ਵਿਧਾਇਕ ਬੱਗਾ, ਮੇਅਰ ਸੰਧੂ ਤੇ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਬੁੱਢੇ ਨਾਲੇ 'ਤੇ 'ਰਾਈਜ਼ਿੰਗ ਮੇਨ' ਦੇ ਨਿਰਮਾਣ ਕਾਰਜ਼ ਦਾ ਉਦਘਾਟਨ

- ਬੁੱਢੇ ਨਾਲੇ ਦਾ ਕਾਇਆ ਕਲਪ ਪ੍ਰੋਜੈਕਟ ਡ੍ਰੀਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ : ਵਿਧਾਇਕ ਬੱਗਾ

ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) : ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਨਗਰ ਨਿਗਮ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਬੁੱਢੇ ਨਾਲੇ 'ਤੇ 'ਰਾਈਜ਼ਿੰਗ ਮੇਨ' ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਇਹ ਕਾਰਜ਼ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰੋਜੈਕਟ ਦਾ ਹਿੱਸਾ ਹੈ।  ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਐਸ.ਸੀ. ਸ. ਰਜਿੰਦਰ ਸਿੰਘ, ਐਕਸੀਅਨ ਸ੍ਰੀ ਸੰਜੀਵ ਸ਼ਰਮਾ, ਐਕਸੀਅਨ ਸ. ਜੀ.ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਬੱਗਾ ਨੇ ਦੱਸਿਆ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਵਾਲਾ ਪ੍ਰੋਜੈਕਟ ਉਨ੍ਹਾਂ ਦੇ ਡ੍ਰੀਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਉਨ੍ਹਾ ਪ੍ਰਣ ਕੀਤਾ ਹੈ ਕਿ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਤਬਦੀਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ 'ਰਾਈਜਿੰਗ ਮੇਨ' ਪ੍ਰਣਾਲੀ ਬੁੱਢੇ ਨਾਲੇ ਦੀ ਸਫ਼ਾਈ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਤਹਿਤ ਇਹ ਪਾਈਪ ਲਾਈਨ ਵਿਛਾਉਣ ਦਾ ਕੰਮ ਅੱਜ ਹੈਬੋਵਾਲ ਚੋਂਕ ਤੋਂ ਸੁ਼ਰੂ ਕਰ ਦਿੱਤਾ ਗਿਆ ਹੈ ਜੋ ਕੁੰਦਨ ਪੁਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਟੀਚਾ ਉਨ੍ਹਾਂ ਸਾਰੇ ਰਸਤਿਆਂ ਨੂੰ ਬੰਦ ਕਰਨਾ ਹੈ ਜਿੱਥੋਂ ਘਰੇਲੂ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਦਾਖਲ ਹੁੰਦਾ ਹੈ, ਇਨ੍ਹਾਂ ਰਸਤਿਆਂ ਵਿੱਚੋਂ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਇਕੱਠਾ ਕਰਕੇ ਨੇੜੇ ਦੇ ਆਈ.ਪੀ.ਐਸ. ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ. ਪੀ.) ਤੱਕ ਪਹੁੰਚਾਉਣਾ ਹੈ।ਰਾਈਜ਼ਿੰਗ ਮੇਨ ਲਾਈਨ ਦਾ ਮੁੱਖ ਉਦੇਸ਼ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ.) ਤੋਂ ਗੰਦੇ ਪਾਣੀ ਨੂੰ ਸਬੰਧਤ ਐਸ.ਟੀ.ਪੀਜ਼ ਤੱਕ ਲਿਜਾਣ ਲਈ ਬੁੱਢੇ ਨਾਲੇ ਦੇ ਕਿਨਾਰੇ ਪਾਈਪਲਾਈਨ ਵਿਛਾਕੇ ਘਰੇਲੂ ਸੀਵਰੇਜ ਨੂੰ ਸੰਭਾਲਣਾ ਹੈ।ਇਸ ਮੌਕੇ ਬਿੱਟੂ ਭਨੋਟ, ਸ਼ਿਵਤਾਰ ਸਿੰਘ ਬਾਜਵਾ, ਬਿੱਟੂ ਭਾਰਦਵਾਜ, ਰਾਕੇਸ਼ ਕਰੀਰ, ਅਮਨ ਬੱਗਾ, ਅਜੀਤ ਢਿੱਲੋਂ, ਗੌਰਵ ਬੱਗਾ, ਰਾਜੂ ਖੇੜਾ, ਨਰੇਸ਼ ਕੁਮਾਰ, ਰਵਿੰਦਰ ਸ਼ਰਮਾ, ਕੁਲਦੀਪ ਮੱਕੜ, ਗੁਰਵੀਰ ਬਾਜਵਾ, ਸੰਨੀ ਭਨੋਟ, ਮੋਹਿਤ ਸ਼ਰਮਾ, ਰੀਟਾ ਕਟੋਚ, ਸੁਰਿੰਦਰ ਸਿੰਘ, ਦਿਨੇਸ਼ ਸ਼ਰਮਾ ਤੇ ਇਲਾਕਾ ਨਿਵਾਸੀ ਹਾਜ਼ਰ ਸਨ