You are here

ਗੀਤਾਂ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ ✍️ਸ. ਸੁਖਚੈਨ ਸਿੰਘ ਕੁਰੜ

 ਪੰਜਾਬੀ ਕਾਵਿ-ਜਗਤ ਵਿੱਚ ਸਾਹਿਤਿਕ ਗੀਤਕਾਰੀ ਨੂੰ ਨਿਭਾਉਣ ਵਾਲ਼ੀ ਜੇ ਕਿਸੇ ਕਲਮ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੋਵੇ ਤਾਂ ਮੇਰੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਂ ਨੰਦ ਲਾਲ ਨੂਰਪੁਰੀ ਦਾ ਹੀ ਆਉਂਦਾ ਹੈ। ਹੁਣ ਤੱਕ ਨੂਰਪੁਰੀ ਦੇ ਲਿਖੇ ਗੀਤਾਂ ਨੇ ਆਪਣੇ-ਆਪ ਨੂੰ ਲੋਕ ਗੀਤਾਂ ਦੇ ਹਾਣੀ ਬਣਾਕੇ ਨੂਰਪੁਰੀ ਨੂੰ ਜਿਉਂਦੇ ਰੱਖਿਆ ਹੋਇਆ ਹੈ। ਨੂਰਪੁਰੀ ਨੂੰ ਸਾਹਿਤਕ ਗੀਤਕਾਰੀ ਦੇ ਬਾਦਸ਼ਾਹ ਹੋਣ ਦਾ ਮਾਣ ਦਿੰਦਿਆਂ ਅੱਜ ਆਪਾਂ ਇੱਥੇ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ,ਸਾਹਿਤਕ ਸਫ਼ਰ ਤੇ ਗੀਤਕਾਰੀ ਬਾਰੇ ਵਿਚਾਰਾਂ ਦੀ ਸਾਂਝ ਬਣਾਵਾਂਗੇ।  ਨੰਦ ਲਾਲ ਦਾ ਜਨਮ 3 ਜੂਨ 1906 ਵਿੱਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਹੀ ਆਪਣੇ ਨਾਂ ਨਾਲ਼ ਜੋੜਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆਂ ਵਿੱਚ ਪਹਿਚਾਣ ਦਿੱਤੀ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ। 1934 ਤੋਂ 1940 ਤੱਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇੱਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਹਦਾ ਕਵੀ ਮਨ ਕੁਰਲਾ ਉੱਠਿਆ, ਉਸ ਨੇ ਲਿਖਿਆ:- ਏਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ। ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ।  ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸਪੰਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿੱਚ ਕੁੱਝ ਸਮੇਂ ਲਈ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਇੱਕ ਸਮੇਂ ਉਸ ਦੀ ਸਾਹਿਤ-ਸੇਵਾ ਤੇ ਦੇਸ-ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ:- ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ। ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ। ਕੱਫ਼ਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ, ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ। 1940 ਵਿਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ.ਮੋਹਨ ਸਿੰਘ ਅਨੁਸਾਰ, "1940 ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਫ਼ਰਮਾਇਸ਼ ਉੱਤੇ ਨੂਰਪੁਰੀ ਨੇ ਪ੍ਰਸਿੱਧ ਫ਼ਿਲਮ 'ਮੰਗਤੀ' ਦੇ ਗਾਣੇ ਲਿਖੇ, ਜਿਸ ਨਾਲ਼ ਇੱਕ ਫਿਲਮੀ ਗੀਤਕਾਰ ਵਜੋਂ ਉਸ ਦੀ ਧਾਂਕ ਬੈਠ ਗਈ।" ਇਸ ਤੋਂ ਇਲਾਵਾ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤਾਂ ਨੇ ਆਪਣੇ ਸਮੇਂ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ।  ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲੱਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ, ਜਿੰਨ੍ਹਾਂ ਦੀ ਗਿਣਤੀ 12 ਹੀ ਮਿਲ਼ਦੀ ਹੈ । ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ਵਿੱਚ ਸਭ ਤੋਂ ਪਹਿਲਾਂ 'ਨੂਰੀ ਪਰੀਆਂ' ਦਾ ਨਾਂ ਆਉਂਦਾ ਹੈ ਜੋ ਕਿ ਉਸ ਸਮੇਂ ਲਹੌਰ ਤੋਂ ਛਪੀ ਸੀ। ਉਸ ਤੋਂ ਬਾਅਦ 'ਵੰਗਾਂ', ਦਾ ਜ਼ਿਕਰ ਆਉਂਦਾ ਹੈ ਜਿਸ ਦੇ ਗੀਤਾਂ ਨੂੰ "ਰੂਹ ਦੀ ਗਜ਼ਾ" ਦੇ ਤੌਰ ਤੇ ਵਡਿਆਇਆ ਹੋਇਆ ਮਿਲ਼ਦਾ ਹੈ। ਅੱਗੇ ਕਿਤਾਬ 'ਜਿਊਂਦਾ ਪੰਜਾਬ' ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ਨੂਰਪੁਰੀ ਦੇ ਗੀਤ', ਉਸ ਤੋਂ ਬਾਅਦ 'ਸੁਗਾਤ' ਪੁਸਤਕ ਜਿਸਨੂੰ ਕਿ 'ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ 'ਹੀਰਾ ਸਿੰਘ ਦਰਦ' ਨੂਰਪੁਰੀ ਦੇ ਗੀਤਾਂ ਨੂੰ "ਸਮਾਜ ਲਈ ਸੁਗਾਤ" ਮੰਨਦਾ ਹੈ। ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ ਭੂਮਿਕਾ ਪ੍ਰੋ ਮੋਹਨ ਸਿੰਘ ਨੇ ਲਿਖੀ ਜੋ ਕਿ 11 ਸਫ਼ਿਆਂ ਦੀ ਲੰਮੀ ਭੂਮਿਕਾ ਸੀ। ਹੁਣ ਅੱਗੇ ਗੀਤਾਂ ਦੇ ਬਾਦਸ਼ਾਹ ਦੀ ਗੀਤਕਾਰੀ ਦੀ ਸ਼ੁਰੂਆਤ ਦੀ ਗੱਲ ਕਰਨ ਤੋਂ ਪਹਿਲਾਂ ਨੂਰਪੁਰੀ ਦੇ ਗੀਤ ਲਿਖਣ ਸੰਬੰਧੀ ਇਹ ਵਿਚਾਰ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ‌‌। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।'' ਨੂਰਪੁਰੀ ਨੇ ਉਪਰੋਕਤ ਵਿਚਾਰ ਨੂੰ ਸਿਰਫ ਕਹਿਣ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ 'ਤੇ ਇਹਨਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ‌।  ਉਸ ਦਾ ਸਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਜੋ ਕਿ ਉਸਨੇ 1925 ਵਿੱਚ ਲਿਖਿਆ ਸੀ।  ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ । ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ।  ਇੱਥੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸ਼ੁਰੂਆਤ ਵਿੱਚ ਹੀ ਦੇਸ-ਪਿਆਰ ਨਾਲ਼ ਭਰੀ ਭਾਵਨਾ ਨਾਲ਼ ਨੂਰਪੁਰੀ ਆਪਣੀ ਕਲਮ ਨੂੰ ਗੁੜ੍ਹਤੀ ਦਿੰਦਾਂ ਹੋਇਆ ਮਿਲ਼ਦਾ ਹੈ। ਉਸ ਦੇ ਲਿਖੇ ਗੀਤਾਂ ਨੂੰ ਉਸ ਸਮੇਂ ਦੇ ਚਰਚਿਤ ਕਲਾਕਾਰ ਗਾਕੇ ਆਪਣੇ ਆਪ ਨੂੰ ਭਾਗਾਂ ਵਾਲ਼ਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਹਾਣੀ ਲੱਗਦੇ ਹਨ, ਮੱਲੋ-ਮੱਲੀ ਇਹਨਾਂ ਗੀਤਾਂ ਦੇ ਬੋਲ ਜਵਾਨ ਮੁੰਡੇ ਕੁੜੀਆਂ ਦੇ ਬੁੱਲਾਂ ਤੇ ਥਿਰਕਣ ਲੱਗ ਜਾਂਦੇ ਹਨ। ਨੂਰਪੁਰੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਹੀ ਆਇਆ,ਆਓ ਆਪਾਂ ਨੂਰਪੁਰੀ ਦੇ ਲਿਖੇ ਉਹਨਾਂ ਗੀਤਾਂ ਵੱਲ ਇੱਕ ਝਾਤ ਪਾਈਏ, ਜੋ ਅੱਜ ਵੀ ਲੋਕ ਮਨਾਂ ਉੱਪਰ ਆਪਣੀ ਪਹਿਚਾਣ ਬਣਾਈ ਬੈਠੇ ਹਨ।  1.ਚੰਨ ਵੇ ! ਕਿ ਸ਼ੌਂਕਣ ਮੇਲੇ ਦੀ । ਪੈਰ ਧੋ ਕੇ ਝਾਂਜਰਾਂ ਪੌਂਦੀ, ਮੇਲ੍ਹਦੀ ਆਉਂਦੀ ਕਿ ਸ਼ੌਂਕਣ ਮੇਲੇ ਦੀ । 2.ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ-ਪ੍ਰਕਾਸ਼ ਕੌਰ 3. ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ-ਸੁਰਿੰਦਰ ਕੌਰ, ਪ੍ਰਕਾਸ਼ ਕੌਰ 4.ਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ,ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ’-ਸੁਰਿੰਦਰ ਕੌਰ ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲ਼ਾ ਇਨਸਾਨ ਸੀ, ਉਸਦੀ ਇਹ ਸੱਚੀ-ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ:-   1.ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ, ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ- ਪ੍ਰਕਾਸ਼ ਕੌਰ, ਸੁਰਿੰਦਰ ਕੌਰ 2.ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ-ਪ੍ਰਕਾਸ਼ ਕੌਰ, ਸੁਰਿੰਦਰ ਕੌਰ 3.ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ-ਪ੍ਰਕਾਸ਼ ਕੌਰ, ਸੁਰਿੰਦਰ ਕੌਰ 4. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ- ਸੁਰਿੰਦਰ ਕੌਰ, ਪ੍ਰਕਾਸ਼ ਕੌਰ  ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ਼ ਹਾਣ ਪ੍ਰਵਾਨ ਕੀਤਾ, ਲੋਕਾਈ ਨੇ ਉਹਦੀ ਕਲਮ ਨੂੰ ਸਤਿਕਾਰ ਦਿੱਤਾ। ਔਰਤ ਦੇ ਵੱਖੋ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ,ਉਹਨਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ਼ ਗੀਤਾਂ ਵਿੱਚ ਪਰੋਣ ਦਾ ਸਭ ਤੋਂ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਨੂਰਪੁਰੀ ਦੇ ਗੀਤਾਂ 'ਤੇ ਜਿੰਨੀਂ ਵੀ ਚਰਚਾ ਕੀਤੀ ਜਾਵੇ ਥੋੜ੍ਹੀ ਹੀ ਰਹੇਗੀ ਕਿਉਂਕਿ ਹਰ ਗੀਤ ਵਿੱਚ ਪੰਜਾਬੀ ਸੁਭਾਅ ਦੀ ਸੱਭਿਅਕ ਪਹਿਚਾਣ ਨੂੰ ਮਾਣ ਬਖ਼ਸ਼ਿਆ ਹੋਇਆ ਹੈ। ਸੱਭਿਆਚਾਰਕ ਪੱਖ ਤੋਂ ਸ਼ਬਦਾਵਲੀ ਅਧਾਰਿਤ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਇਸ ਮਹਾਨ ਕਲਮਕਾਰ ਨੂੰ ਜੋ ਮਾਣ ਸਨਮਾਨ ਉਹਦੇ ਜਿਉਂਦੇ ਜੀਅ ਮਿਲ਼ਨਾ ਚਾਹੀਦਾ ਸੀ ਉਹ ਨਹੀਂ ਮਿਲ਼ਿਆ। ਨੂਰਪੁਰੀ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚੱਪਲਾਂ ਨਾਲ਼ ਅਤੇ ਸਾਈਕਲ ਨਾਲ਼ ਹੀ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ।  ਨੂਰਪੁਰੀ ਖ਼ੁਦ ਅਕਸਰ ਆਖਿਆ ਕਰਦਾ ਸੀ ਕਿ  "ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।"  ਨੰਦ ਲਾਲ ਨੂਰਪੁਰੀ ਇੱਕ ਵਿਸ਼ੇਸ਼ ਗੁਣ ਇਹ ਵੀ ਸੀ ਕਿ ਉਹਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਕਦੇ ਤਰਲੇ ਨਹੀਂ ਮਾਰੇ। ਬੇਸ਼ੱਕ ਆਪਣੀ ਨਿੱਜੀ ਜ਼ਿੰਦਗੀ ਦੇ ਫ਼ਕੀਰਪੁਣੇ 'ਚ ਨੂਰਪੁਰੀ ਨੇ ਸ਼ਬਦਾਂ ਦਾ ਤਾਜ ਪਹਿਨਕੇ ਗੀਤਕਾਰੀ ਦੀ ਬਾਦਸਾਹੀ ਦਾ ਮਾਣ ਖੱਟਿਆ ਪਰ ਪਰਿਵਾਰ ਨੂੰ ਪਾਲਦਿਆਂ ਆਰਥਿਕ ਤੰਗੀਆਂ ਨਾਲ਼ ਜੂਝਦਾ ਅੰਦਰੋਂ-ਅੰਦਰੀ ਮਾਨਸਿਕ ਤੌਰ 'ਤੇ ਹਾਰਦਾ ਆਖਿਰ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)