ਮਹਾਰਾਣੀ ਐਲਿਜ਼ਾਬੈਥ ਦੀ ਥਾਂ ਪਹਿਲੀ ਵਾਰ  ਪਿ੍ੰਸ ਚਾਰਲਸ ਨੇ ਕੀਤਾ ਸੰਸਦ ਨੂੰ ਸੰਬੋਧਨ

ਲੰਡਨ, 11 ਮਈ (ਖਹਿਰਾ )-ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਚੱਲਣ 'ਚ ਦਿੱਕਤ ਆਉਣ ਤੋਂ ਬਾਅਦ ਅੱਜ ਮੰਗਲਵਾਰ ਤੋਂ ਸ਼ੁਰੂ ਹੋਏ ਬਿ੍ਟਿਸ਼ ਸੰਸਦ ਦੇ ਸੈਸ਼ਨ ਦੇ ਰਵਾਇਤੀ ਉਦਘਾਟਨ 'ਚ ਮੌਜੂਦ ਨਹੀਂ ਹੋ ਸਕੀ । ਉਨ੍ਹਾਂ ਦੀ ਥਾਂ ਉਨ੍ਹਾਂ ਦੇ ਸਪੁੱਤਰ ਪਿ੍ੰਸ ਚਾਰਲਸ ਨੇ ਪਹਿਲੀ ਵਾਰ ਸੰਸਦ ਵਿਚ ਆਪਣੀ ਮਾਂ ਦਾ ਭਾਸ਼ਣ ਪੜ੍ਹਿਆ ਅਤੇ ਅਗਲੇ ਸਾਲ ਲਈ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਬਕਿੰਘਮ ਪੈਲਿਸ ਅਨੁਸਾਰ 96 ਸਾਲਾ ਮਹਾਰਾਣੀ ਐਲਿਜ਼ਾਬੈਥ ਨੇ ਇਹ ਫੈਸਲਾ ਆਪਣੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ । ਪੈਲੇਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਦੀ ਬੇਨਤੀ 'ਤੇ ਸਬੰਧਤ ਅਧਿਕਾਰੀਆਂ ਨੇ ਪਿ੍ੰਸ ਆਫ ਵੇਲਜ਼ ਨੂੰ ਮਹਾਰਾਣੀ ਤਰਫੋਂ ਭਾਸ਼ਣ ਪੜ੍ਹਨ ਦੀ ਸਹਿਮਤੀ ਦਿੱਤੀ । ਇਸ ਮੌਕੇ ਡਿਊਕ ਆਫ ਕੈਮਬਿ੍ਜ਼ ਪਿ੍ੰਸ ਵਿਲੀਅਮ ਅਤੇ ਕੈਮਿਲਾ ਪਾਰਕਰ ਵੀ ਮੌਜੂਦ ਸੁੰਨ । 1952 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਪਹਿਲਾਂ ਵੀ  ਦੋ ਵਾਰ 1959 ਅਤੇ 1963 ਵਿਚ ਸੰਸਦ ਦੇ ਉਦਘਾਟਨੀ ਸੈਸ਼ਨ ਵਿਚ ਸ਼ਾਮਿਲ ਨਹੀਂ ਹੋ ਸਕੀ । ਉਸ ਸਮੇਂ ਉਹ ਪਿ੍ੰਸ ਐਂਡਰਿਊ ਅਤੇ ਪਿ੍ੰਸ ਐਡਵਰਡ ਦੇ ਜਨਮ ਨੂੰ ਲੈ ਕੇ ਗਰਭ-ਅਵਸਥਾ 'ਚ ਸੀ । ਪਿਛਲੇ 59 ਸਾਲਾਂ ਵਿਚ ਇਹ ਪਹਿਲੀ ਵਾਰ ਅਤੇ ਪੂਰੇ ਸ਼ਾਸ਼ਨ ਦੌਰਾਨ ਤੀਜੀ ਵਾਰ ਹੈ ਜਦੋਂ ਮਹਾਰਾਣੀ ਨੇ ਸੰਸਦ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਨਾ ਕੀਤਾ ਹੋਵੇ ।