ਗ਼ਰੀਬ ਕਿਸਾਨ ਪਰਿਵਾਰ ਦਾ ਪੁੱਤ 8ਵੀਂ ਜਮਾਤ ਦੇ ਨਤੀਜਿਆਂ 'ਚ ਛਾਇਆ, ਪੰਜਾਬ ਭਰ ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ....

ਬਰਨਾਲਾ/ ਮਹਿਲ ਕਲਾਂ - 2 ਜੂਨ- (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-  ਜ਼ਿਲ੍ਹਾ ਬਰਨਾਲਾ ਦੇ ਗੁੰਮਟੀ ਦੇ ਗ਼ਰੀਬ ਕਿਸਾਨ ਪਰਿਵਾਰ ਦੇ ਮਨਪ੍ਰੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ 'ਚ 600 ਚੋਂ 600 ਅੰਕ ਪ੍ਰਾਪਤ ਕਰ ਕੇ ਪੰਜਾਬ ਸਭ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। 2014 'ਚ ਪਿਤਾ ਦੀ ਮੌਤ ਤੋਂ ਬਾਅਦ ਮਾਤਾ ਕਿਰਨਜੀਤ ਕੌਰ ਨੇ ਮਿਹਨਤ ਮਜ਼ਦੂਰੀ ਕਰ ਕੇ ਮਨਪ੍ਰੀਤ ਅਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕੀਤਾ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਈ.ਏ.ਐਸ. ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਆਪਣੀ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰੇਗਾ। ਘਰ ਦੀ ਗ਼ਰੀਬੀ ਦੇ ਬਾਵਜੂਦ ਇਹ ਮੁਕਾਮ ਹਾਸਿਲ ਕਰਨਾ ਸਚਮੁੱਚ ਹੀ ਸਾਰਿਆ ਲਈ ਪ੍ਰੇਰਨਾਸ੍ਰੋਤ ਹੈ, ਮਨਪ੍ਰੀਤ ਨੇ ਇਹ ਸਾਬਤ ਕਰ ਦਿੱਤਾ ਕਿ ਕਠਿਨ ਹਾਲਾਤਾਂ 'ਚ ਵੀ ਸਖਤ ਮਿਹਨਤ ਅਤੇ ਦ੍ਰਿੜ ਹੌਸਲੇ ਨਾਲ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ।