ਸਿੱਖਿਆ ਮੰਤਰੀ ਵੱਲੋਂ ਦਾਖਲਾ ਕਾਊਂਟਰ ਦਾ ਮੁਆਇਨਾ  

 

ਜਲਾਲਾਬਾਦ, ਫ਼ਾਜ਼ਿਲਕਾ 01 ਮਈ  (ਰਣਜੀਤ ਸਿੱਧਵਾਂ)  :   ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਕੂਲੀ ਸਿੱਖਿਆ ਦੇ ਵੱਡੇ ਸੁਧਾਰਾ ਦੇ ਲਏ ਅਹਿਦ ਕਾਰਨ ਵਿਦਿਆਰਥੀ ਸਰਕਾਰੀ ਸਕੂਲਾਂ ਵੱਲ ਖਿੱਚੇ ਆ ਰਹੇ ਹਨ। ਉਨ੍ਹਾਂ ਨੇ ਵਿਭਾਗ ਨੂੰ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਉਪਲਬੱਧ ਸਹੁਲਤਾਂ ਦੀ ਜਾਣਕਾਰੀ ਮਾਪਿਆਂ ਨੂੰ ਦਿੱਤੀ ਜਾਵੇ ਤਾਂ ਜ਼ੋ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਸਕਣ। ਉਹ ਜਲਾਲਾਬਾਦ ਦੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਕੂਲ ਵੱਲੋਂ ਸਥਾਪਿਤ ਦਾਖਲਾ ਕਾਊਂਟਰ ਦਾ ਮੁਆਇਨਾ ਕਰ ਰਹੇ ਸਨ।ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਅਤੇ ਗੁੁਰੂਹਰਸਹਾਏ ਦੇ ਵਿਧਾਇਕ ਸ: ਫੌਜਾ ਸਿੰਘ ਸਰਾਰੀ ਵੀ ਹਾਜਰ ਸਨ। ਇਸ ਕਾਊਂਟਰ ਤੇ ਸਕੂਲ ਵੱਲੋਂ ਸਕੂਲ ਵਿੱਚ ਉਪਲਬੱਧ ਸਹੁਲਤਾਂ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆ ਦੇ ਚੰਗੇ ਹੋ ਰਹੇ ਮਿਆਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ 10 ਫ਼ੀਸਦੀ ਜਿਆਦਾ ਦਾਖਲਿਆਂ ਦਾ ਟੀਚਾ ਮਿਥਿਆ ਗਿਆ ਹੈ।