ਕੂੜਾ ਡੰਪ ਮਾਮਲਾ- ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ

ਮਾਨਸਾ,  ਜੁਲਾਈ 2019-
ਕੂੜਾ ਡੰਪ ਚੁੱਕਵਾਉਣ ਲਈ ਭਾਵੇਂ ਲੋਕ ਏਕਤਾ ਦੀ ਜਿੱਤ ਹੋਈ ਹੈ, ਪਰ ਵਾਰਡ ਨੰਬਰ 14 ਅਤੇ 15 ਦੇ ਕੌਂਸਲਰਾਂ ਵਿਚਾਲੇ ਡੰਪ ਨੂੰ ਲੈ ਕੇ ਹੋਈ ਤਕਰਾਰ ਦਾ ਮਾਮਲਾ ਥਾਣੇ ਪੁੱਜ ਗਿਆ ਹੈ। ਕੌਸਲਰਾਂ ਨੇ ਪੁਲੀਸ ਨੂੰ ਅਰਜ਼ੀ ਦੇ ਕੇ ਕੁੱਟਮਾਰ ਕੀਤੇ ਜਾਣ ਦੋਸ਼ ਲਾਏ ਹਨ। ਇਸ ਸਬੰਧੀ ਪ੍ਰਧਾਨ ਸਮੇਤ ਹੋਰ ਕੌਂਸਲਰ ਉਨ੍ਹਾਂ ਦੀ ਹਮਾਇਤ ‘ਤੇ ਉਤਰ ਆਏ ਹਨ। ਦੂਜੇ ਪਾਸੇ ਦੋਨੋਂ ਵਾਰਡਾਂ ਦੇ ਲੋਕਾਂ ਵੱਲੋਂ ਵਿਖਾਈ ਲੋਕ ਏਕਤਾ ਮੁੂਹਰੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕੂੜਾ ਡੰਪ ਨਾ ਬਣਾਉਣ ਦਾ ਵਾਅਦਾ ਕੀਤਾ ਹੈ।
ਜਾਣਕਾਰੀ ਅਨੁਸਾਰ ਕੂੜਾ ਡੰਪ ਚੁਕਵਾਉਣ ਲਈ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋ ਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਲੋਕਾਂ ਦਾ ਦੱਖ ਸੁਣਿਆ ਤੇ ਡੰਪ ਨਾ ਬਣਾਉਣ ਦਾ ਮੰਚ ਤੋਂ ਭਰੋਸਾ ਦਿੱਤਾ। ਇਸੇ ਦੌਰਾਨ ਕੌਸਲਰ ਡਾ. ਬਖਸ਼ੀਸ ਸਿੰਘ ਅਤੇ ਸੁਰਿੰਦਰ ਨਭੋਰੀਆ ਵੀ ਉਥੇ ਪੁੱਜ ਗਏ। ਉਨ੍ਹਾਂ ਦੀ ਧਰਨੇ ਦੀ ਅਗਵਾਈ ਕਰ ਕੇ ਆਗੂਆਂ ਨਾਲ ਕਿਸੇ ਗੱਲ ’ਤੇ ਬਹਿਸ ਹੋ ਗਈ। ਇਹ ਬਹਿਸ ਧੱਕਾ-ਮੁੱਕੀ ਤੋਂ ਬਾਅਦ ਹੱਥੋਪਾਈ ਤਕ ਪੁੱਜ ਗਈ। ਕੁਝ ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕੀਤਾ ਪਰ ਬਾਅਦ ਵਿੱਚ ਦੋਨਾਂ ਕੌਸਲਰਾਂ ਨੇ ਸਫ਼ਾਈ ਠੇਕੇਦਾਰ ਸੁਨੀਲ ਕੁਮਾਰ ਨੀਨੂੰ, ਰੂਪ ਚੰਦ ਪਰੋਚਾ, ਪਾਲਾ ਰਾਮ ਪਰੋਚਾ ਸਮੇਤ ਹੋਰ ਆਗੂਆਂ ਖਿਲਾਫ਼ ਕੁੱਟਮਾਰ ਦੇ ਦੋਸ਼ ਲਗਾ ਕੇ ਪੁਲੀਸ ਸਟੇਸ਼ਨ ਵਿੱਚ ਅਰਜ਼ੀ ਦੇ ਦਿੱਤੀ। ਇਸ ਤੋਂ ਬਾਅਦ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ ਸਮੇਤ ਲਗਭਗ ਅੱਠ ਕੌਸਲਰਾਂ ਨੇ ਮਾਨਸਾ ਦੇ ਐਸ.ਐਸ.ਪੀ ਨੂੰ ਮਿਲ ਕੇ ਇਸ ਮਾਮਲੇ ਸਬੰਧੀ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਦਿਲਚਸਪ ਹੈ ਕਿ ਕੂੜਾ ਡੰਪ ਚੁਕਵਾਉਣ ਦੇ ਇਸ ਸੰਘਰਸ਼ ਦੀ ਸ਼ੁਰੂਆਤ ਦੋਨੋਂ ਕੌਸਲਰਾਂ ਡਾ. ਬਖਸੀਸ ਸਿੰਘ ਅਤੇ ਸੁਰਿੰਦਰ ਨਭੋਰੀਆ ਨੇ ਹੀ ਕੀਤੀ ਸੀ ਪਰ ਬਾਅਦ ਵਿੱਚ ਉਹ ਕਿਸੇ ਦਬਾਅ ਕਾਰਨ ਇਸ ਸੰਘਰਸ਼ ‘ਚੋਂ ਬਾਹਰ ਹੋ ਗਏ ਅਤੇ ਅੱਜ ਧਰਨੇ ਦੀ ਸਮਾਪਤੀ ‘ਤੇ ਅਚਾਨਕ ਉਥੇ ਪੁੱਜੇ ਸਨ।