You are here

ਕਿਸਾਨ ਜਥੇਬੰਦੀਆਂ ਨੇ ਬਿਜਲੀ ਬੋਰਡ ਜਗਰਾਉਂ ਦਾ ਕੀਤਾ ਘਿਰਾਓ,ਐਕਸੀਅਨ ਨੇ ਛੇ ਘੰਟੇ ਬਿਜਲੀ ਦੇਣ ਦਾ ਕੀਤਾ ਵਾਅਦਾ

ਜਗਰਾਉਂ (ਜਸਮੇਲ ਗ਼ਾਲਿਬ)ਸੂਬੇ ਭਰ ਚ ਝੋਨੇ ਲਈ ਆਖਰੀ ਪਾਣੀ ਦੀ ਝਾਕ ਤੇ ਸੋਕਾ ਪੈਣ ਦੇ ਡਰੋਂ ਇਸ ਸੀਜਨ ਚ ਕਿਸਾਨ ਇਕ ਵੇਰ ਫੇਰ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਏ ਹਨ। ਪੰਜਾਬ ਸਰਕਾਰ ਦਾ ਦਸ ਘੰਟੇ ਨਿਰੰਤਰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਦਾ ਵਾਦਾ ਵਫਾ ਨਾ ਹੋਣ ਕਾਰਨ ਕਿਸਾਨਾਂ ਨੇ ਜਥੇਬੰਦ ਹੋ ਸੜਕਾਂ ਤੇ ਬਿਜਲੀ ਦਫਤਰ ਘੇਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਕੱਲ ਗਾਲਬ ਕਲਾਂ ਗਰਿਡ ਤੇ ਅਤੇ ਸਿਧਵਾਂਬੇਟ ਰੋਡ ਗਰਿਡ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ।  ਇਸੇ ਲੜੀ ਚ ਅੱਜ ਫੇਰ ਸਥਾਨਕ ਐਕਸੀਅਨ ਦਫਤਰ ਦਾ ਕਾਉਂਕੇ ਕਲਾਂ ਪਿੰਡ ਦੇ ਕਿਸਾਨਾਂ ਵਲੋਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਘਿਰਾਓ ਕੀਤਾ ਗਿਆ।ਇਸੇ ਤਰਾਂ ਅਜ ਲੱਖਾ , ਰੂਮੀ, ਰਾਏਕੋਟ,  ਸੁਧਾਰ ਬਿਜਲੀ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ।  ਇਸ ਸਮੇਂ ਐਕਸੀਅਨ ਜਗਰਾਓਂ ਨੇ ਹਰ ਹਾਲਤ ਘੱਟੋ ਘੱਟ  ਛੇ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦਾ ਵਿਸਵਾਸ਼ ਦਿਵਾਇਆ। ਇਸ ਸਮੇਂ ਕਾਉਂਕੇ ਪਿੰਡ ਦੇ ਕਿਸਾਨ ਆਗੂ ਕੁਲਦੀਪ ਸਿੰਘ ਕੀਪਾ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਰੇਸ਼ਮ ਸਿੰਘ ਆਦਿ ਹਾਜਰ ਸਨ। ਇਸੇ ਦੋਰਾਨ ਰੇਲ ਪਾਰਕ ਜਗਰਾਓਂ ਵਿਖੇ ਚਲ ਰਿਹਾ ਕਿਸਾਨ ਧਰਨਾ ਅੱਜ 373 ਵੇਂ ਦਿਨ ਚ ਦਾਖਲ ਹੋਇਆ। ਕਿਸਾਨ ਆਗੂ ਬੰਤਾ ਸਿੰਘ ਡੱਲਾ ਦੀ ਅਗਵਾਈ ਚ ਚਲੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਪੰਜਾਬ ਸਰਕਾਰ ਤੋਂ ਰਹਿ ਦੇ ਕਿਸਾਨ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਪੰਜ ਪੰਜ ਲੱਖ ਰੁਪਏ ਦੇ ਚੈਕ, ਸਰਕਾਰੀ ਨੌਕਰੀ ਦੇ ਹੁਕਮ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ ।ਉਨਾਂ ਕਿਹਾ ਕਿ ਗੁਰ ਤੇਗ ਬਹਾਦਰ ਨਗਰ ਜਗਰਾਓ ਦੇ ਵਸਨੀਕ ਗੁਰਪ੍ਰੀਤ ਸਿੰਘ ਅਤੇ ਪਿੰਡ ਰੂਮੀ ਦੀ ਬੀਬੀ ਗੁਰਮੀਤ ਕੌਰ ਦੇ ਪੀੜਤ ਪਰਿਵਾਰ ਲਈ ਅਜੇ ਤਕ ਚੈਕ ਜਾਰੀ ਨਾ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਇਸ ਮੰਗ ਦਾ ਫੌਰੀ ਹਲ ਨਾ ਕੀਤਾ ਗਿਆ ਤਾਂ ਕਿਸਾਨ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ।ਇਸ ਦੋਰਾਨ ਯੂਰੀਆ ਅਤੇ ਡੀ ਏ ਪੀ ਦੀ ਘਾਟ ਦੇ ਮਸਲੇ ਤੇ ਸਥਾਨਕ ਐਸ ਡੀ ਐਮ ਵਲੋਂ ਸੱਦੀ ਮੀਟਿੰਗ ਚ ਖੁਦ ਉਨਾਂ ਵਲੋਂ ਡੇਢ ਘੰਟਾ ਸਮਾਂ ਲੰਘ ਜਾਣ ਦੇ ਬਾਵਜੂਦ ਨਾ ਪੰਹੁਚਣ ਤੇ  ਕਿਸਾਨਾਂ ਨੇ ਮੀਟਿੰਗ ਦਾ ਬਾਈਕਾਟ ਕਰਕੇ  ਨਾਅਰੇ ਬਾਜੀ ਕਰਕੇ ਵਾਕਆਊਟ ਕਰ ਦਿਤਾ।ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਬੰਧਤ ਮਹਿਕਮੇ ਵਲੋਂ ਜਗਰਾਓ ਤਹਿਸੀਲ ਚ ਡੀ ਏ ਪੀ ਦੀ  ਮੰਗ ਮੁਤਾਬਕ ਮਾਤਰਾ ਪੂਰੀ ਕਰਨ ਲਈ ਤੇ ਜਗਰਾਓ ਚ ਡੀ ਏ ਪੀ ਦਾ ਰੈਕ ਲਾਹੁਣ ਲਈ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾਵੇ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਸਿੱਧਵਾਂ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬਸੂਵਾਲ,ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੋਲਣ ਆਦਿ ਆਗੂ ਹਾਜ਼ਰ ਸਨ।