You are here

ਸੂਚਨਾ ਦਾ ਅਧਿਕਾਰ ਐਕਟ ਲੋਕਤੰਤਰ ਵਿੱਚ ਲੋਕਾਂ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਜ਼ਰੀਆ-ਜ਼ਿਲਾ ਮਾਲ ਅਫ਼ਸਰ

ਸੂਚਨਾ ਦਾ ਅਧਿਕਾਰ ਐਕਟ ਸੰਬੰਧੀ ਤਿੰਨ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )- ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਸਿਖ਼ਲਾਈ ਦੇਣ ਦੇ ਮੰਤਵ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਕੀ ਸੰਸਥਾ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਤਿੰਨ ਰੋਜ਼ਾ ਪ੍ਰੋਗਰਾਮ ਅੱਜ ਸਥਾਨਕ ਬਚਤ ਭਵਨ ਵਿਖੇ ਸ਼ੁਰੂ ਹੋਇਆ। ਪਹਿਲੇ ਦਿਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਸਮੇਤ 30 ਅਧਿਕਾਰੀਆਂ ਨੇ ਭਾਗ ਲਿਆ। ਇਹ ਸਿਖ਼ਲਾਈ ਪ੍ਰੋਗਰਾਮ ਪ੍ਰਸੋਨਲ ਅਤੇ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ ਤਾਂ ਜੋ ਇਸ ਐਕਟ ਨਾਲ ਜੁੜੇ ਅਧਿਕਾਰੀਆਂ ਨੂੰ ਐਕਟ ਵਿੱਚ ਸਮੇਂ-ਸਮੇਂ ਹੁੰਦੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਸਿਖ਼ਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜ਼ਿਲਾ ਮਾਲ ਅਫ਼ਸਰ  ਪ੍ਰਦੀਪ ਸਿੰਘ ਬੈਂਸ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਨੂੰ ਮਜ਼ਬੂਤ ਕਰਨ ਲਈ ਸੂਚਨਾ ਦਾ ਅਧਿਕਾਰ ਐਕਟ-2005 ਇੱਕ ਮਹੱਤਵਪੂਰਨ ਜ਼ਰੀਆ ਹੈ। ਇਸ ਤੋਂ ਇਲਾਵਾ ਇਸ ਐਕਟ ਨਾਲ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਿਕਸਤ ਹੁੰਦੀ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਤਿੰਨ ਰੋਜ਼ਾ ਸਿਖ਼ਲਾਈ ਦਾ ਪੂਰਾ ਲਾਭ ਲੈਣ ਤਾਂ ਜੋ ਇਸ ਐਕਟ ਨੂੰ ਜ਼ਿਲਾ ਲੁਧਿਆਣਾ ਵਿੱਚ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਉਨਾਂ ਇਸ ਉੱਦਮ ਲਈ ਮੈਗਸੀਪਾ ਦਾ ਵੀ ਧੰਨਵਾਦ ਕੀਤਾ। ਸਿਖ਼ਲਾਈ ਦੌਰਾਨ ਇਸ ਐਕਟ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਮੈਗਸੀਪਾ ਦੇ ਕੋਆਰਡੀਨੇਟਰ (ਆਰ. ਟੀ. ਆਈ.) ਜਰਨੈਲ ਸਿੰਘ ਨੇ ਦੱਸਿਆ ਕਿ ਮੈਗਸੀਪਾ ਵੱਲੋਂ ਅਜਿਹੇ ਸਿਖ਼ਲਾਈ ਪ੍ਰੋਗਰਾਮ ਸੂਬੇ ਦੇ ਹਰੇਕ ਜ਼ਿਲਾ ਹੈੱਡਕੁਆਰਟਰ 'ਤੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਐਕਟ ਦੀਆਂ ਬਾਰੀਕੀਆਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਸਕੇ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਹਰੇਕ ਸਾਲ ਸੂਬੇ ਵਿੱਚ 300 ਤੋਂ ਵਧੇਰੇ ਅਜਿਹੇ ਸਿਖ਼ਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨਾਂ ਵਿੱਚ ਸੂਚਨਾ ਦਾ ਅਧਿਕਾਰ ਐਕਟ, ਸਵਓਤਮ, ਦਫ਼ਤਰੀ ਕਾਰਵਾਈਆਂ, ਸਿਵਲ ਸਰਵਿਸਿਜ਼ ਰੂਲਜ਼, ਵਿੱਤ ਪ੍ਰਬੰਧਨ, ਸਾਫ਼ਟ ਸਕਿੱਲਜ਼ ਆਦਿ ਵਿਸ਼ਿਆਂ ਬਾਰੇ ਸਿਖ਼ਲਾਈ ਦਿੱਤੀ ਜਾਂਦੀ ਹੈ। ਇਨਾਂ ਸਿਖ਼ਲਾਈ ਪ੍ਰੋਗਰਾਮਾਂ ਦੌਰਾਨ ਸੰਬੰਧਤ ਵਿਸ਼ਾ ਮਾਹਿਰਾਂ ਵੱਲੋਂ ਸਿਖ਼ਲਾਈ ਦਿੱਤੀ ਜਾਂਦੀ ਹੈ। ਸਿਖ਼ਲਾਈ ਪ੍ਰੋਗਰਾਮ ਦੌਰਾਨ ਵਿਸ਼ਾ-ਮਾਹਿਰ ਸ਼੍ਰੀ ਡੀ.ਸੀ. ਗੁਪਤਾ, ਆਈ.ਡੀ.ਏ.ਐੱਸ. (ਰਿਟਾ.)  ਅਤੇ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਐੱਸ. ਕੇ. ਡੋਗਰਾ ਵੱਲੋਂ ਲੈਕਚਰ ਦਿੱਤੇ ਗਏ। ਮੈਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਰਜੀਤ ਸਿੰਘ ਸੋਢੀ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਹੋਰ ਹਾਜ਼ਰ ਸਨ।