ਧਰਮਕੋਟ ਦੇ ਪਿੰਡ ਪੰਡੋਰੀ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ

ਪਿੰਡ ਵਿਚ ਸੋਗ ਦੀ ਲਹਿਰ
ਸਰਕਾਰ ਤੋਂ ਮੰਗ ਕੀਤੀ ਚਿੱਟਾ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
ਧਰਮਕੋਟ , 27 ਮਈ (ਮਨੋਜ ਕੁਮਾਰ ਨਿੱਕੂ )ਪੰਜਾਬ ਸਰਕਾਰ ਵੱਲੋਂ ਹਰ ਰੋਜ ਦਿੱਤੇ ਜਾ ਰਹੇ ਵੱਡੇ ਵੱਡੇ ਬਿਆਨਾਂ ਦੀ ਚਿੱਟਾ ਬੰਦ ਕਰਨ ਦੇ ਬਿਆਨਾਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ । ਪੰਜਾਬ ਵਿੱਚ ਆਏ ਦਿਨ ਹੀ ਨੌਜਵਾਨਾਂ ਨੂੰ ਚਿੱਟਾ ਰੂਪੀ ਰਾਖਸ਼ਸ਼ ਨਿਗਲ ਰਿਹਾ ਹੈ ਅਤੇ ਸਰਕਾਰ ਦੇ ਤਮਾਮ ਚਿੱਟਾ ਬੰਦ ਕਰਨ ਦੇ ਯਤਨਾਂ ਤੋਂ ਬਾਅਦ ਵੀ ਪੰਜਾਬ ਵਿੱਚ ਚਿੱਟੇ ਦੀ ਰਫ਼ਤਾਰ ਘਟਣ ਦੀ ਬਜਾਏ ਹੋਰ ਵਧ ਰਹੀ ਹੈ ।ਇਸੇ ਅਧੀਨ ਹੀ ਅੱਜ ਧਰਮਕੋਟ ਦੇ ਨੇੜਲੇ ਪਿੰਡ ਪੰਡੋਰੀ ਵਿਖੇ 17 ਸਾਲਾਂ ਨੌਜਵਾਨ ਗੁਰਪ੍ਰਤਾਪ ਸਿੰਘ ਦੀ ਚਿੱਟਾ ਪੀਣ ਨਾਲ ਮੌਤ ਹੋ ਗਈ। ਇਸ ਸਮੇਂ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਗੁਰਪ੍ਰਤਾਪ ਸਿੰਘ ਜੋ ਕਿ ਸਾਡਾ ਨੌਜਵਾਨ ਲੜਕਾ ਸੀ ਇਹ ਪਹਿਲਾਂ ਘਰੋਂ ਚੋਰੀ ਚੋਰੀ ਚਿੱਟੇ ਦਾ ਸੇਵਨ ਕਰਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉਸ ਨੂੰ ਸੈਂਟਰ ਵਿੱਚ ਵੀ ਭੇਜਿਆ ਅਤੇ ਖੁਦ ਵੀ ਕੋਸ਼ਿਸ਼ ਕੀਤੀ ਕਿ ਇਸ ਤੋਂ ਬਚ ਸਕੇ। ਪ੍ਰੰਤੂ ਇਹ ਨਹੀਂ ਹਟਿਆ ਅੱਜ ਤੜਕਸਾਰ ਹੀ ਇਸ ਨੇ ਚਿੱਟੇ ਦਾ ਸੇਵਨ ਕੀਤਾ ਜਿਸ ਨਾਲ ਇਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ । ਇਸ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਇਸ ਸਮੇਂ ਪਿੰਡ ਵਾਸੀਆਂ ਨੇ ਅਤੇ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਚਿੱਟਾ ਰੂਪੀ ਰਾਕਸ਼ ਨੂੰ ਖ਼ਤਮ ਕਰਨ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਚਿੱਟਾ ਵੇਚਣ ਵਾਲਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀਡ ਦਾ ਬਚਾਅ ਹੋ ਸਕੇ । ਅਗਰ ਸਰਕਾਰ ਨੇ ਹੁਣ ਵੀ ਇਸ ਉੱਪਰ ਸਖ਼ਤੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਕੋਈ ਵੀ ਨੌਜਵਾਨ ਨਹੀਂ ਲੱਭੇਗਾ ਅਤੇ ਚਿੱਟਾ ਵੇਚਣ ਵਾਲੇ ਥਾਂ ਥਾਂ ਗਲੀਆਂ ਅਤੇ ਬਾਜ਼ਾਰਾਂ ਦੇ ਮੋੜਾਂ ਤੇ ਆਮ ਹੀ ਦਿਸਣਗੇ। ਜਿਸ ਨਾਲ ਪੰਜਾਬ ਬਰਬਾਦੀ ਦੇ ਕੰਢੇ ਉਤੇ ਪੁੱਜ ਜਾਵੇਗਾ । ਇਸ ਲਈ ਸਰਕਾਰ ਨੂੰ ਇਸ ਉੱਪਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਪੰਜਾਬ ਦੀ ਜਵਾਨੀ ਦਾ ਘਾਣ ਹੋਣ ਤੋਂ ਬਚਾਇਆ ਜਾ ਸਕੇ। ਲੋੜ ਹੈ ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ