ਗ੍ਰਿਫਤਾਰੀ ਸਬੰਧੀ 66ਵੇਂ ਦਿਨ ਵੀ ਦਿੱਤਾ ਧਰਨਾ !
ਇਨਸਾਫ਼ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਵੀ ਫੇਲ਼-ਕੇਕੇਯੂ
ਜਗਰਾਉਂ 28 ਮਈ ( ਮਨਜਿੰਦਰ ਗਿੱਲ ) ਪੁਲਿਸ ਜ਼ੁਲਮਾਂ ਤੋਂ ਪੀੜ੍ਹਤ ਪਰਿਵਾਰ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਡਟੀਆਂ ਹੋਈਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 66ਵੇਂ ਦਿਨ ਵੀ ਜਾਰੀ ਰਿਹਾ, ਉਥੇ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ ਵਲੋਂ ਰੱਖੀ ਭੁੱਖ ਹੜਤਾਲ ਅੱਜ 59ਵੇਂ ਦਿਨ ਵੀ ਜਾਰੀ ਰਹੀ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਅਾਗੂ ਜਗਰੂਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ ਤੇ ਰਣਜੀਤ ਸਿੰਘ ਉਰਫ ਮੌਂਟੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਡਾਇਰੈਕਟਰ ਜਨਰਲ ਪੁਲਿਸ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਧਰਨਾਕਾਰੀ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸਥਾਨਕ ਥਾਣਾ ਸਿਟੀ ਮੂਹਰੇ 59 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੀ ਪੁਲਿਸ ਅੱਤਿਆਚਾਰਾਂ ਕਾਰਨ ਫੌਤ ਹੋਈ ਕੁਲਵੰਤ ਕੌਰ ਰਸੂਲਪੁਰ ਦੀ 75 ਸਾਲਾ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਲੱਗਭੱਗ ਡੇਢ ਦਹਾਕਾ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਅਤੇ ਉਸ ਸਮੇਂ ਚੌਂਕੀ ਇੰਚਾਰਜ ਏਅੈਸਆਈ ਰਾਜਵੀਰ ਹੱਥੋਂ ਨਾਂ ਸਿਰਫ਼ ਮਾਨਸਿਕ ਪੱਖੋਂ ਜ਼ਲੀਲ ਹੋਏ ਹਨ ਸਗੋਂ ਲੰਘੇ 17 ਸਾਲਾਂ ਵਿਚ ਭਾਰੀ ਉਜ਼ਾੜੇ ਦਾ ਸ਼ਿਕਾਰ ਵੀ ਹੋਇਆ ਹੈ। ਪੀੜ੍ਹਤ ਮਾਤਾ ਸੁਰਿੰਦਰ ਕੌਰ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਪੁਰਾਣੀਆਂ ਸਰਕਾਰਾਂ ਨੇ ਉਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਅਤੇ ਨਾਂ ਹੀ ਹੁਣ ਨਵੀਂ ਬਣੀ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸ਼ਾਇਦ ਉਹ ਅਨੁਸੂਚਿਤ ਜਾਤੀ ਦਾ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਹੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਇਥੇ ਅਮੀਰਾਂ ਲਈ ਕਾਨੂੰਨ ਹੋਰ ਢੰਗ ਨਾਲ ਕੰਮ ਕਰਦਾ ਹੈ ਅਤੇ ਗਰੀਬਾਂ ਲਈ ਹੋਰ ਢੰਗ ਨਾਲ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਪੀੜ੍ਹਤ ਮਾਤਾ ਆਮ ਅਾਦਮੀ ਪਾਰਟੀ ਵਲੋਂ ਦੂਜੀ ਵਾਰ ਚੁਣੀ ਗਈ ਅੈਮ.ਅੈਲ.ਏ. ਸਰਬਜੀਤ ਕੌਰ ਮਾਣੂੰਕੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਅਤੇ ਅੈਮ.ਅੈਲ.ਏ.ਦੇ ਨਾਰਾਤਮਕ ਵਤੀਰੇ ਤੋਂ ਦੁਖੀ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਦੇ ਵਰਕਰ ਸੰਕੇਤਕ ਘਿਰਾਓ ਵੀ ਕਰ ਚੁੱਕੇ ਹਨ ਬਾਵਜੂਦ ਇਸ ਦੇ ਸਰਕਾਰੇ-ਦਰਬਾਰੇ ਕੋਈ ਅਸਰ ਨਹੀਂ ਰਿਹਾ ਖਫਾ ਸੰਘਰਸ਼ਸ਼ੀਲ ਲੋਕ ਕਿਸੇ ਵੱਡੇ ਅੈਕਸ਼ਨ ਰਾਹੀਂ ਆਰ-ਪਾਰ ਦੀ ਲੜ੍ਹਾਈ ਕਰਨ ਲਈ ਮਜ਼ਬੂਰ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਮਹਿੰਦਰ ਸਿੰਘ ਬੀ.ਏ. ਪੁਲਿਸ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ, ਸੁਖਦੇਵ ਸਿੰਘ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਬਲਦੇਵ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਅਮਰ ਸਿੰਘ, ਰਾਕੇਸ਼ ਕੁਮਾਰ, ਦਲਜੀਤ ਸਿੰਘ ਆਦਿ ਹਾਜ਼ਰ ਸਨ।