ਰਿਥੀਪਾਲ ਸਿੰਘ ,  ਡੀ. ਐਸ. ਪੀ .ਮੁਲਾਂਪੁਰ ਦਾਖਾ ਜਤਿੰਦਰਜੀਤ ਸਿੰਘ ਨੇ ਕੀਤੀ  ।  ਟੌਲ ਕੰਪਨੀ ਵੱਲੋਂ ਮੈਨੇਜਰ ਆਯੂਸ਼ ਜੈਪਾਲ ,  ਮਨਦੀਪ ਸਿੰਘ ਆਦਿ ਹਾਜ਼ਰ ਹੋਏ ।
ਲਿਖਤੀ ਸਮਝੌਤੇ ਵਿੱਚ ਪੀਡ਼ਤ ਟਰੈਕਟਰ ਟਰਾਲੀ ਚਾਲਕ ਬਲਵੀਰ ਸਿੰਘ ਦੇ ਗ਼ਰੀਬ ਮਜ਼ਦੂਰ ਪਰਿਵਾਰ ਨੂੰ ਇਲਾਜ ਦੇ ਖਰਚੇ ਸਮੇਤ ਕੁੱਲ ਸਾਢੇ ਪੰਜ ਲੱਖ ਰੁਪਏ ਦਾ ਨਗਦ ਮੁਆਵਜ਼ਾ ਦੇਣਾ  , ਹਮਲਾਵਰ ਗੁੰਡਾ ਮੁਲਾਜ਼ਮਾਂ ਵੱਲੋਂ  ਬਾਕਾਇਦਾ ਲਿਖਤੀ ਮੁਆਫ਼ੀ ਮੰਗਣਾ ਤੇ ਅੱਗੇ ਨੂੰ ਸਹੀ ਮਨੁੱਖੀ ਵਰਤਾਓ ਦਾ  ਯਕੀਨ ਦੁਆਉਣਾ ਟਰੈਕਟਰ ਟਰਾਲੀ ਤੂੜੀ ਵਾਲੀ ਸਮੇਤ ਹਰ ਤਰ੍ਹਾਂ ਦੀ ਟਰਾਲੀ ਨੂੰ ਟੋਲ ਮੁਕਤ ਕਰਵਾਉਣਾ  , ਵਾਜਬ ਦੂਰੀ ਵਾਲੇ ਪਿੰਡ ਪੰਡੋਰੀ ਤੇ ਮੰਡਿਆਣੀ ਨੂੰ ਟੋਲ ਫਰੀ ਸੂਚੀ ਵਿੱਚ ਸ਼ਾਮਲ ਕਰਵਾਉਣਾ  - ਦਰਜ ਕਰਵਾਇਆ ਗਿਆ ।ਦੂਜੇ ਪਾਸੇ ਅੱਜ ਸਵੇਰੇ ਦੱਸ ਵਜੇ ਤੋਂ ਢੱਟ ਸਮੇਤ ਦਰਜਨ ਤੋਂ ਉੱਪਰ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਬੀਬੀਆਂ ਨੇ ਟੋਲ ਦੇ ਕੇਂਦਰ ਵਿਚ ਲੁਧਿਆਣਾ ਫਿਰੋਜ਼ਪੁਰ ਰਾਜਮਾਰਗ ਉਪਰ ਲਗਾਤਾਰ  ਇੱਕ ਵਜੇ ਦੁਪਹਿਰ ਤੱਕ ਵਿਸ਼ਾਲ ਅਤੇ ਰੋਹ ਭਰਪੂਰ ਧਰਨਾ ਲਾਇਆ । ਧਰਨੇ ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ ਨੇ ਕ੍ਰਾਂਤੀਕਾਰੀ ਗਾਇਕੀ ਦਾ ਰੰਗ ਬੰਨ੍ਹਿਆ । ਵੱਖ ਵੱਖ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ , ਕਾਲਾ ਡੱਬ ਮੁੱਲਾਂਪੁਰ,  ਮਨਜਿੰਦਰ ਸਿੰਘ ਮੋਰਕਰੀਮਾ , ਪਵਨਦੀਪ ਸਿੰਘ ਕੁਲਾਰ ,ਜਥੇਦਾਰ ਗੁਰਮੇਲ ਸਿੰਘ ਢੱਟ , ਅਜੀਤ ਸਿੰਘ ਕੁਲਾਰ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ  ਉਚੇਚੇ ਤੌਰ ਤੇ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਇਲਾਕੇ ਦੇ  ਨਗਰਾਂ ਦੇ ਲੋਕਾਂ ਦਾ ਭਰਪੂਰ ਸਮਰਥਨ ਏਕੇ ਤੇ ਸੰਘਰਸ਼ ਨਾਲ  ਹੋਈ ਹੱਕੀ ਮਿਸਾਲੀ ਤੇ ਵਿਲੱਖਣ ਜਿੱਤ ਲਈ ਸਮੂਹ ਮੋਰਚਾਕਾਰੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ  ਏਕਤਾ ਸੰਘਰਸ਼ ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਗਰਾਮੀ ਸੱਦਾ ਦਿੱਤਾ । ਅੱਗੇ ਵਾਸਤੇ ਹਰ ਤਰ੍ਹਾਂ ਦੀ ਲੁੱਟ ਤੇ ਜਬਰ ਵਿਰੁੱਧ ਮੈਦਾਨ ਚ ਯੋਧੇ ਬਣ ਕੇ ਜੂਝਣ ਲਈ ਚੌਕਸ ਤੇ ਤਿਆਰ ਬਰ ਤਿਆਰ ਰਹਿਣ ਦਾ ਹੋਕਾ ਬੁਲੰਦ ਕੀਤਾ । ਸਮੂਹ ਸੰਘਰਸ਼ਕਾਰੀਆਂ ਨੇ ਹੱਥ ਖਡ਼੍ਹੇ ਕਰਕੇ ਸ਼ਾਨਦਾਰ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਤੇ ਵਰਕਰ ਗੁਰਸੇਵਕ ਸਿੰਘ ਸੋਨੀ ਸਵੱਦੀ,  ਦਰਸ਼ਨ ਸਿੰਘ ਗੂੜ੍ਹੇ , ਤਜਿੰਦਰ ਸਿੰਘ ਵਿਰਕ ਡਾ ਗੁਰਮੇਲ ਸਿੰਘ ਕੁਲਾਰ ਅਮਰ ਸਿੰਘ ਖੰਜਰਵਾਲ ਅਵਤਾਰ ਸਿੰਘ ਤਲਵੰਡੀ , ਨਿਰਭੈ ਸਿੰਘ ਤਲਵੰਡੀ  ,ਚਰਨ ਸਿੰਘ ਤਲਵੰਡੀ, ਮਲਕੀਅਤ ਸਿੰਘ ਬੱਦੋਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।