ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ ਦਿਲ ਵਿੱਚ ਰੱਖੀ ਨਫ਼ਰਤ, ਬੰਦੀ ਸਿੰਘਾਂ ਨੂੰ ਰਿਹਾਅ ਹੋਣ ਨਹੀਂ ਦਿੰਦੀ : ਦੇਵ ਸਰਾਭਾ
ਮੁੱਲਾਂਪੁਰ ਦਾਖਾ, 6 ਮਈ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 75 ਦਿਨ ਪੂਰੇ ਹੋਏ । ਅੱਜ ਮੋਰਚੇ 'ਚ ਡੋਗਰ ਸਿੰਘ ਟੂਸੇ ਹਾਕਮ ਸਿੰਘ ਟੂਸੇ, ਮੁਖਤਿਆਰ ਸਿੰਘ ਟੂਸੇ, ਸਿੰਗਾਰਾ ਸਿੰਘ ਟੂਸੇ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਤਾਂ ਸਿੱਖ ਕੌਮ ਨਾਲ ਇਨਸਾਫ ਨਹੀਂ ਕਰਦੀਆਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨੂੰ ਤਿਆਰ ਨਹੀਂ ਅਤੇ ਨਾ ਹੀ ਕੇਂਦਰ, ਪੰਜਾਬ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੋਈ ਠੋਸ ਉਪਰਾਲਾ ਕਰਦੀ ਦਿਖਾਈ ਨਹੀਂ ਦੇ ਰਹੀ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਾਹੇ ਤਾਂ ਉਹ ਇੱਕ ਮਿੰਟ ਵਿੱਚ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਵਾ ਸਕਦੇ ਹਨ, ਪਰ ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ ਦਿਲ ਵਿੱਚ ਰੱਖੀ ਨਫ਼ਰਤ ਬੰਦੀ ਸਿੰਘਾਂ ਨੂੰ ਰਿਹਾਅ ਹੋਣ ਨਹੀਂ ਦਿੰਦੀ । ਉਨ੍ਹਾਂ ਅੱਗੇ ਆਖਿਆ ਕਿ ਸਿੱਖ ਸਜ਼ਾਵਾਂ ਪੂਰੀਆਂ ਹੋਣ ਤੇ ਰਿਹਾਅ ਨਾ ਕੀਤੇ ਜਾਣ ਤਾਂ ਗ਼ੁਲਾਮੀ ਦਾ ਅਹਿਸਾਸ ਹੋਰ ਕਿਵੇਂ ਕਰਵਾਉਣ ਸਰਕਾਰਾਂ। ਭਾਵੇਂ ਅੱਜ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਵਿੱਚ ਅਸੀਂ ਕਾਫ਼ੀ ਦੇਰੀ ਕਰ ਦਿੱਤੀ ਪਰ ਅੱਜ ਖੁਸ਼ੀ ਦੀ ਗੱਲ ਹੈ ਕਿ ਸਮੁੱਚੀ ਸਿੱਖ ਕੌਮ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕੱਠੀ ਹੋ ਕੇ ਸੰਘਰਸ਼ ਕਰਨ ਲਈ ਤਿਆਰ ਹੋ ਗਈ ਹੈ। ਹੁਣ ਸਿੱਖ ਕੌਮ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਹ ਸਵਾਲ ਜ਼ਰੂਰ ਕਰੇਗੀ ਕਿ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਐਲਾਨ ਆਖ਼ਰ ਪੰਜ ਸਾਲ ਬੀਤਣ ਤੇ ਵੀ ਹੁਣ ਤਕ ਆਖ਼ਰ ਵਫ਼ਾ ਕਿਉਂ ਨਹੀਂ ਹੋਇਆ ।ਦੇਵ ਸਰਾਭਾ ਨੇ ਆਖ਼ਰ ਵਿੱਚ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਚੱਲ ਰਿਹਾ ਪੰਥਕ ਮੋਰਚਾ ਭੁੱਖ ਹਡ਼ਤਾਲ ਚਲਾਉਣ ਦੀ ਮੇਰੇ ਵਿੱਚ ਕੋਈ ਹਿੰਮਤ ਨਹੀਂ ਸੀ, ਇਹ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿਆ ਮੇਹਰ ਨਾਲ ਚੱਲ ਰਿਹਾ ਹੈ । ਸੋ ਅਸੀਂ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਕਿ ਜ਼ਰੂਰ ਮੋਰਚੇ ਵਿਚ ਹਾਜ਼ਰੀ ਲਗਵਾਓ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਇੰਦਰਜੀਤ ਸਿੰਘ ਸਹਿਜਾਦ ,ਬਲਦੇਵ ਸਿੰਘ ਈਸ਼ਨਪੁਰ, ਕੈਪਟਨ ਰਾਮਲੋਕ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ ,ਭਿੰਦਰ ਸਿੰਘ ਸਰਾਭਾ,ਰਾਮ ਸਰੂਪ ਸਿੰਘ ,ਸਿੰਗਾਰਾ ਸਿੰਘ ,ਪਰਮਿੰਦਰ ਸਿੰਘ ਬਿੱਟੂ ਸਰਾਭਾ, ਅਮਰਜੀਤ ਸਿੰਘ ਸਰਾਭਾ, ਕੁਲਦੀਪ ਸਿੰਘ ਕਿਲਾ ਰਾਏਪੁਰ,ਨਿਰਭੈ ਸਿੰਘ ਅੱਬੂਵਾਲ,ਸੁਖਦੇਵ ਸਿੰਘ ਸਰਾਭਾ, ਤੁਲਸੀ ਸਿੰਘ ਆਦਿ ਹਾਜ਼ਰੀ ਭਰੀ।