Kisan Protest Pind Lodhiwala ਦਾ ਨੌਜਵਾਨ ਦਿੱਲੀ ਧਰਨੇ ਲਈ ਰਾਸ਼ਨ ਲੈਕੇ ਜਾਂਦਾ ਸਡ਼ਕ ਹਾਦਸੇ ਚ ਗੰਭੀਰ ਜ਼ਖ਼ਮੀ  

 ਬੇਹੋਸ਼ੀ ਦੀ ਹਾਲਤ ਵਿੱਚ ਪਾਣੀਪਤ ਹਸਪਤਾਲ ਵਿੱਚ ਦਾਖ਼ਲ  

ਸਿੱਧਵਾਂਬੇਟ  /ਲੁਧਿਆਣਾ , ਮਾਰਚ  2021 - (ਜਸਮੇਲ ਗ਼ਾਲਿਬ   ਮਨਜਿੰਦਰ ਗਿੱਲ)

ਕਿਸਾਨਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਲਗਾਏ ਗਏ ਧਰਨੇ ਵਿੱਚ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਪਿੰਡ ਲੋਧੀਵਾਲਾ ਦਾ ਨੌਜਵਾਨ ਰਸਤੇ ਵਿੱਚ ਟਰੈਕਟਰ ਤੋਂ ਡਿੱਗ ਕੇ ਟਰਾਲੀ ਥੱਲੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਜਿਸ ਨੂੰ ਫੌਰੀ ਤੌਰ ਤੇ  ਪਾਣੀਪਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਕਰਨ ਸਿੰਘ (22) ਪੁੱਤਰ ਪਵਿੱਤਰ ਸਿੰਘ ਵਾਸੀ ਲੋਧੀਵਾਲਾ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਲਈ ਸਾਥੀਆਂ ਸਮੇਤ ਆਪਣੇ ਟਰੈਕਟਰ ਟਰਾਲੀ ਤੇ 70 ਕੁਇੰਟਲ ਬਾਲਣ, 10 ਕੁਇੰਟਲ ਆਟਾ,10 ਕੁਇੰਟਲ ਆਲੂ ਸਮੇਤ ਹੋਰ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਸੀ। ਜਦ ਉਹ ਪਾਣੀਪਤ ਨਜ਼ਦੀਕ ਪੁੱਜੇ ਤਾਂ ਬਲਕਰਨ ਸਿੰਘ ਅਚਾਨਕ ਟਰੈਕਟਰ ਤੋਂ ਥੱਲੇ ਡਿੱਗ ਪਿਆ ਅਤੇ ਸਾਮਾਨ ਨਾਲ ਭਰੀ ਹੋਈ ਟਰਾਲੀ ਦੇ ਟਾਇਰ ਥੱਲੇ ਆ ਗਿਆ  । ਜਾਣਕਾਰੀ ਲਈ ਦੱਸ ਦਈਏ ਕਿ ਬਲਕਰਨ ਸਿੰਘ ਦਾ ਪਰਿਵਾਰ ਪਹਿਲੇ ਦਿਨ ਤੋਂ   ਕਿਸਾਨ ਸੰਘਰਸ਼ ਦੇ ਨਾਲ ਜੁਡ਼ਿਆ ਹੋਇਆ ਹੈ ਉਸ ਦਾ ਪਿਤਾ ਪਵਿੱਤਰ ਸਿੰਘ (ਮਾਣੂੰਕਿਆਂ ਵਾਲੇ  ) ਲਗਾਤਾਰ 43 ਦਿਨ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਤੋਂ ਬਾਅਦ  ਲਗਾਤਾਰ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਲਗਵਾ ਰਿਹਾ ਹੈ । ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਵੀ ਬਲਕਰਨ ਸਿੰਘ ਇਕ ਰਾਸ਼ਨ ਦੀ ਟਰਾਲੀ ਸਿੰਘੂ ਬਾਰਡਰ ਤੇ ਪੁਚਾ ਕੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬਲਕਰਨ ਸਿੰਘ ਦੀ ਖੂਨ ਦੀ ਕਮੀ ਪੂਰੀ ਕਰਨ ਤੋਂ ਬਾਅਦ ਉਸ ਦਾ ਤੁਰੰਤ ਆਪ੍ਰੇਸ਼ਨ ਹੋਵੇਗਾ।