ਧਰਮ ਜਾਂ ਆਮ ਸਮਾਜਿਕ ਸੁਸਾਇਟੀ ਸਿੱਖਾਂ ਵਿੱਚ ਇਕ ਸਾਂਝਾ ਰੂਪ ✍️ ਪਰਮਿੰਦਰ ਸਿੰਘ ਬਲ 

ਧਰਮ ਜਾਂ ਆਮ ਸਮਾਜਿਕ ਸੁਸਾਇਟੀ ਸਿੱਖਾਂ ਵਿੱਚ ਇਕ ਸਾਂਝਾ ਰੂਪ ਹੀ ਹੈ । ਸਿੱਖ ਧਰਮ ਦੇ ਮੁਢਲੇ , ਸਿਧਾਂਤਿਕ ਨਿਯਮ ਵੀ ਇਸੇ ਆਧਾਰਤ ਹਨ ਕਿ ਸਮਾਜ ਨੂੰ ਇਕ ਬਰਾਬਰਤਾ ਵਿੱਚ ਦੇਖਣਾ , ਸਮਾਜ ਦੇ ਇਨਸਾਫ਼ ਲਈ ਬਿਨਾ ਕਿਸੇ ਭੇਦ ਭਾਵ ਦੇ ਅੱਗੇ ਹੋ ਕੇ ਵਿਚਰਨਾ ਹੈ । ਅਜਿਹਾ ਕੁਝ ਕਰਨ ਲਈ ਸਿੱਖ ਨੂੰ ਖੁਦ ਤਨ ,ਮਨ , ਧਨ ਦੁਆਰਾ ਸਮਾਜਿਕ ਸੇਵਾ ਜਾਂ ਅਗਵਾਈ ਵਿੱਚ ਵਿਚਰਨ ਲਈ , ਸਿੱਖ ਗੁਰੂਆਂ ਦੀ ਦੱਸੀ ਸਿਧਾਂਤਿਕ ਜ਼ਿੰਦਗੀ ਵਿੱਚ ਢੱਲਣਾਂ ਅਤੀ ਜ਼ਰੂਰੀ ਹੈ । ਇਸ ਵਿੱਚ ਸਚਾਈ ਤੇ ਸਿਧਾਂਤਿਕ ਕਿਰਤ ਹੀ ਸਿੱਖ ਦੇ ਜੀਵਨ ਨੂੰ ਸਹੀ ਢਾਂਚੇ ਵਿੱਚ ਢਾਲਣ ਵਿੱਚ ਇਕ ਰਸਤਾ ਬਣਦੀ ਹੈ । ਅੱਜ ਦੇ ਸਮੇਂ ਵਿੱਚ ਸਿੱਖਾਂ ਨੂੰ ਆਮ ਲੋਕਾਈ, ਦੁਨੀਆ ਵਿੱਚ ਵਿਚਰਨ ਲਈ ਉਹਨਾਂ ਨੇ ਕਈ ਕੁਝ ਐਸੀ ਬੁਰਾਈ ਗ੍ਰਹਿਣ ਕਰ ਲਿਆ ਹੈ , ਜੋ ਕਿ ਨਾ ਤਾਂ ਸਿਧਾਂਤਿਕ ਤੌਰ ਤੇ ਸਹੀ ਹੈ ਨਾ ਹੀ ਸਿੱਖ ਦੇ ਜੀਵਨ ਲਈ ਚੰਗੇ ਲਛਣ ਹਨ । ਅੱਜ ਜਦੋਂ ਭੀ ਸਿੱਖ ਪੁਰਾਤਨ ਸਿੱਖਾਂ ਦੇ ਜੀਵਨ ਦੇ ਇਤਿਹਾਸ ਨੂੰ ਪੜਦਾ ਹੈ ਤਾਂ ਉਸ ਦੇ ਆਲੇ ਦੁਆਲੇ ਦੇ ਅੱਜ ਸਿੱਖਾਂ ਦੇ ਜੀਵਨ ਅਤੇ ਪੁਰਾਤਨ ਸਿਖਾਂ ਦੇ ਜੀਵਨ ਵਿੱਚ ਬਹੁਤ ਅੰਤਰ ਦੇਖਦਾ ਹੈ ।ਅਜ ਦਾ ਸਿੱਖ , ਦੇਸ਼ ਬਦੇਸ਼ ਵਿੱਚ ਵਿਚਰਦਾ ਵਪਾਰਕ ਤੇ ਕਾਰੋਬਾਰੀ ਹੈ । ਇਸ ਰਸਤੇ ਤੁਰਦਿਆਂ ਉਸ ਨੇ ਕਈ ਰਸਤੇ ਐਸੇ ਅਪਣਾ ਲਏ ਜੋ ਉਸ ਦੀ ਦੁਨਿਆਵੀ ਪਹਿਚਾਣ ਤਾਂ ਬਣੇ , ਪਰ ਸਿੱਖੀ ਦੀ ਪਛਾਣ ਨੂੰ ਬਰਕਰਾਰ ਰੱਖਣ ਵਿੱਚ , ਉਹ ਪੁਰਾਤਨ ਸਿਖਾਂ ਤੇ ਉਨ੍ਹਾਂ ਦੀ ਪਹਿਚਾਣ ਨੂੰ ਕਈ ਪੱਖਾਂ ਤੋਂ ਭੁੱਲ ਗਿਆ ਹੈ । ਜਿਹੜੇ ਨਸ਼ਿਆਂ ਅਤੇ ਕਮਾਈਆਂ ਤੋਂ ਸਿੱਖ ਦੂਰ ਰਹਿੰਦੇ ਸਨ , ਅਜਿਹੀ ਕਮਾਈ ਤੇ ਗਲਤ ਰਾਹ ਅੱਜ ਬਹੁਤੇ ਸਿੱਖਾਂ ਦੇ ਵਪਾਰ ਦਾ ਹਿੱਸਾ ਬਣ ਗਏ ਹਨ । ਇਸ ਪੱਖ ਤੇ ਨਜ਼ਰ ਮਾਰੀਏ ਤਾਂ ਅਜਿਹੇ ਸਿੱਖਾਂ ਨੇ ਪੁਰਾਤਨ ਤੇ ਸਿਧਾਂਤਿਕ ਪੱਖੋਂ , ਇਤਿਹਾਸ ਨਾਲ ਬਹੁਤ ਦੂਰੀ ਪੈਦਾ ਕਰ ਲਈ ਹੈ । ਇਤਿਹਾਸ ਦੀ ਇਕ ਉਦਾਹਰਣ ਬੜੀ ਪ੍ਰਚਲਿਤ ਚਲੀ ਆਈ ਹੈ ਕਿ - ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਤੰਬਾਕੂ ਦੇ ਖੇਤ ਵਿੱਚ ਪੈਰ ਨਹੀਂ ਸੀ ਪਾਇਆ । ਨਿਰਸੰਦੇਹ ਉਸ ਅਤੇ ਬਾਅਦ ਦੇ ਸਮੇਆਂ ਵਿੱਚ , ਸਿੱਖਾਂ ਤੋਂ ਇੱਲਾਵਾ , ਦੂਸਰੇ  ਲੋਕ ਅਜਿਹੇ ਨਸ਼ਿਆਂ ਦੀ ਖੇਤੀ ਕਰਦੇ ਅਤੇ ਕਾਰੋਬਾਰ ਕਰਦੇ ਸਨ , ਪਰ ਸਿੱਖ ਉਸ ਸਮੇਂ ਵੀ ਸਿੱਖ ਸਬਰ ਦੇ ਧਨੀ ਅਤੇ ਚੰਗੇ ਆਚਰਨ ਤੇ ਸਾਫ਼ ਸੁਥਰੀ ਕਮਾਈ ਪੱਖੋਂ ਮਹਾਨ ਸਨ । ਉਪਰੋਕਤ ਨਸ਼ਈ ਅਤੇ ਸਮਾਜ ਮਾਰੂ ਕਿਤੇ ਦੂਸਰੀ ਸ਼੍ਰੇਣੀਆਂ ਦੇ ਲੋਕਾਂ ਤੋਂ ਉਹ ਨਿਰਲੇਪ , ਵੱਖਰੇ ਰਹਿੰਦੇ , ਉਸੇ ਸਮਾਜ ਦਾ ਸੁਧਾਰਕ ਹਿੱਸਾ ਸਨ ਅਤੇ ਆਮ ਲੋਕ ਆਪਣੇ ਰਲੇ ਮਿਲੇ ਰੁਝੇਵਿਆਂ ਕਾਰਨ ਵੀ ਇਨਸਾਫ਼ ਅਤੇ ਚੰਗੇ ਮਸ਼ਵਰੇ ਦੀ ਸਲਾਹ ਸਿੱਖਾਂ ਤੋਂ ਹੀ ਲੋੜੀਂਦੇ ਸਨ । ਮਿਸਲਾਂ ਦਾ ਸਮਾਂ ਅਤੇ ਸਿੱਖ ਰਾਜ ਦਾ ਸਮਾਂ ਇਸ  ਪੱਖੋਂ ਸਿੱਖਾਂ ਦੇ ਉੱਚੇ ਸੁੱਚੇ ਚੰਗੇ ਕਿਰਦਾਰ ਅਤੇ ਇਨਸਾਫ਼ ਪਸੰਦੀ ਨੀਤੀ ਵਜੋਂ ਇਤਿਹਾਸ ਵਿੱਚ  ਸੁਨਹਿਰੀ ਪੰਨਿਆਂ ਵਿੱਚ ਦਰਜ ਹੈ । ਸਿੱਖਾਂ ਉਸ ਸਮੇਂ ਵੀ ਘਟਗਿਣਤੀ ਦੇ ਬਾਵਜੂਦ , ਹਿੰਦੂ ਮੁਸਲਮਾਨਾਂ ਦੀ ਬਹੁ ਗਿਣਤੀ ਨੂੰ ਅਗਵਾਈ ਦੇਣ ਦੇ ਕਾਬਲ ਰਹੇ । ਪਰ ਅੱਜ ਦੇ ਸਮਿਆਂ ਵਿੱਚ ਸਿਖਾਂ  ਨੇ ਦੇਸ਼ ਬਦੇਸ਼ ਵਿੱਚ ਭਾਂਵੇ ਸਮਾਜ ਦੇ ਹਰ ਹਿੱਸੇ ਵਿੱਚ ਆਪਣਾ ਨਾਮ ਉੱਚਾ ਕੀਤਾ ਹੈ , ਪਰ ਸਿਧਾਂਤਿਕ  ਪਖੋ ਸਿੱਖੀ ਦੇ ਨਾਮ ਵਿੱਚ ਬੜੇ ਬੁਰੇ ਅਸਰ ਸਹਿਤ ਮਿਲਗੋਭਾ ਕੀਤਾ ਹੈ । ਜ਼ਿੰਦਗੀ ਵਿੱਚ ਜਿਨ੍ਹਾਂ ਬੁਰੀਆਂ ਆਦਤਾਂ ਤੋਂ ਸਿੱਖ ਦੂਰ ਰਹਿੰਦਾ ਸੀ , ਉਨ੍ਹਾਂ ਨਸ਼ੇ ਦੀ ਹਰ ਕਿਸਮ ਦੇ ਵਪਾਰ ਵਿੱਚ ਪੈਰ ਹੀ ਨਹੀਂ ਧਰਿਆ ਸਗੋਂ ਸ਼ਰਾਬ , ਨਸ਼ਿਆਂ ਦੇ ਹਰ ਕਿਤੇ , ਕਲੱਬਾਂ ਤੇ ਕਈ ਥਾਈਂ ਨਸ਼ਈ ਕਲੱਬਾਂ ਦੇ ਗਿੱਰੇ ਆਚਰਨ ਦੇ ਵਪਾਰ ਦੇ ਕੋਹੜ ਨੂੰ ਸਿੱਖਾਂ ਦੇ ਮੰਨੇ ਪਰਮੰਨੇ ਹਿੱਸੇ ਨੇ ਗੱਲ ਲਾ ਲਿਆ ਹੈ । ਪੰਜਾਬ ਵਿੱਚ ਨਸ਼ਾ ਤਸ਼ਕਰੀ ਦਾ ਸੇਵਨ , ਵਪਾਰ , ਦੇਸ਼ ਬਦੇਸ਼ ਵਿੱਚ ਸ਼ਰਾਬ ,ਸਿਗਰਟ ਦੀਆਂ ਦੁਕਾਨਾਂ ਵਿੱਚ ਜ਼ਿਆਦਾ ਮਲਕੀਅਤ ਵਿੱਚ ਸਿੱਖ ਹੀ ਵੇਚਦੇ ਦਿਖਾਈ ਦੇ ਰਹੇ ਹਨ । ਪੰਥਕ ਸਫਾਂ , ਗੁਰਦੁਆਰਿਆ ਦੇ ਮੁਖੀ ਪ੍ਰਬੰਧਕ ਅਜਿਹੇ ਵਪਾਰਾਂ , ਦੁਕਾਨਦਾਰੀਆਂ ਦੇ ਮਾਲਕ ਆਮ ਹਨ । ਕਈ ਥਾਈਂ ਕਲੱਬਾਂ ਦੇ ਮਾਲਕ ਵੀ ਟਾਵੇਂ ਟਾਵੇਂ ਸਿੱਖ ਹਨ। ਅੱਜ ਬਹੁਪੱਖੀ ਸਮਾਜ ਸ਼ਾਇਦ ਇਹ ਸੋਚਦਾ ਹੋਵੇਗਾ ਕਿ ਜਿਨਾਂ ਰਖਵਾਲਿਆਂ ਨੂੰ ਇਤਿਹਾਸ ਰਾਖੇ ਦੱਸਦਾ ਆਇਆ ਹੈ , ਉਹ ਲੋਕ ਖੁਦ ਹੀ ਕਿਉਂ ਅਜਿਹੇ ਕਿੱਤਿਆਂ ਨੂੰ ਗੱਲ ਲਾ ਰਹੇ ਹਨ । ਸਿੱਖ  ਗੁਰੂਆਂ ਨੇ ਸਿਧਾਂਤ ਤੇ ਨੇਕ ਕਮਾਈ ਦਾ ਢੰਡੋਰਾ ਦੇ ਕੇ ਮਨੁੱਖਤਾ ਨੂੰ ਸਹੀ ਰਸਤਾ ਦਿਖਾਇਆ , ਉਸ ਰਸਤੇ ਤੋ ਕੁਝ ਸਿੱਖਾਂ ਦਾ ਹੀ ਵਪਾਰੀ ਹਿੱਸਾ ਸਮਾਜ ਨੂੰ ਗੁਮਰਾਹ ਕਰ ਰਿਹਾ ਹੈ । ਸ਼ਾਇਦ ਅਜਿਹੇ ਸਿਧਾਂਤਹੀਣ ਲੋਕਾਂ ਲਈ ਹੀ ਇਕ ਸ਼ਾਇਰ ਨੇ ਇਂਝ ਲਿਖਿਆ ਕਿ—  “ਯਿਹ ਬੰਦ ਕਰਾਨੇ ਆਏ ਥੇ ਤਵਾਇਤੋਂ ਕੇ ਕੋਠੇ , ਮਗਰ ਸਿਕੋਂ ਕੀ ਛਣਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ “  -ਅਫ਼ਸੋਸ ਇਸ ਗੱਲ ਦਾ ਹੋਰ ਭੀ ਜ਼ਿਆਦਾ ਹੈ ,ਕਿ ਸਾਡੇ ਮਹਾਨ ਸੰਸਥਾਵਾਂ , ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਾਹਿਬਾਂ ਨੇ ਵੀ ਇਸ ਗਿਰਾਵਟ ਵੱਲ ਨਾ ਹੀ ਕੋਈ ਧਿਆਨ ਦਿੱਤਾ ਅਤੇ ਨਾ ਹੀ ਕੋਈ ਸੁਧਾਰ ਲਈ ਇਸ ਪੱਖੋਂ ਕੋਈ ਕਦਮ ਪੁੱਟਿਆ , ਸਗੋਂ ਅਜਿਹੀ ਦਸ਼ਾ ਦੀ ਆਓ ਭਗਤ ਨੂੰ ਪ੍ਰਵਾਨ ਕਰ ਲਿਆ ਹੈ । ਅੱਜ ਸਿੱਖ ਧਰਮ , ਸਮਾਜ ਵਿੱਚ ਜੇ ਕਰ ਅਜਿਹੇ ਕੁਰਹਿਤਾਂ ਦੇ ਕਿਤੇ , ਵਪਾਰ “ਸਿੱਖ ਪੰਥ” ਵਿੱਚ ਵਪਾਰੀ ਅਤੇ ਅਗਵਾਈ ਦਾ ਹਿੱਸਾ ਹਨ , ਤਦ ਸਮੁੱਚੀ ਸਿੱਖ ਕੌਮ  ਦਾ ਕੌਮੀ ਅਤੇ ਸਮਾਜਿਕ ਸੇਵਾ ਇਨਸਾਫ਼ ਦਾ ਦ੍ਰਿਸ਼ਟੀਕੋਣ ਅਤੇ ਭਵਿੱਖ ਕਿਹੋ ਜਿਹਾ ਕਿਹਾ ਜਾ ਸਕਦਾ ਹੈ ? ਅਜਿਹੇ ਮਸਲੇਆਂ , ਅਜਿਹੀ ਦੋਹਰੇ  ਚਿਹਰੇ ਦੀ ਸਿੱਖ ਦੀ ਹੋਂਦ ਨੇ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਦੇ ਸੱਚੇ ਸੁੱਚੇ ਸਿਧਾਂਤ ਤੇ ਸੱਟ ਮਾਰ ਕੇ ਗੁਮਰਾਹ ਕਰਨ ਦਾ ਜੋ ਰਾਹ ਅਪਨਾਇਆ ਹੈ , ਇਹ ਆਉਣ ਵਾਲੇ ਸਿੱਖ ਇਤਿਹਾਸ ਲਈ , ਹੋਂਦ ਲਈ ਖ਼ਤਰਨਾਕ ਹੈ । ਸਿੱਖ ਕੌਮ ਨੂੰ ਅਜੋਕੇ ਸਮੇਂ ਵਿੱਚ ਅਜਿਹੇ ਸੰਕਟ ਨੇ ਆ ਘੇਰਿਆ ਹੈ ਜੋ ਇਕ ਕਲੰਕ ਹੈ ਅਤੇ ਸਿੱਟੇ ਭੀ ਕਲੰਕਤ ਹੀ ਦਿਖਾਈ ਦੇ ਰਹੇ ਹਨ । ਸਿੱਖ ਕੁੜੀ ਮਾਰ , ਨੜੀਮਾਰਾਂ ਤੋ ਦੂਰ ਰਹਿੰਦਾ ਸੀ । ਪਰ ਅੱਜ ਕੀ ਹੋ ਰਿਹਾ ਹੈ । ਤਖਤਾਂ ਦੇ ਜਥੇਦਾਰ ਅਵੇਸਲੇ ਹੋ ਕੇ ਕਿਹੜੀ ਨੀਂਦ ਸੁੱਤੇ ਹਨ । ਸਿੱਖ ਕੌਮ ਦੇ ਕਿਰਦਾਰ ਨੂੰ ਉਪਰੋਕਤ ਦੱਸੇ ਕਾਰਨ ਤਹਿਤ ਉੱਚਾ ਲਿਆਉਣ ਦੀ ਲੋੜ ਹੈ । ਜੇਕਰ ਮਸਾ ਰੰਘੜ ਦੇ ਸ਼ਰਾਬ ਦੇ ਦੌਰ ਅਤੇ ਵੇਸਵਾਵਾਂ ਦਾ ਕਾਂਢ ਦੁਖਦਾਈ ਸੀ ਤਦ ਹੀ ਭਾਈ ਸੁੱਖਾ ਸਿੰਘ , ਭਾਈ ਮਹਿਤਾਬ ਸਿੰਘ ਦੀ ਕੁਰਬਾਨੀ ਸਿੱਖ ਮਾਣ ਨਾਲ ਯਾਦ ਕਰਦੇ ਹਨ । ਅਜਿਹੇ ਅਨੇਕਾਂ ਕੁਰਬਾਨੀਆਂ ਦੇ ਕਾਰਨਾਮੇ ਹਨ , ਜੋ ਹਮੇਸ਼ਾ ਸਿੱਖ ਦੀ ਕਿਰਤ ,ਉੱਚੇ ਸੁੱਚੇ ਜੀਵਨ ਦੀ ਹੀ ਗਵਾਹੀ ਭਰਦੇ ਹਨ । ਸਾਡਾ ਸਮੁੱਚੇ ਤੌਰ ਤੇ ਫ਼ਰਜ਼ ਹੈ ਕਿ ਇਸ ਪੱਖ ਦੀ ਗੰਭੀਰਤਾ ਨੂੰ ਵਿਚਾਰੀਏ ਅਤੇ ਸਾਂਝ ਪਾਈਏ । —— ਪਰਮਿੰਦਰ ਸਿੰਘ ਬਲ ਯੂ.ਕੇ .। email:psbal46@gmail.com