ਪੁਲਿਸ ਜ਼ਬਰ ਖਿਲਾਫ਼ 60ਵੇਂ ਦਿਨ ਵੀ ਦਿੱਤਾ ਧਰਨਾ

53ਵੇੰ ਦਿਨ 'ਚ ਪਹੁੰਚੀ ਮਾਤਾ ਦੀ ਭੁੱਖ ਹੜਤਾਲ

ਭਗਵੰਤ ਮਾਨ ਤੋਂ ਕਿਸਾਨ ਯੂਨੀਅਨ ਨੇ ਪੁਛਿਆ ਕਿ ਪੰਜਾਬ 'ਚ ਦੋ ਕਾਨੂੰਨ ਕੰਮ ਕਰਦੇ ਨੇ ?

ਅਮੀਰ ਲਈ ਹੋਰ ਤੇ ਗਰੀਬ ਲਈ ਹੋਰ?
ਜਗਰਾਉਂ 21 ਮਈ ( ਮਨਜਿੰਦਰ ਗਿੱਲ ) ਦੋਸ਼ੀ ਥਾਣੇਦਾਰਾਂ ਤੇ ਸਰਪੰਚ ਦੀ ਗ੍ਰਿਫਤਾਰੀ ਲਈ 2 ਮਹੀਨਿਆਂ ਤੋਂ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਛਿਆ ਕਿ ਪੰਜਾਬ ਵਿੱਚ ਗਰੀਬਾਂ ਲਈ ਕਾਨੂੰਨ ਹੋਰ ਅਤੇ ਅਮੀਰਾਂ ਲਈ ਕਾਨੂੰਨ ਹੋਰ, ਕਿਉਂ ਹਨ? ਆਗੂਆਂ ਨੇ ਕਿਹਾ ਕਿ ਰਸੂਲਪੁਰ ਦੀਆਂ ਗਰੀਬ ਮਾਵਾਂ-ਧੀਆਂ ਨੂੰ ਘਰੋਂ ਚੁੱਕ ਕੇ, ਥਾਣੇ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦਾ ਕਰੰਟ ਲਗਾਇਆ ਗਿਆ ਫਿਰ ਘਟਨਾ ਨੂੰ ਲਕੋਣ ਲਈ ਪਰਿਵਾਰ ਨੂੰ ਹੀ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ੀਆਂ ਨੂੰ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਜਾ ਰਿਹਾ ? ਜੇਕਰ ਇਹ ਜ਼ੁਰਮ ਕਿਸੇ ਗਰੀਬ ਨੇ ਕੀਤਾ ਹੁੰਦਾ ਤਾਂ ਉਹ ਵੀ ਅਮੀਰ ਥਾਣੇਦਾਰਾਂ ਵਾਂਗ ਬਾਹਰ ਘੁੰਮਦਾ ਹੁੰਦਾ? ਸ਼ਾਇਦ ਨਹੀਂ ਸਗੋਂ ਉਸ ਦਾ ਸਾਰਾ ਟੱਬਰ ਚੁੱਕ ਕੇ ਅੰਦਰ ਕਰ ਦੇਣਾ ਸੀ ਪਰ ਇਥੇ ਜ਼ੁਰਮ ਅਮੀਰ ਥਾਣੇਦਾਰਾਂ ਨੇ ਕੀਤਾ ਹੈ ਪਰ ਉਨ੍ਹਾਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਲਾਗੂ ਕਰਦੇ ਹਨ। ਇੱਕ ਪਾਸੇ ਇਕ ਕਥਿਤ ਦੋਸ਼ੀ ਗਰੀਬ ਬੰਦੇ ਨੂੰ ਥਾਣੇ ਅੰਦਰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ, ਦੂਜੇ ਅਮੀਰ ਦੋਸ਼ੀ ਨੂੰ ਹੱਥ ਤੱਕ ਨਹੀਂ ਲਗਾਇਆ ਜਾਂਦਾ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਵੀ ਕਾਨੂੰਨ ਦੋ-ਮੂੰਹਾ ਕੰਮ ਕਰ ਰਿਹਾ ਹੈ। ਅੱਜ ਦੇ ਧਰਨੇ ਵਿੱਚ ਪਹੁੰਚੇ ਇੰਟਰਨੈਸ਼ਨਲ ਪੰਥਕ ਦਲ਼ ਦੇ ਕੌਮੀ ਪ੍ਰਧਾਨ ਜੱਥੇਦਾਰ ਦਲੀਪ ਸਿੰਘ ਚਕਰ ਤੇ ਪੰਜਾਬ ਪ੍ਰਧਾਨ ਹਰਚੰਦ ਸਿੰਘ ਚਕਰ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਹਾ ਸਕਦੀਆਂ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ  ਨੇ ਕਿਹਾ ਕਿ ਹੱਕ-ਸੱਚ ਤੇ ਇਨਸਾਫ਼ ਲਈ ਲੱਗਾ ਕਿਰਤੀ ਲੋਕਾਂ ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਿਲਾਂ ਦੀ ਕਹਿਣੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਿਹਾ। ਧਰਨਾਕਾਰੀਆਂ ਨੂੰ ਨਿਹੰਗ ਬਾਬਾ ਸੁਖਦੇਵ ਸਿੰਘ, ਜੱਥੇਦਾਰ ਚੜਤ ਸਿੰਘ, ਮਾਸਟਰ ਨਿਰਪਾਲ ਸਿੰਘ, ਕਾਮਰੇਡ ਅਜਮੇ ਸਿੰਘ ਕਾਲਸਾਂ, ਜੱਥੇਦਾਰ ਕੁਲਦੀਪ ਸਿੰਘ ਡੱਲਾ, ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਭਰਭੂਰ ਸਿੰਘ ਛੱਜਾਵਾਲ, ਬਲਦੇਵ ਸਿੰਘ ਰੂਮੀ, ਸਾਬਕਾ ਚੇਅਰਮੈਨ ਮਲਕੀਅਤ ਸਿੰਘ ਰੂਮੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ 'ਚ ਆਲ ਇੰਡੀਆ ਅੈਸ.ਸੀ.ਬੀ.ਸੀ.ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਪੁਲਿਸ ਦੇ ਅਖੌਤੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ. ਰਾਜਵੀਰ   ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਤਾਇਨਾਤ ਸਨ ਅਤੇ ਲੋਕਾਂ ਤੇ ਅੱਤਿਆਚਾਰ ਕਰਨ ਲਈ ਹੀ ਕੰਮ ਕਰਦੇ ਸਨ, ਨੇ ਇੱਕ ਸਾਜਿਸ਼ ਰਚ ਕੇ ਗਰੀਬ ਪਰਿਵਾਰ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾਇਆ ਫਿਰ ਮਾਵਾਂ-ਧੀਆਂ ਨੂੰ ਰਾਤ ਨੂੰ ਘਰੋਂ ਚੁੱਕ ਕੇ ਅਣ-ਮਨੁੱਖੀ ਤਸੀਹੇ ਦਿੱਤੇ ਸਨ। ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ  ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਭਾਰਤੀ ਕ‍ਾਨੂੰਨ ਦੀ ਘੋਰ ਉਲੰਘਣਾ ਹੈ।