-ਕੇਂਦਰੀ ਰਾਜ ਮੰਤਰੀ ਨੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ, ਐਮ.ਪੀ. ਲੈੰਡ ਫੰਡ, ਅੰਮ੍ਰਿਤ ਸਰੋਵਰ ਯੋਜਨਾ ਤੋਂ ਇਲਾਵਾ ਹੋਰ ਕੇਂਦਰੀ ਯੋਜਨਾਵਾਂ ਦੀ ਕੀਤੀ ਸਮੀਖਿਆ
ਹੁਸ਼ਿਆਰਪੁਰ, 9 ਮਈ (ਰਣਜੀਤ ਸਿੱਧਵਾਂ) : ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਟਰੀਟ ਵੈਂਡਰਸ ਆਤਮ ਨਿਰਭਰ ਨਿਧੀ ਸਕੀਮ (ਪ੍ਰਧਾਨ ਮੰਤਰੀ ਸਵੈਨਿਧੀ) ਰਾਹੀਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੇ ਪੈਰ੍ਹਾਂ ਤੇ ਖੜ੍ਹਾ ਕਰਕੇ ਉਨ੍ਹਾਂ ਦੀ ਆਰਥਿਕਤਾ ਵਿੱਚ ਸਹਿਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਸਹਾਇਤਾ ਨਾਲ ਕਈ ਜ਼ਰੂਰਤਮੰਦ ਲੋਕ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐਮ.ਪੀ. ਲੈਂਡ ਫੰਡ, ਅੰਮ੍ਰਿਤ ਸਰੋਵਰ ਯੋਜਨਾ, ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤੋਂ ਇਲਾਵਾ ਹੋਰ ਕੇਂਦਰੀ ਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਤੇ ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1495 ਲੋਕਾਂ ਨੂੰ ਇਸ ਯੋਜਨਾ ਤਹਿਤ ਬਿਨ੍ਹਾਂ ਕਿਸੇ ਸਕਿਉਰਟੀ ਦੇ 10 ਹਜ਼ਾਰ ਰੁਪਏ ਦਾ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਇਕ ਚੰਗੀ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹੋਰ ਜ਼ਰੂਰਤਮੰਦਾਂ ਨੂੰ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ 10 ਹਜ਼ਾਰ ਰੁਪਏ ਦਾ ਕਰਜ਼ਾ ਪੂਰਾ ਕਰਨ ’ਤੇ ਸਟਰੀਟ ਵੈਂਡਰ 20 ਹਜਾਰ ਰੁਪਏ ਦਾ ਕਰਜ਼ਾ ਪ੍ਰਾਪਤ ਕਰਕੇ ਆਪਣੇ ਕੰਮ ਨੂੰ ਹੋਰ ਵਧਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਸ਼ੁਰੂ ਹੋਣ ਵਾਲੀ ਅੰਮ੍ਰਿਤ ਸਰੋਵਰ ਯੋਜਨਾ ਦਾ ਸਰਵੇ ਜਲਦ ਪੂਰਾ ਕਰਕੇ ਇਸ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾਣੇ ਹਨ ਅਤੇ ਹਰੇਕ ਸਰੋਵਰ ਘੱਟ ਤੋਂ ਘੱਟ ਇਕ ਏਕੜ ਖੇਤਰ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰੋਵਰਾਂ ਨੂੰ ਬਣਾਉਣ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਿੰਡਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਸਰੋਵਰ ਦੇ ਆਸ-ਪਾਸ ਬਰਗਦ ਤੇ ਪਿੱਪਲ ਦੇ ਦਰੱਖਤ ਲਗਾਏ ਜਾਣ ਤਾਂ ਜੋ ਵਾਤਾਵਰਣ ਸਵੱਛ ਰੱਖਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਐਮ.ਪੀ. ਲੈੰਡ ਫੰਡ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਕੰਮ ਹੋਣ ਤੋਂ ਬਾਅਦ ਜਲਦ ਵਰਤੋਂ ਸਰਟੀਫਿਕੇਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੇਂਦਰੀ ਰਾਜ ਮੰਤਰੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੈਂਡਿੰਗ ਕੰਮਾਂ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੰਮ੍ਰਿਤ ਸਰੋਵਰ ਯੋਜਨਾ ਦਾ ਸਰਵੇ ਪੂਰਾ ਹੋਣ ’ਤੇ ਇਸ ਦਿਸ਼ਾ ਵਿੱਚ ਜਲਦ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ, ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਵਾਧੂ ਚਾਰਜ) ਅਜੇ ਕੁਮਾਰ, ਐਲ.ਡੀ.ਐਮ. ਤਰਸੇਮ ਸਿੰਘ ਪੁਰੇਵਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।