You are here

ਪ੍ਰੋ.ਅਜਮੇਰ ਔਲਖ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਜਨਮ ਤੇ ਪਰਿਵਾਰ:-
ਨਾਟਕਕਾਰ ਅਜਮੇਰ ਔਲਖ਼ ਦਾ ਜਨਮ 19 ਅਗਸਤ ਸੰਨ 1942 ਈਸਵੀ ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂ ਸ. ਕੌਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭੜਵਾਲ ਛੱਡ ਕੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਿਖੇ ਆ ਵਸਿਆ।
ਪ੍ਰੋ. ਅਜਮੇਰ ਔਲਖ ਦਾ ਵਿਆਹ ਮਨਜੀਤ ਕੌਰ ਨਾਲ਼ ਹੋਇਆ। ਜੋ ਕਿ ਕਿੱਤੇ ਪੱਖੋਂ ਅਧਿਆਪਕਾ ਸਨ। ਉਨ੍ਹਾਂ ਦੇ ਘਰ ਸੁਪਨਦੀਪ ਕੌਰ, ਸੁਹਜਪ੍ਰੀਤ ਕੌਰ ਅਤੇ ਅਮਨਜੀਤ ਕੌਰ, ਤਿੰਨ ਲੜਕੀਆਂ ਪੈਦਾ ਹੋਈਆਂ।
ਪੜ੍ਹਾਈ ਤੇ ਨੌਕਰੀ:-  
ਪ੍ਰੋ. ਔਲਖ਼ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਸੰਨ 1952 ਵਿੱਚ ਕੀਤੀ। ਦਸਵੀਂ ਦੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਤੋਂ 5-6 ਕਿਲੋਮੀਟਰ ਦੂਰ ਕਸਬਾ ਭੀਖੀ ਤੋਂ ਕਰਨ ਉਪਰੰਤ ਚਿੱਠੀ ਪੱਤਰ ਰਾਹੀਂ ਬੀ.ਏ. ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ ਦੀ ਪੜ੍ਹਾਈ ਕੀਤੀ।
ਪ੍ਰੋ. ਅਜਮੇਰ ਔਲਖ਼ ਨੇ 28 ਅਗਸਤ 1965 ਤੋਂ ਸੰਨ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ ਦੀ ਨੌਕਰੀ ਕੀਤੀ। ਉਥੇ ਹੀ ਪ੍ਰੋ. ਔਲਖ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਵੀ ਅਦਾਕਾਰ ਬਣਾਇਆ। ਪ੍ਰੋ. ਔਲਖ ਨੇ ਇੱਥੇ ਰਹਿੰਦਿਆਂ ਹੀ 1976 ਵਿੱਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ।
ਸਾਹਿਤਕ ਸਫ਼ਰ:-
ਪ੍ਰੋ ਔਲਖ ਆਪਣੀ ਸਾਹਿਤਕ ਸਵੈਜੀਵਨੀ ‘ਮੇਰੀ ਨਾਟ-ਯਾਤਰਾ’ ਵਿਚ ਲਿਖਦਾ ਹੈ ਕਿ ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਤਕ ਦੇ ਸਾਹਿਤਕ ਸਫ਼ਰ ਉਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ‘ਮਹਿਜ਼ ਇਕ ਇਤਫ਼ਾਕ’ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰ੍ਹਿਆਂ ਤਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਾਹਿਤ-ਜਗਤ ਵਿਚ ਮੇਰੀ ਪਛਾਣ ‘ਇੱਕ ਨਾਟਕਕਾਰ’ ਦੇ ਰੂਪ ਵਿਚ ਹੋਵੇਗੀ। ਮੈਂ ਪਹਿਲਾਂ ਕਵਿਤਾ/ਗੀਤ ਲਿਖਣੇ ਸ਼ੁਰੂ ਕੀਤੇ ਸਨ। ਜਦ ਮੈ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ-ਗੁਣਾਉਂਦਿਆਂ ਕਾਗਜ਼ਾਂ ਉਤੇ ਉਤਾਰਨ ਲੱਗ ਪਿਆ। ਮੈਂ ਆਪਣੀ ਪਹਿਲੀ ਸਾਹਿਤਕ ਰਚਨਾ ਕਦੋਂ ਤੇ ਕਿੰਨੀ ਉਮਰ ਵਿਚ ਕੀਤੀ ਇਸ ਬਾਰੇ ਮੈਨੂੰ ਕੁਝ ਪੱਕਾ ਯਾਦ ਨਹੀਂ। ਜਿਥੋਂ ਤਕ ਮੈਨੂੰ ਯਾਦ ਹੈ, ਮੈਂ ਐਨੀ ਕੁ ਗੱਲ ਪੱਕੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੈਂ 8-10 ਸਾਲ ਦੀ ਉਮਰ ਵਿਚ ਕੁਝ ਨਾ ਕੁਝ ਤੁਕਬੰਦੀ ਕਰ ਕੇ ਉਸ ਨੂੰ ਗਾਉਣ ਲੱਗ ਪਿਆ ਸੀ...।
ਜਿਵੇਂ ਅਸੀਂ ਪ੍ਰੋ.ਅਜਮੇਰ ਔਲਖ਼ ਦੇ ਸਵੈ ਕਥਨ ਤੋਂ ਜਾਣਿਆ ਕਿ ਉਹਨਾਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਵਿਤਾ ਤੇ ਗੀਤ ਸਾਹਿਤ ਰੂਪਾਂ ਨਾਲ਼ ਹੋਈ ਸੀ। ਇਸ ਤੋਂ ਇਲਾਵਾ ਉਹਨਾਂ ਦਾ ਦਸਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ 'ਜਗੀਰਦਾਰ' ਲਿਖਣ ਦਾ ਵੇਰਵਾ ਵੀ ਮਿਲ਼ਦਾ ਹੈ। ਕਵਿਤਾ,ਗੀਤ,ਨਾਵਲ ਤੋਂ ਬਿਨਾਂ ਕਹਾਣੀ ਸਾਹਿਤ ਰੂਪ ਤੇ ਵੀ ਉਹਨਾਂ ਨੇ ਆਪਣੀ ਕਲਮ ਅਜ਼ਮਾਈ ਸੀ।
ਕਾਲਜ ਵਿੱਚ ਸੱਭਿਆਚਾਰਕ ਸਰਗ਼ਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਸੰਨ 1960-70 ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕਾਂ ਦੀ ਤਿਆਰੀ ਕਰਵਾਉਂਦਿਆਂ-ਕਰਵਾਉਂਦਿਆਂ ਪ੍ਰੋ. ਔਲਖ ਦਾ ਰੁਝਾਨ ਨਾਟਕ ਲਿਖਣ ’ਤੇ ਕਰਵਾਉਣ ਵੱਲ ਹੀ ਹੋ ਗਿਆ।
ਉਹ ਸਾਰੀ ਜ਼ਿੰਦਗੀ ਆਪਣੇ ਸਾਹਿਤਕ ਸਫ਼ਰ ਵਿੱਚ ਇੱਕ ਵਗਦੇ ਦਰਿਆ ਵਾਂਗ ਵਗਦੇ ਰਹੇ। ਉਹਨਾਂ ਦੇ ਪੂਰੇ ਨਾਟਕਾਂ ਦਾ ਵੇਰਵਾ:- ਸੱਤ ਬਿਗਾਨੇ, ਕਿਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਵਾਨ, ਝਨਾਂ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ, ਭੱਜੀਆਂ ਬਾਹਾਂ ਤੇ ਨਿਉਂ ਜੜ੍ਹ।
ਇਕਾਂਗੀ ਨਾਟਕਾਂ ਦਾ ਵੇਰਵਾ:- ਬਾਲ ਨਾਥ ਦੇ ਟਿੱਲੇ `ਤੇ, ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ, ਜਦੋਂ ਬੋਹਲ ਰੋਂਦੇ ਹਨ, ਅੰਨ੍ਹੇ ਨਿਸ਼ਾਨਚੀ, ਸਿੱਧਾ ਰਾਹ ਵਿੰਗਾ ਰਾਹ, ਢਾਂਡਾ, ਐਸੇ ਰਚਿਉ ਖਾਲਸਾ, ਆਪਣਾ-ਆਪਣਾ ਹਿੱਸਾ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ, ਹਰਿਉ ਬੂਟ, ਅੰਨ੍ਹੇਰ-ਕੋਠੜੀ ਤੇ ਹਾਏ ਨੀ ਮਨਮੀਤ ਕੁਰੇ।
ਲਘੂ ਨਾਟਕਾਂ ਦਾ ਵੇਰਵਾ:- ਅਰਬਦ ਨਰਬਦ ਧੁੰਦੂਕਾਰਾ, ਬਿਗਾਨੇ ਬੋਹੜ ਦੀ ਛਾਂ, ਸੁੱਕੀ ਕੁੱਖ, ਇੱਕ ਰਮਾਇਣ ਹੋਰ, ਭੱਠ ਖੇੜਿਆਂ ਦਾ ਰਹਿਣਾ, ਗਾਨੀ, ਤੇੜਾਂ, ਲੋਹੇ ਦਾ ਪੁੱਤ, ਐਇੰ ਨੀ ਹੁਣ ਸਰਨਾ, ਉਂਈ-ਮੂੰਈਂ ਦਾ ਕੁਸ ਨੀ ਹੁੰਦਾ, ਕਉਲ਼ੇ ਉੱਤੇ ਰੱਖਿਆ ਕੌਲਾ, ਚੱਲ ਵੀਰਨਾ ਵੇ ਉਥੇ ਚੱਲੀਏ, ਬੰਦ ਬੂਹਿਆਂ ਵਾਲੀ ਹਵੇਲੀ ਤੇ ਪੱਪੂ ਦੀ ਪੈਂਟ ਆਦਿ।
ਪ੍ਰੋ. ਔਲਖ ਨੇ ਅਜਿਹੇ ਅਨੇਕਾਂ ਹੀ ਖ਼ੂਬਸੂਰਤ ਪੂਰੇ ਨਾਟਕ/ਇਕਾਂਗੀ ਨਾਟਕ/ਲਘੂ ਨਾਟਕ ਲਿਖੇ ਅਤੇ ਬਹੁਤ ਹੀ ਸਫ਼ਲਤਾ ਨਾਲ ਉਨ੍ਹਾਂ ਦਾ ਮੰਚਨ ਵੀ ਕੀਤਾ। ਇਸ ਤੋਂ ਇਲਾਵਾ ਪ੍ਰੋ. ਔਲਖ ਨੇ ਹੋਰਨਾਂ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਵੀ ਦਿੱਤਾ ਸੀ।
ਆਪਣੇ ਸਾਹਿਤਕ ਸਫ਼ਰ ਵਿੱਚ ਉਹਨਾਂ ਨੇ ਆਪਣੀ ਸਵੈਜੀਵਨੀ ਦਾ ਨਾਂ ‘ਨੰਗਾ ਢਿੱਡ’ ਵੀ ਚਿਤਵਿਆ ਸੀ ਜਿਸ ਦੇ ਕੁਝ ਕੁ ਕਾਂਡ ਲਿਖੇ ਗਏ ਸੀ ਜੋ ਕਿ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਵਿਚ ਛਪੇ ਹਨ।
ਵੱਖ-ਵੱਖ ਵਿਦਵਾਨਾਂ ਦੇ ਪ੍ਰੋ ਔਲਖ ਤੇ ਉਸਦੀ ਨਾਟ ਕਲਾ ਬਾਰੇ ਵਿਚਾਰ:-
ਪ੍ਰੋਫੈਸਰ ਗੁਰਦਿਆਲ ਸਿੰਘ:- ‘ਹੁਣ ਤੱਕ ਔਲਖ ਨੇ ਜਿੰਨੇ ਵੀ ਨਾਟਕ ਲਿਖੇ ਹਨ ਉਨ੍ਹਾਂ ਦੀ ਤਿੱਖੀ ਤੇ ਪ੍ਰਭਾਵਸ਼ਾਲੀ ਹੋਣ ਦਾ ਮੂਲ ਕਾਰਨ ਉਹਦੇ ਜੀਵਨ ਅਨੁਭਵ ਦੀ ਪ੍ਰਪੱਕਤਾ ਹੈ ਤੇ ਉਹਨੇ ਹੌਲੀ-ਹੌਲੀ ਨਾਟਕਕਾਰ ਦੇ ਤੌਰ ਤੇ ਆਪਣੀ ਵੱਖਰੀ ਥਾਂ ਬਣਾ ਲਈ ਹੈ।
ਭਾਅ ਜੀ ਗੁਰਸ਼ਰਨ ਸਿੰਘ:- ‘ਬਿਗਾਨੇ ਬੋਹੜ ਦੀ ਛਾਂ’ ਔਲਖ ਦਾ ਸਾਰਿਆਂ ਨਾਟਕਾਂ ਨਾਲੋਂ ਮਕਬੂਲ ਨਾਟਕ ਹੈ ਪਰ ਮੇਰੀ ਨਜ਼ਰ ਵਿੱਚ ‘ਬਹਿਕਦਾ ਰੋਹ’ ਉਸਦੀ ਸ਼ਾਹਕਾਰ ਰਚਨਾ ਹੈ।
ਰੰਗਕਰਮੀ ਸਾਹਿਬ ਸਿੰਘ:-ਅਜਮੇਰ ਔਲਖ ਸਮਾਜ ਅੰਦਰ ਵਾਪਰ ਰਹੇ ਕਿਸੇ ਅਣਮਨੁੱਖੀ ਵਰਤਾਰੇ ਨੂੰ ਪਹਿਲਾਂ ਆਪਣੇ ਤਜਰਬੇ 'ਚੋਂ ਨਿਕਲੀ ਕਿਸੇ ਘਟਨਾ ਜਾਂ ਪਾਤਰ ਨਾਲ ਜੋੜਦਾ, ਫਿਰ ਇਸ ਨੂੰ ਨਵਿਆਉੰਦਾ ਤੇ ਫੇਰ ਸਮੇਂ ਦਾ ਹਾਣੀ ਬਣਾ ਕੇ ਪੇਸ਼ ਕਰਦਾ। "ਝਨਾਂ ਦੇ ਪਾਣੀ", " ਸੱਤ ਬਿਗਾਨੇ", ਬਿਗਾਨੇ ਬੋਹੜ ਦੀ ਛਾਂ" ਆਦਿ ਨਾਟਕ ਇਸ ਦੀ ਪ੍ਰਤੱਖ ਉਦਾਹਰਨ ਹਨ।
ਲੇਖਕ ਗੁਰਬਚਨ ਸਿੰਘ ਭੁੱਲਰ:- ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿੱਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿੱਚ ਲੜਿਆ।
ਸ਼ਾਇਰ ਡਾ. ਸੁਰਜੀਤ ਪਾਤਰ:- ਭਾਅ ਜੀ ਗੁਰ਼ਸ਼ਰਨ ਸਿੰਘ ਦੀ ਸੂਹੀ ਲਾਟ ਦੇ ਵਾਰਸ, ਪਿੰਡਾਂ ਦੇ ਲੋਕਾਂ ਦੇ ਦਿਲਾਂ ਦਾ ਦਰਦ ਪਛਾਨਣ ਵਾਲੇ ਅਜਮੇਰ ਸਿੰਘ ਔਲਖ ਹੀ ਸਨ। ਮੈਂ ਕਦੀ ਲਿਖਿਆ ਸੀ ਕਿ-
"ਏਸ ਤਪਦੇ ਥਲ ਵਿੱਚ, ਦੂਸਰਾ ਕਿਹੜਾ ਖਲੋਵੇਗਾ।
ਏਸੇ ਹੀ ਥਲ 'ਚੋਂ ਉੱਗਿਆ ਕੋਈ ਰੁੱਖ ਹੋਵੇਗਾ"।
ਸੋ, ਏਸ ਲਈ ਔਲਖ ਇਸ ਧਰਤੀ 'ਚੋਂ ਉੱਗਿਆ ਰੁੱਖ, ਜਿਸਨੇ ਉਹ ਦੁੱਖ ਦੇਖੇ, ਉਹ ਪੀੜਾਂ ਦੇਖੀਆਂ।
ਪ੍ਰੋ. ਔਲਖ ਆਪਣੇ ਨਾਟਕਾਂ ਬਾਰੇ ਕਹਿੰਦਾ ਹੁੰਦਾ ਸੀ- ਮੇਰੇ ਨਾਟਕਾਂ ਵਿੱਚ ਮੇਰੇ ਆਪਣੇ ਹੀ ਰੰਗਮੰਚ ਉਤੇ ਪੇਸ਼ ਹੁੰਦੇ ਦਿਸਦੇ ਹਨ। ਉਹ ਲੜਦੇ-ਝਗੜਦੇ ਹਨ, ਰੋਂਦੇ-ਕਰਲਾਉਂਦੇ ਹਨ, ਰੁਸਦੇ-ਮੰਨਦੇ ਹਨ ਤੇ ਲੁੱਟੇ-ਖੋਹੇ ਜਾਂਦੇ ਮਰਦੇ-ਖਪਦੇ ਹਨ। ਮੈਂ ਆਪਣੇ ਨਾਟਕਾਂ ਵਿਚ ਆਪਣਿਆਂ ਦਾ ਹੀ ਢਿੱਡ ਨੰਗਾ ਕੀਤਾ ਹੈ।
ਮਾਣ ਸਨਮਾਨ:-
ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ ਈਸ਼ਵਰ ਚੰਦਰ ਪੁਰਸਕਾਰ, ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਬਿਹਤਰੀਨ ਸਾਹਿਤਕਾਰ ਦਾ ਸਨਮਾਨ,ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਇਨਾਮ,ਫੁੱਲ ਮੈਮੋਰੀਅਲ ਟਰੱਸਟ ਵੱਲੋਂ 1997 ਵਿੱਚ ਗੁਰਦਿਆਲ ਸਿੰਘ ਫੁੱਲ ਇਨਾਮ,
ਲੋਕ ਸੱਭਿਆਚਾਰਿਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ,ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ 1999 ਪੰਜਾਬੀ ਬੋਲੀ ਸੇਵਾ ਇਨਾਮ,ਪੰਜਾਬੀ ਕਲਾ ਕੇਂਦਰ ਬੰਬਈ ਚੰਡੀਗੜ੍ਹ ਵੱਲੋਂ 2000 ਬਲਰਾਜ ਸਾਹਨੀ ਯਾਦਗਾਰੀ ਇਨਾਮ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2000 ਵਿੱਚ ਜੀਵਨ ਗੌਰਵ ਸਨਮਾਨ, ਸੰਨ 2000 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ।
ਸੰਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ, ਭਾਰਤੀ ਸਾਹਿਤ ਅਕਾਦਮੀ ਨੇ 2006 ਵਿੱਚ ਇਕਾਂਗੀ ਸੰਗ੍ਰਹਿ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ' ਲਈ ਪੁਰਸਕਾਰ, ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਆਪਣੇ ਕਰ-ਕਮਲਾਂ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫ਼ਲਾ ਵੱਲੋਂ 1 ਮਾਰਚ 2015 ਨੂੰ ਪ੍ਰੋ. ਔਲਖ ਨੂੰ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ 'ਭਾਈ ਲਾਲੋ ਕਲਾ ਸਨਮਾਨ' ਦੇ ਕੇ ਵੱਡਾ ਮਾਣ ਬਖ਼ਸ਼ਿਆ।
ਪ੍ਰੋ. ਅਜਮੇਰ ਔਲਖ ਨੂੰ ਉਹਨਾਂ ਦੀ ਨਾਟਕ ਕਲਾ ਤੋਂ ਸਮਝਦਿਆਂ, ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹੀ ਹੈ ਕਿ ਪ੍ਰੋ.ਔਲਖ ਨੇ ਆਪਣੇ ਨਾਟਕਾਂ ਵਿੱਚ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਪੇਂਡੂ ਮੁਹਾਵਰੇ ਰਾਹੀਂ ਰੰਗਮੰਚ 'ਤੇ ਲਿਆਂਦਾ ਹੈ। ਨਾਟਕਾਂ ਵਿੱਚ ਪੇਂਡੂ ਮੁਹਾਵਰੇ ਦੀ ਵਰਤੋਂ ਕਰਨ ਦਾ ਹੁਨਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰੋ ਅਜਮੇਰ ਔਲਖ ਦੇ ਹਿੱਸੇ ਹੀ ਆਇਆ। ਪ੍ਰੋ. ਔਲਖ ਦੇ ਨਾਟਕਾਂ ਦੀ ਬੋਲੀ ਆਮ ਲੋਕਾਂ ਦੀ ਬੋਲੀ ਸੀ, ਬੇਸ਼ੱਕ ਕੁੱਝ ਵਿਦਵਾਨ ਉਹਦੇ ਨਾਟਕਾਂ ਦੀ ਭਾਸ਼ਾ ਤੇ ਇਤਰਾਜ਼ ਵੀ ਜਤਾਉਂਦੇ ਹਨ ਪਰ ਉਹ ਆਪਣੇ ਮਾਲਵੇ ਦੇ ਪਿੰਡਾਂ ਦੀ ਆਵਾਜ਼ ਬਣਕੇ ਹੀ ਆਖਰੀ ਸਾਹ ਤੱਕ ਜਿਉਂਦਾ ਰਿਹਾ। ਉਹਦੇ ਪੇਂਡੂ ਪਾਤਰਾਂ ਦੇ ਬੋਲ ਉਹਦੀ ਮਲਵਈ ਬੋਲੀ ਕਰਕੇ ਸਿੱਧੇ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਪ੍ਰਭਾਵ ਪਾਉਂਦੇ ਹਨ।
ਉਹਦੇ ਨਾਟਕਾਂ ਨੂੰ ਪੇਂਡੂ ਲੋਕਾਂ ਨੇ ਆਪਣੇ ਹੋਣ ਦਾ ਮਾਣ ਵੀ ਖ਼ੂਬ ਦਿੱਤਾ। ਉਹਨਾਂ ਦੇ ਲਿਖੇ ਹਰੇਕ ਨਾਟਕ ਨੂੰ ਦੇਖਣ ਵਾਲਿਆਂ ਦਾ ਆਪਣਾ ਵਿਸ਼ਾਲ ਦਾਇਰਾ ਰਿਹਾ।
2008 ਤੋਂ ਕੈੰਸਰ ਦੀ ਨਾਮੁਰਾਦ ਬਿਮਾਰੀ ਨਾਲ਼ ਪ੍ਰੋ. ਔਲਖ ਜੂਝਦੇ ਆਪਣੀ ਜ਼ਿੰਦਗੀ ਨੂੰ 2017 ਤੱਕ ਤਾਂ ਲੈ ਆਏ ਪਰ 15 ਜੂਨ 2017 ਦਾ ਦਿਨ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿੱਬੜਿਆ। ਪ੍ਰੋ. ਔਲਖ ਦੀ ਕਲਾ ਨੂੰ ਚਾਹੁਣ ਵਾਲ਼ੇ ਅੱਜ ਵੀ ਉਹਨਾਂ ਨੂੰ ਸੱਤ ਬਿਗਾਨੇ ਵਾਲ਼ਾ ਔਲਖ, ਬਿਗਾਨੇ ਬੋਹੜ ਦੀ ਛਾਂ ਵਾਲ਼ਾ ਔਲਖ, ਭੱਜੀਆਂ ਬਾਹਾਂ ਵਾਲ਼ਾ ਔਲਖ, ਅੰਨ੍ਹੇ ਨਿਸ਼ਾਨਚੀ ਵਾਲ਼ਾ ਔਲਖ,ਲੋਕ ਕਲਾ ਮੰਚ ਵਾਲ਼ਾ ਔਲਖ, ਮਾਨਸੇ ਦਾ ਪ੍ਰੋ. ਔਲਖ ਆਦਿ ਵੱਖੋ-ਵੱਖ ਆਪੋ-ਆਪਣੇ ਵੱਲੋਂ ਦਿੱਤੇ ਮਹੁਬੱਤੀ ਨਾਂਵਾਂ ਨਾਲ਼ ਯਾਦ ਕਰਦੇ ਹਨ‌। ਪ੍ਰੋ. ਅਜਮੇਰ ਔਲਖ ਸੱਚਮੁੱਚ ਭਾਜੀ ਗੁਰਸ਼ਰਨ ਸਿੰਘ ਦੇ ਰੰਗਮੰਚੀ ਥੜੇ ਦਾ ਵਾਰਸ ਹੋ ਨਿੱਬੜਿਆ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)