ਪੰਜਾਬ 'ਚ  ਪਿਛਲੇ 24 ਘੰਟਿਆਂ ਦੁਰਾਨ 36 ਦੀ ਮੌਤ, 1233 ਨਵੇਂ ਕੇਸ

ਚੰਡੀਗੜ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸੂਬੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਿਚ ਐਤਵਾਰ ਨੂੰ ਕੁਝ ਕਮੀ ਆਈ ਹੈ। ਹਾਲਾਂਕਿ ਮਰਨ ਵਾਲਿਆਂ ਦਾ ਅੰਕੜਾ ਪਹਿਲਾਂ ਦੀ ਤਰ੍ਹਾਂ ਵੱਧ ਰਿਹਾ ਹੈ। ਐਤਵਾਰ ਨੂੰ 1233 ਲੋਕ ਇਨਫੈਕਟਿਡ ਪਾਏ ਗਏ ਅਤੇ 36 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸਦੇ ਨਾਲ ਹੀ ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 41,295 ਅਤੇ ਮੌਤਾਂ ਦਾ ਅੰਕੜਾ 1091 ਹੋ ਗਿਆ ਹੈ। ਐਤਵਾਰ ਨੂੰ ਵੀ ਲੁਧਿਆਣਾ ਵਿਚ ਹੀ ਸਭ ਤੋਂ ਜ਼ਿਆਦਾ 242 ਲੋਕ ਪਾਜ਼ੇਟਿਵ ਪਾਏ ਗਏ ਹਨ, ਜਦਕਿ ਨੌਂ ਲੋਕਾਂ ਦੀ ਮੌਤ ਵੀ ਦਰਜ ਹੋਈ ਹੈ। ਇਸ ਤੋਂ ਇਲਾਵਾ ਪਟਿਆਲਾ ਵਿਚ ਵੀ 188 ਲੋਕ ਇਨਫੈਕਟਿਡ ਅਤੇ ਨੌਂ ਲੋਕਾਂ ਦੀ ਮੌਤ ਹੋਈ ਹੈ। ਮੋਹਾਲੀ ਵਿਚ ਵੀ ਹੁਣ ਤਕ ਦੇ ਸਭ ਤੋਂ ਜ਼ਿਆਦਾ 141 ਮਰੀਜ਼ ਐਤਵਾਰ ਨੂੰ ਪਾਜ਼ੇਟਿਵ ਪਾਏ ਗਏ ਹਨ। ਇੱਥੇ ਚਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਦੂਜੇ ਪਾਸੇ, ਜਲੰਧਰ ਵਿਚ ਐਤਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਇੱਥੇ 70 ਲੋਕ ਪਾਜ਼ੇਟਿਵ ਅਤੇ ਤਿੰਨ ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਨਫੈਕਟਿਡਾਂ ਵਿਚ ਅਜਨਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਕਾਲਜ ਆਫ ਬੇਸਿਕ ਸਾਇੰਸ ਅਤੇ ਹਿਊਮੈਨੀਟੀਜ਼ ਦੇ ਡਿਪਾਰਟਮੈਂਟ ਆਫ ਮਾਈਕ੍ਰੋਬਾਇਓਲੌਜੀ ਵਿਚ ਕਾਰਜਸ਼ੀਲ ਸੀਨੀਅਰ ਵਿਗਿਆਨੀ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ। ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਕਿਹਾ ਹੈ ਕਿ ਕੋਰੋਨਾ ਕੇਸ ਆਉਣ ਦੀ ਵਜ੍ਹਾ ਨਾਲ ਕਾਲਜ ਦੀ ਬਿਲਡਿੰਗ ਵਿਚ ਪੈਂਦੇ ਡਿਪਾਰਟਮੈਂਟ ਆਫ ਕੈਮਿਸਟਰੀ, ਬਾਇਓ-ਕੈਮਿਸਟਰੀ, ਮਾਈਕ੍ਰੋਬਾਇਓਲੌਜੀ, ਜ਼ੂਲੌਜੀ, ਬੌਟਨੀ ਅਤੇ ਮੈਥ 28 ਅਗਸਤ ਤਕ ਬੰਦ ਰਹਿਣਗੇ। ਡੀਨ ਦਫ਼ਤਰ ਵੀ ਬੰਦ ਰਹੇਗਾ। ਇਸ ਦੌਰਾਨ ਫੈਕਲਟੀ ਅਤੇ ਸਟਾਫ ਵਰਕ ਫਰਾਮ ਹੋਮ ਕਰਨਗੇ।