ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ਼ ਮੋਰਕਰੀਮਾਂ ਦੀ ਯਾਦ ਚ ਬਰਸੀ ਸਮਾਗਮ

ਜਗਰਾਓ, 19 ਮਾਰਚ ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ) ਮਹਾਨ ਨਕਸਲਬਾੜੀ ਲਹਿਰ ਦੇ ਯੋਧੇ ਸ਼ਹੀਦ ਬਖਸ਼ੀਸ਼ ਮੋਰਕਰੀਮਾਂ ਦੀ 52 ਵੀਂ ਬਰਸੀ ਪਿੰਡ ਮੋਰਕਰੀਮਾਂ ਵਿਖੇ ਉਨਾਂ ਦੀ ਸ਼ਹੀਦੀ ਯਾਦਗਾਰ ਤੇ ਮਨਾਈ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਇਸ ਯਾਦਗਾਰੀ ਸਮਾਗਮ ਚ ਸ਼ਾਮਲ ਹੋਏ।  ਮਾਸਟਰ ਕੁਲਵਿੰਦਰ ਸਿੰਘ ਦੀ ਮੰਚ ਸੰਚਾਲਨਾ ਹੇਠ ਸਕੂਲੀ ਬੱਚਿਆਂ ਨੇ ਝੂਠੀ ਆਜਾਦੀ ਸਬੰਧੀ ਅਤੇ ਬਾਈ ਅਮਰਜੀਤ ਸਿੰਘ ਨੇ ਨਵੇਂ ਬੇਗਮਪੁਰਾ ਦਾ ਗੀਤ,ਕਸਤੂਰੀ ਲਾਲ ਨੇ" ਅੰਮੀਏ ਅਮਰ ਕਰ ਗਿਆ ਪੁੱਤ ਪਾ ਕੇ ਸ਼ਹੀਦੀ ਤੇਰਾ "ਗੀਤ ਰਾਹੀਂ ਹਾਜਰੀ ਲਵਾਈ । ਲਖਵੀਰ ਸਿੱਧੂ ਅਤੇ ਸਤਪਾਲ ਦੇ ਜਥੇ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਦੋ ਮਿੰਟ ਦਾ ਮੋਨ ਧਾਰ ਕੇ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ, ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ "ਗੀਤ ਦੇ ਚਲਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਸ਼ਰਧਾਂਜਲੀ ਦਿੰਦਿਆਂ ਬੁਲਾਰਿਆਂ ਚ ਸ਼ਾਮਲ ਕੰਵਲਜੀਤ ਖੰਨਾ, ਜਸਵੰਤ ਜੀਰਖ, ਰਜਿੰਦਰ ਸਿੰਘ, ਜਸਦੇਵ ਲਲਤੋਂ, ਗੁਰਮੇਲ ਸਿੰਘ ਭਰੋਵਾਲ,  ਹਰਦੇਵ ਮੁਲਾਂਪੁਰ ਨੇ ਕਿਹਾ ਕਿ ਮਜਦੂਰ ਪ੍ਰਾਪਤ ਚ ਜਨਮਿਆ ਸ਼ਹੀਦ ਬਖਸ਼ੀਸ਼ ਵੀ ਸ਼ਹੀਦ ਭਗਤ ਸਿੰਘ ਵਾਂਗ ਕਾਲਜ ਦੀ ਪੜਾਈ ਵਿਚਾਲਿਓਂ ਛੱਡ ਲੋਕ ਮੁਕਤੀ ਲਈ ਇਨਕਲਾਬ ਦੇ ਰਾਹ ਤੁਰਿਆ ਸੀ। 1967,68 ਚ ਬੰਗਾਲ ਦੇ ਪਿੰਡ ਨਕਸਲ ਬਾੜੀ ਤੋਂ ਜਮੀਨ ਹਲਵਾਹਕ ਦੇ ਨਾਰੇ ਤਹਿਤ ਤੁਰੀ ਇਸ ਬੇਜ਼ਮੀਨੇ ਕਿਸਾਨਾਂ ਦੀ ਲਹਿਰ  ਨੇ ਦੇਸ਼ ਦੇ ਹਾਕਮਾਂ ਨੂੰ ਜਮੀਨ ਦੀ ਬਰਾਬਰ ਵੰਡ ਕਰਨ ਲਈ ਕੰਬਣੀਆਂ ਛੇੜ ਦਿਤੀਆਂ ਸਨ। ਪੰਜਾਬ ਚ ਅਨੇਕਾਂ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਨਕਸਲੀ ਯੋਧਿਆਂ ਨੂੰ ਪੰਜਾਬ ਪੁਲਸ ਨੇ ਸ਼ਹੀਦ ਕੀਤਾ ਸੀ। ਨਵਾਂਸ਼ਹਿਰ ਰੇਲਵੇ ਸਟੇਸ਼ਨ ਤੇ ਇਕੋ ਇਕ ਸੱਚੇ ਪੁਲਸ ਮੁਕਾਬਲੇ ਚ ਸ਼ਹੀਦ ਹੋਣ ਵਾਲੇ ਬਖਸ਼ੀਸ਼ ਦਾ ਸੁਪਨਾ  ਹੀ ਭਗਤ ਸਿੰਘ ਵਾਂਗ ਇਕ ਲੁੱਟ ਰਹਿਤ ਸਮਾਜ ਬਨਾਉਣਾ ਸੀ। ਪਰ ਉਹ ਅਜੇ ਅਧੂਰਾ ਹੈ। ਅਜ ਫਿਰ ਦੇਸ਼ ਤੇ ਕਬਜਾ ਕਰਨ ਲਈ ਸੰਸਾਰ ਵਪਾਰ ਸੰਸਥਾਂ ਦਾ ਦੂਜਾ ਰੂਪ ਜੀ 20 ਦੀਆਂ ਕਾਰਪੋਰੇਟ ਗਿਰਝਾਂ ਸਾਡੇ ਮਾਲ ਖਜਾਨੇ ਚੁੰਡਣ ਲਈ ਭਾਰਤ ਦੇ ਵਖ ਵਖ ਸ਼ਹਿਰਾਂ ਚ ਬੈਠ ਕੇ ਵਿਉਂਤਾਂ ਘੜ ਰਹੀਆਂ ਹਨ ਜਿਸ ਖਿਲਾਫ ਪੰਜਾਬ ਭਰ ਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ ਤੇ ਹੁਣ ਵੀਹ ਮਾਰਚ ਨੂੰ ਲੱਖਾਂ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ। ਇਸ ਸਮੇਂ ਸ਼ਹੀਦੀ ਯਾਦਗਾਰ ਤੇ ਲਾਲ ਪਰਚਮ ਲਹਿਰਾਉਣ ਦੀ ਰਸਮ ਰੋਹਲੇ ਨਾਹਰਿਆਂ ਦੀ ਗੂੰਜ ਚ ਸ਼ਹੀਦ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਨੇ ਨਿਭਾਈ। ਕਿਸਾਨ ਆਗੂ ਮਨਜਿੰਦਰ ਸਿੰਘ ਮੋਰਕਰੀਮਾਂ ਨੇ ਹਾਜਰੀਨ ਦਾ ਧੰਨਞਾਦ ਕੀਤਾ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ,  ਗੁਰਦਿਆਲ ਸਿੰਘ ਤਲਵੰਡੀ, ਕਾਮਰੇਡ ਸੁਰਿੰਦਰ,  ਹਰਜਿੰਦਰ ਕੌਰ ਲੁਧਿਆਣਾ, ਬੇਅੰਤ ਸਿੰਘ ਬਾਣੀਏ ਵਾਲ, ਮਨਮੋਹਨ ਸਿੰਘ ਪੰਡੋਰੀ, ਬਲਜੀਤ ਸਿੰਘ ਸਵੱਦੀ, ਅਵਤਾਰ ਸਿੰਘ ਬਿੱਲੂ ਜਥੇਦਾਰ ਗੁਰਮੀਤ ਸਿੰਘ ਨੂਰਪੁਰਾ ,ਮਦਨ ਸਿੰਘ, ਪਾਲ ਸਿੰਘ ਗਹੌਰ, ਕੁੰਡਾ ਸਿੰਘ ਕਾਉਂਕੇ, ਹਰਮਨ ਲੀਹਾਂ ਆਦਿ ਹਾਜਰ ਸਨ ।