ਟਰੱਕ ਯੂਨੀਅਨ ਕੈਂਟਰ ਯੂਨੀਅਨ ਆੜ੍ਹਤੀਆ ਵਪਾਰੀ ਸਬਜ਼ੀ ਉਤਪਾਦਕ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸਾਂਝੀ ਮੀਟਿੰਗ ਐਸਡੀਐਮ ਅਤੇ ਡੀ ਐੱਸ ਪੀ ਦੀ ਨਿਗਰਾਨੀ ਹੇਠ ਹੋਈ  

ਪਿਛਲੇ ਦਿਨੀਂ ਟਰੱਕ ਯੂਨੀਅਨ ਨੇ ਆੜ੍ਹਤੀਆਂ ਨਾਲ ਹੋਏ ਧੱਕੇ ਦਾ ਅਫ਼ਸੋਸ ਜ਼ਾਹਰ ਕੀਤਾ - ਕਮਲਜੀਤ ਖੰਨਾ  

ਜਗਰਾਉਂ, 24 ਮਈ (ਮਨਜਿੰਦਰ ਗਿੱਲ) ਅੱਜ ਇੱਥੇ ਸਥਾਨਕ ਉਪਮੰਡਲ ਮੈਜਿਸਟਰੇਟ ਸ੍ਰੀ ਵਿਕਾਸ ਹੀਰਾ ਅਤੇ ਡੀ ਐਸ ਪੀ ਸਿਟੀ ਸ਼ੀਰੀ ਦਲਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਟਰੱਕ ਯੂਨੀਅਨ,ਕੈਂਟਰ ਯੂਨੀਅਨ, ਆੜਤੀਆਂ, ਵਪਾਰੀਆਂ, ਸਬਜ਼ੀ ਉਤਪਾਦਕਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸਾਂਝੀ ਮੀਟਿੰਗ ਐਸ ਡੀ ਐਮ ਦਫਤਰ ਵਿਖੇ ਹੋਈ।ਇਸ ਮੀਟਿੰਗ ਵਿੱਚ ਸਾਰੀਆਂ ਹੀ ਧਿਰਾਂ ਦੇ ਨੁਮਾਇੰਦੇ ਹਾਜ਼ਰ ਹੋਏ।  ਬੀਤੇ ਚਾਰ ਦਿਨਾਂ ਤੋਂ ਚਲ ਰਿਹਾ ਰੇੜਕਾ ਸਾਰੀਆਂ ਧਿਰਾਂ ਦੀ ਸੂਝਬੂਝ ਅਤੇ ਸਿਆਣਪ‌ ਨਾਲ ਸਦਭਾਵਨਾ ਭਰੇ‌ ਮਾਹੋਲ ਚ ਨਿਪਟਾ ਲਿਆ ਗਿਆ।ਟਰੱਕ ਯੂਨੀਅਨ ਅਤੇ ਆੜਤੀਆਂ ਵਪਾਰੀਆਂ ਤੇ ਸਬਜ਼ੀ ਉਤਪਾਦਕਾਂ ਦਰਮਿਆਨ ਟਰੱਕਾਂ ,ਕੈਂਟਰਾਂ ਤੇ ਮਾਲ ਲੱਦਣ‌ ਦੇ ਰੇਟਾਂ ਦੇ ਮਾਮਲੇ ਵਿੱਚ ਕਈ ਗੇੜਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਸਰਵਸੰਮਤ  ਸਹਿਮਤੀ ਬਣੀ ਕਿ ਮਾਲ ਢੋਣ ਦੇ ਸੀਰੀ ਨਗਰ ਅਤੇ  ਦਿੱਲੀ ਦੇ ਸਥਾਨਕ ਟਰੱਕ ਯੂਨੀਅਨ ਦੇ ਨਿਰਧਾਰਤ ਰੇਟ ਸਾਰੀਆਂ ਧਿਰਾਂ ਨੂੰ ਪ੍ਰਵਾਨ  ਹੋਣਗੇ।ਬੀਕਾਨੇਰ ਦਾ ਰੇਟ 160 ਰੂਪਏ ਪ੍ਰਤੀ ਕੁਇੰਟਲ ਤੈਅ ਹੋਇਆ।ਬਾਕੀ ਸਾਰੇ ਰੂਟਾਂ ਦੀ ਮੰਗ ਮੁਤਾਬਿਕ ਆਪਸੀ ਸਹਿਮਤੀ ਨਾਲ ਰੇਟ ਤੈਅ ਹੋਇਆ ਕਰਨਗੇ।ਰੇਟ ਤੈਅ ਨਾ ਹੋਣ ਤੇ ਕਿਸਾਨ ਆਪਣੇ ਪੱਧਰ ਤੇ ਕਿਤੋਂ ਵੀ ਵਾਹਨ ਹਾਸਲ ਕਰਨ ਲਈ ਆਜ਼ਾਦ ਹੋਵੇਗਾ ਬਸ਼ਰਤੇ ਕਿ ਉਹ ਆਪਣੇ ਨਾਮ ਤੇ ਵਪਾਰੀ ਨੂੰ ਗੱਡੀ ਨਹੀਂ ਲੈ ਕੇ ਦੇਵੇਗਾ।ਬੀਤੇ ਦਿਨੀਂ ਪਿੰਡ ਲੀਲਾਂ ਮੇਘ ਸਿੰਘ ਦੇ ਕਿਸਾਨ ਕੁਲਦੀਪ ਸਿੰਘ ਦੀ ਟਰੱਕ ਯੂਨੀਅਨ ਵਲੋਂ ਰੋਕੀ ਗੱਡੀ ਚ ਲੱਦਿਆ ਸਮਾਨ ਬੀਕਾਨੇਰ ਦੀ ਮੰਡੀ ਚ ਭੇਜਿਆ ਜਾਵੇਗਾ। ਮਾਲ ਦਾ ਯੋਗ ਹਰਜ਼ਾ ਟਰੱਕ ਯੂਨੀਅਨ ਕਿਸਾਨ ਨੂੰ ਦੇਣ‌ ਲਈ ਪਾਬੰਦ ਹੋਵੇਗੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਲੋਕ ਆਗੂ ਕੰਵਲਜੀਤ ਖੰਨਾ, ਉਤਪਾਦਕ ਕਿਸਾਨਾਂ ਦੇ ਆਗੂ ਸਿਮਰਜੀਤ ਸਿੰਘ ਗਿੱਲ, ਗੁਰਮਿੰਦਰ ਸਿੰਘ, ਕੁਲਦੀਪ ਸਿੰਘ,ਜਗਦੇਵ ਸਿੰਘ,ਹਰਨੇਕ ਸਿੰਘ ਸਿਵੀਆਂ, ਸਨਦੀਪ ਸਿੰਘ,ਗੁਰਇਕਬਾਲ ਸਿੰਘ, ਟਰੱਕ ਤੇ ਕੈੰਟਰ ਯੂਨੀਅਨ ਵਲੋ ਪਿਰਥੀ ਸਿੰਘ, ਬਲਵਿੰਦਰ ਸਿੰਘ,  ਮਨਜੀਤ ਸਿੰਘ ਕਮੇਟੀ ਮੈਂਬਰ ਅਤੇ ਆੜਤੀਆਂ ਵਲੋਂ ਆਕਾਸ਼ਦੀਪ, ਸਰਤਾਜ ਸਿੰਘ ਮਹਿਤਪੁਰ ਹਾਜ਼ਰ ਸਨ। ਇਸ ਸਮੇਂ ਕੰਵਲਜੀਤ ਖੰਨਾ ਨੇ ਕਿਹਾ ਕਿ ਬੀਤੇ ਦਿਨੀਂ ਆੜਤੀਆਂ ਨਾਲ ਹੋਏ ਧੱਕੇ ਦਾ ਟਰੱਕ ਯੂਨੀਅਨ ਕਮੇਟੀ ਨੇ ਅਫਸੋਸ ਜ਼ਾਹਰ ਕੀਤਾ ਹੈ। ਅਤਿਅੰਤ ਸਦਭਾਵਨਾ ਭਰੇ ਮਾਹੌਲ ਚ ਸਿਰੇ ਚੜੇ ਸਮਝੋਤੇ ਤੇ ਪ੍ਰਸ਼ਾਸਨ ਨੇ ਵੀ ਸੁਖ ਦਾ ਸਾਹ ਲਿਆ ਤੇ ਸਾਰੀਆਂ‌ ਧਿਰਾਂ ਨੇ ਵੀ ਤਸੱਲੀ ਦਾ ਇਜਹਾਰ ਕੀਤਾ।