ਕੈਬਨਿਟ ਮੰਤਰੀ ਜਿੰਪਾ ਨੇ ਨਗਰ ਨਿਗਮ ਹੁਸ਼ਿਆਰਪੁਰ ’ਚ 23 ਸੀਵਰਮੈਨਾਂ ਨੂੰ ਸੌਂਪੇ ਨਿਯੁਕਤੀ ਪੱਤਰ

-ਕਿਹਾ, ਸ਼ਹਿਰ ਦੀ ਸਾਫ਼-ਸਫ਼ਾਈ ਤੇ ਸੁੰਦਰਤਾ ਬਰਕਰਾਰ ਰੱਖਣ ’ਚ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਅਹਿਮ ਭੂਮਿਕਾ

 

ਹੁਸ਼ਿਆਰਪੁਰ, 28 ਮਈ (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਨਗਰ ਨਿਗਮ ਹੁਸ਼ਿਆਰਪੁਰ ’ਚ 23 ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ-ਕਮ- ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਹੰਸ ਤੇ ਮੇਅਰ ਸ੍ਰੀ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਵਿਚ ਨਗਰ ਨਿਗਮ ਵਿੱਚ ਸੀਵਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ  ਨਿਗਮ ਵਿਚ ਹੋਰ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸੀਵਰਮੈਨਾਂ ਤੇ ਸਫ਼ਾਈ ਸੇਵਕਾਂ ਦੀ ਅਹਿਮ ਭੂਮਿਕਾ ਹੈ।  ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ  ਦੀ ਸਰਕਾਰ ਬਣਦੇ ਹੀ ਕੈਬਨਿਟ ਮੰਤਰੀ ਦੀ ਪਹਿਲੀ ਮੀਟਿੰਗ ਵਿਚ ਸੂਬੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਸਬੰਧੀ ਫੈਸਲਾ ਲਿਆ ਗਿਆ ਸੀ, ਜਿਸ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਸਾਰੇ ਗਰੁੱਪਾਂ ਵਿੱਚ ਵੱਡੇ ਪੱਧਰ ’ਤੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਨਗਰ ਨਿਗਮ, ਨਗਰ ਪ੍ਰੀਸ਼ਦ ਅਤੇ ਨਗਰ ਪੰਚਾਇਤਾਂ ਵਿੱਚ ਕੰਮ ਕਰਨ ਵਾਲੇ ਸਫ਼ਾਈ ਸੇਵਕਾ ਤੇ ਸੀਵਰਮੈਨਾਂ ਦੇ ਮੋਢਿਆ ’ਤੇ ਹੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਹੁਸ਼ਿਆਰਪੁਰ ਨਗਰ ਨਿਗਮ ਵਿੱਚ ਸਾਰੇ ਕਰਮਚਾਰੀ ਬਹੁਤ ਹੀ ਗੰਭੀਰਤਾ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਸਫ਼ਾਈ ਸੇਵਕਾਂ ਤੇ ਸੀਵਰਮੈਂਨਾਂ ਨੇ ਤੰਦਰੁਸਤ ਸਮਾਜ ਨਿਰਮਾਣ ਵਿੱਚ ਅਹਿਮ ਯੋਗਦਾਨ ਦਿੰਦੇ ਹੋਏ ਜੋ ਜ਼ਿੰਮੇਵਾਰੀ ਨਿਭਾਈ ਹੈ, ਉਹ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਮਾਤਰ  60 ਦਿਨਾਂ ਵਿੱਚ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਹਿੱਤ ਵਿੱਚ ਜੋ ਫ਼ੈਸਲੇ ਲਏ ਹਨ, ਉਹ ਹੁਣ ਤੱਕ ਕੋਈ ਵੀ ਸਰਕਾਰ ਨਹੀਂ ਲੈ ਸਕੀ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਲਈ ਸਰਕਾਰ ਵਚਨਬੱਧ ਹੈ ਅਤੇ ਕਿਸੇ ਵੀ ਹਲਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਮੂਹ ਕੌਂਸਲਰਾਂ ਤੋਂ ਇਲਾਵਾ, ਨਗਰ ਨਿਗਮ ਦੇ ਐਸ.ਈ. ਰਜਿੰਦਰ ਚੌਪੜਾ, ਨਿਗਮ ਇੰਜੀਨੀਅਰ ਕੁਲਦੀਪ ਸਿੰਘ, ਡੀ.ਸੀ.ਐਫ.ਏ. ਸੰਦੀਪ ਕੁਮਾਰ, ਅਮਿਤ ਕੁਮਾਰ, ਗੁਰਮੇਲ ਸਿੰਘ, ਸੰਜੀਵ ਕੁਮਾਰ, ਦਲੀਪ ਓਹਰੀ, ਵਰਿੰਦਰ ਸ਼ਰਮਾ ਬਿੰਦੂ, ਕਮਲ ਭੱਟੀ, ਸੁਮੇਸ਼ ਸੋਨੀ, ਵਰਿੰਦਰ ਵੈਦ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।