ਸੜੇ ਹੋਏ ਟ੍ਰਾਸਫ਼ਾਰਮਰ ਬਦਲਣ ਲਈ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ
ਜਗਰਾਉਂ, 26 ਮਈ (ਰਣਜੀਤ ਸਿੱਧਵਾਂ /ਮੋਹਿਤ ਗੋਇਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ ਬਿਜਲੀ ਮਹਿਕਮੇਂ ਦੇ ਬੰਦ ਪਏ ਟੀ.ਆਰ.ਵਾਈ.ਉਪ ਮੰਡਲ ਜਗਰਾਉਂ ਚਾਲੂ ਕਰਵਾ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਅੱਜ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ: ਸੁਖਵਿੰਦਰ ਸਿੰਘ ਕੋਲੋਂ ਕਰਵਾਇਆ ਗਿਆ । ਦੱਸਣਯੋਗ ਹੈ ਕਿ ਬਿਜਲੀ ਦੇ ਟ੍ਰਾਂਸਫਾਰਮਰ ਜੋ ਸੜ ਜਾਂਦੇ ਸਨ, ਉਹ ਟੀ.ਆਰ.ਵਾਈ ਉਪ ਮੰਡਲ ਵਿਖੇ ਜਮ੍ਹਾਂ ਹੁੰਦੇ ਸਨ । ਪ੍ਰੰਤੂ ਇਸ ਉਪ ਮੰਡਲ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਸੀ ਅਤੇ ਲੋਕਾਂ ਨੂੰ ਆਪਣੇ ਸੜੇ ਹੋਏ ਟ੍ਰਾਂਸਫਾਰਮਰ ਬਦਲੀ ਕਰਨ ਲਈ ਦੋਰਾਹਾ ਵਿਖੇ ਜਾਣਾ ਪੈਦਾ ਸੀ । ਟ੍ਰਾਂਸਫ਼ਾਰਮਰਾਂ ਦੀ ਢੋਆ-ਢੁਆਈ ਨਾਲ ਜਿੱਥੇ ਲੋਕਾਂ ਦਾ ਪੈਸਾ ਬਰਬਾਦ ਹੁੰਦਾ ਸੀ, ਉਥੇ ਹੀ ਸਮੇਂ ਦੀ ਵੀ ਵੱਡੀ ਖਰਾਬੀ ਹੁੰਦੀ ਸੀ । ਜਦੋਂ ਇਸ ਮਾਮਲੇ ਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਇੰਜ: ਅਨਿਲ ਕੁਮਾਰ ਅਤੇ ਮੁੱਖ ਇੰਜਨੀਅਰ ਲੁਧਿਆਣਾ ਇੰਜ: ਹਰਜੀਤ ਸਿੰਘ ਗਿੱਲ ਨਾਲ ਰਾਬਤਾ ਕਾਇਮ ਕੀਤਾ ਅਤੇ ਮਹਿਕਮੇ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਮਾਮਲਾ ਵਿਚਾਰਕੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਕਰਨ ਲਈ ਟੀ.ਆਰ.ਵਾਈ ਉਪ ਮੰਡਲ ਜਗਰਾਉਂ ਮੁੜ ਚਾਲੂ ਕਰਵਾ ਦਿੱਤਾ । ਇਸ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਹੀ ਬਿਜਲੀ ਵਿਭਾਗ ਵੱਲੋਂ ਲੋਕਾਂ ਦੇ ਸੜੇ ਹੋਏ ਟ੍ਰਾਂਸਫਾਰਮਰ ਬਦਲੀ ਕਰਨ ਵਿੱਚ ਵੀ ਘੱਟ ਸਮਾਂ ਲੱਗੇਗਾ । ਟੀ.ਆਰ.ਵਾਈ ਉਪ ਮੰਡਲ ਦਾ ਉਦਘਾਟਨ ਕਰਨ ਮੌਕੇ ਖਪਤਕਾਰਾਂ ਅਤੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਗਰਮੀ ਅਤੇ ਪੈਡੀ ਦੇ ਸੀਜਨ ਨੂੰ ਵੇਖਦੇ ਹੋਏ ਲੋਕਾਂ ਨੂੰ ਰਾਹਤ ਦੇਣ ਲਈ ਬੰਦ ਹੋ ਚੁੱਕੇ ਉਪ ਮੰਡਲ ਨੂੰ ਚਾਲੂ ਕਰਵਾਇਆ ਗਿਆ ਹੈ । ਉਨ੍ਹਾਂ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਅਤੇ ਮੁੱਖ ਇੰਜਨੀਅਰ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਚੰਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉਹ ਹਮੇਸ਼ਾਂ ਕਦਰ ਕਰਦੇ ਹਨ ਅਤੇ ਇਨ੍ਹਾਂ ਦੇ ਸਹਿਯੋਗ ਨਾਲ ਹੀ ਜਗਰਾਉਂ ਹਲਕੇ ਅੰਦਰ ਮਹਿਕਮੇ ਦੀ ਕੰਮ ਨੂੰ ਇਕ ਨੰਬਰ 'ਤੇ ਲਿਆਂਦਾ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕ ਸੇਵਾ ਕਰਨਾਂ ਉਨ੍ਹਾਂ ਦਾ ਮਿਸ਼ਨ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ । ਇਸ ਮੌਕੇ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਇੰਜ: ਅਨਿਲ ਕੁਮਾਰ, ਐਕਸੀਅਨ ਸਟੋਰ ਲੁਧਿਆਣਾ ਇੰਜ: ਰਵੀ ਚੋਪੜਾ, ਐਕਸੀਅਨ ਜਗਰਾਉਂ ਇੰਜ: ਗੁਰਕਿ੍ਪਾਲ ਸਿੰਘ ਰੰਧਾਵਾ, ਪ੍ਰੀਤਮ ਸਿੰਘ ਅਖਾੜਾ ਆਦਿ ਨੇ ਵੀ ਸੰਬੋਧਨ ਕੀਤਾ । ਸਟੇਜ਼ ਦਾ ਸੰਚਾਲਨ ਪਰਮਜੀਤ ਸਿੰਘ ਚੀਮਾਂ ਨੇ ਬਾਖੂਬੀ ਨਿਭਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਇੰਜ: ਅਰਸ਼ਦੀਪ ਸਿੰਘ ਐਕਸੀਅਨ, ਇੰਜ: ਗੁਰਪ੍ਰੀਤ ਸਿੰਘ ਕੰਗ, ਇੰਜ: ਜਗਦੇਵ ਸਿੰਘ ਘਾਰੂ, ਇੰਜ: ਪ੍ਰਭਜੋਤ ਸਿੰਘ ਉਬਰਾਏ, ਇੰਜ: ਦਰਸ਼ਨ ਸਿੰਘ (ਸਾਰੇ ਐਸ.ਡੀ.ਓ.), ਸੰਜੀਵ ਕੁਮਾਰ ਆਰ.ਏ., ਇੰਜ: ਜਗਰੂਪ ਸਿੰਘ, ਸਾਜਨ ਮਲਹੋਤਰਾ, ਸੰਜੇ ਕੁਮਾਰ ਬੱਬਾ, ਭੁਪਿੰਦਰਪਾਲ ਸਿੰਘ ਬਰਾੜ, ਨਛੱਤਰ ਸਿੰਘ, ਜਸਵੰਤ ਸਿੰਘ ਫੋਰਮੈਨ, ਦਲਜੀਤ ਸਿੰਘ ਏਜੇਈ, ਮੁਨੀਸ਼ ਕੁਮਾਰ ਤੇ ਸੁਖਦੇਵ ਗਰਗ ਆਦਿ ਵੀ ਹਾਜ਼ਰ ਸਨ ।