ਪਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਵਿੱਚ ਝੋਨੇ ਦੀ ਸਿੱਧੀ ਬੀਜਾਈ ਨੂੰ ਭਰਵਾਂ ਹੁੰਗਾਰਾ। 

ਲੁਧਿਆਣਾ, 16 ਮਈ (ਮਨਜਿੰਦਰ ਗਿੱਲ  ) ਬੇਕਰਜ਼ਫੀਲਡ(ਅਮਰੀਕਾ) ਵੱਸਦੇ ਅਜੀਤ ਸਿੰਘ ਭੱਠਲ ਪਰਿਵਾਰ ਵੱਲੋਂ ਸਭ ਭਰਾਵਾਂ ਦੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਵੱਲੋਂ ਤੋਂ ਝੋਨੇ ਦੀ ਸਿੱਧੀ ਬੀਜਾਈ ਕਰਨ ਤੇ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਘੱਟ ਠੇਕਾ ਲਿਆ ਜਾਵੇਗਾ। ਇਹ ਸੁਨੇਹਾ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਚੱਕ ਕਲਾਂ ਦੇ ਭੱਠਲ ਪਰਿਵਾਰ ਨੇ ਅਮਰੀਕਾ ਤੋਂ ਆਪਣੇ ਲੁਧਿਆਣਾ ਵੱਸਦੇ  ਮਿੱਤਰ ਪ੍ਰੋਃ ਗੁਰਭਜਨ ਸਿੰਘ ਗਿੱਲ ਰਾਹੀਂ ਭੇਜਿਆ ਹੈ। ਉਨ੍ਹਾਂ ਕਿਹਾ ਹੈ ਕਿ ਪਿੰਡ ਚੰਗਣਾਂ ਦੇ ਜੰਮਪਲ ਰਣਜੀਤ ਸਿੰਘ ਧਾਲੀਵਾਲ(ਭੋਲਾ) ਤੇ ਅਸੀਂ ਇਕੱਠਿਆਂ ਕਈ ਦੋਸਤਾਂ ਨੇ ਮਸ਼ਵਰਾ ਕੀਤਾ ਹੈ ਕਿ ਪੰਜਾਬ ਦੇ ਜਲ ਸੋਮੇ ਬਚਾਉਣ ਲਈ ਕਿਉਂ ਨਾ ਪਹਿਲ ਕਦਮੀ ਆਪਣੇ ਘਰ ਤੋਂ ਹੀ ਕੀਤੀ ਜਾਵੇ। 

ਉਨਾਂ ਆਪਣੇ ਪਿੰਡ ਦੇ ਸਰਪੰਚ ਸੁਖਵੰਤ ਸਿੰਘ ਨੂੰ ਲਿਖਤੀ ਸੁਨੇਹੇ ਵਿੱਚ ਵੀ ਉਨ੍ਹਾਂ ਕਿਹਾ ਹੈ ਕਿ ਅਸੀਂ ਆਪਣੀ ਅਤੇ ਆਪਣੇ ਸਾਰੇ ਭਰਾਵਾਂ ਦੀ ਜ਼ਮੀਨ ਦਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਵੀਰਾਂ ਤੋਂ 3000 ਰੁਪਏ ਪ੍ਰਤੀ ਏਕੜ ਮੁਆਮਲੇ ਵਿੱਚੋਂ ਘੱਟ ਕਰਾਂਗਾ। ਭਰਾਵਾਂ ਦੀ ਜ਼ਮੀਨ ਦਾ 3000 ਰੁਪਏ ਪ੍ਰਤੀ ਏਕੜ ਮੈਂ ਸਿੱਧਾ ਜ਼ਿਮੀਂਦਾਰ ਨੂੰ ਦੇਵਾਂਗਾ ਅਤੇ ਆਪਣੇ ਵਾਲਾ 3000 ਘੱਟ ਵਸੂਲ ਕਰਾਂਗਾ। 

ਸਃ ਅਜੀਤ ਸਿੰਘ ਭੱਠਲ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ 

ਮੈ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਿੱਧੀ ਬਿਜਾਈ ਕਰਕੇ ਪੰਜਾਬ ਦੇ ਪਾਣੀਆਂ ਅਤੇ ਪੰਜਾਬ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ। ਸਃ ਭੱਠਲ ਨੇ ਸਃ ਭਗਵੰਤ ਸਿੰਘ ਮਾਨ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਲਹਿਰ ਆਰੰਭਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਨਾਲ ਯਕੀਨਨ ਜਲ ਸੋਮਿਆਂ ਦੀ ਬੱਚਤ ਹੋਵੇਗੀ।