30 ਅਪਰੈਲ ਤੇ ਵਿਸ਼ੇਸ਼ ✍️  ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਦੁਨੀਆਂ ਦੇ ਮਹਾਨ ਜਰਨੈਲ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ
ਗੱਲ ਪੰਜਾਬ ਦੀ ਹੋਵੇ ਕਿਰਤ ਤੋਂ ਅਣਖਾਂ ਤੱਕ ਦਾ ਸਫ਼ਰ ਤੈਅ ਕਰਨਾ ਸਾਡੀ ਧਰਤੀ ਦੇ ਹਿੱਸੇ ਹੀ ਆਇਆ। ਜਿੱਥੇ ਯੋਧੇ,ਸੂਰਮੇ ਅਣਖਾਂ ਦੀ ਗੁੜ੍ਹਤੀ ਲੈਕੇ ਪੈਦਾ ਹੁੰਦੇ ਨੇ ਤੇ ਸ਼ਹਾਦਤਾਂ ਦਾ ਜਾਮ ਪੀਕੇ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਜਾਂਦੇ ਨੇ, ਜਦੋਂ ਇੱਥੋਂ ਦੇ ਇਤਿਹਾਸ ਦੇ ਪੰਨੇ ਸਮੇਂ-ਸਮੇਂ 'ਤੇ ਫਰੋਲੇ ਜਾਣਗੇ ਤਾਂ ਹਰ ਦਿਨ ਤੁਹਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਹੀ ਮਿਲ਼ੇਗਾ। ਚਲੋ ਹੁਣ ਆਪਾਂ ਵੀ ਨਵੀਂ ਪੀੜ੍ਹੀ ਨੂੰ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲੈ ਚਲਦੇ ਹਾਂ, ਜਿੱਥੇ 1791 ਈ ਨੂੰ ਇੱਕ ਬਾਲ ਹਰੀ ਸਿੰਘ ਦਾ ਜਨਮ ਹੁੰਦਾ ਹੈ।

ਇਸ ਬਾਲ ਹਰੀ ਸਿੰਘ ਦੇ ਪਿਤਾ ਅਤੇ ਦਾਦਾ ਹਰੀਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਦਾਦਾ ਚੜ੍ਹਤ ਸਿੰਘ ਦੀ ਫ਼ੌਜ ਵਿਚ ਰਹਿਣ ਦਾ ਮਾਣ ਹਾਸਲ ਸੀ।

ਜਿਸ ਬੱਚੇ ਦੇ ਵੱਡੇ ਵਡੇਰਿਆਂ ਨੇ ਮਹਾਰਾਜਾ ਰਣਜੀਤ ਦੇ ਵੱਡੇ ਵਡੇਰਿਆਂ ਦੀ ਸੰਗਤ ਮਾਣੀ ਹੋਵੇ ਉੱਥੇ ਕੁਦਰਤੀ ਤੌਰ ਤੇ ਬੱਚੇ ਦਾ ਪਾਲਣ-ਪੋਸ਼ਣ ਕੁਝ ਵੱਖਰਾ ਤਾਂ ਹੋਵੇਗਾ ਹੀ ਹੋਵੇਗਾ। 

ਹਰੀ ਸਿੰਘ ਨੂੰ ਗੁਰਸਿੱਖੀ ਵਿਰਾਸਤ ਵਿਚ ਹੀ ਮਿਲ਼ੀ ਸੀ। ਮਾਂ ਧਰਮ ਕੌਰ ਕੇਵਲ ਨਾਂ ਕਰਕੇ ਹੀ ਨਹੀਂ, ਸਗੋਂ ਕਾਰ ਵਿਹਾਰ ਪੱਖੋਂ ਵੀ ਪੂਰੀ ਧਰਮੀ ਸੀ, ਜੋ ਆਪਣੇ ਪੁੱਤ ਨੂੰ ਬਾਣੀ ਦੇ ਨਾਲ਼-ਨਾਲ਼ ਬਜ਼ੁਰਗਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਾ ਰਹੀ ਸੀ। ਪੰਜ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਗੁਰਮੁਖੀ ਸਿੱਖਣ ਲਈ ਗੁਜਰਾਂਵਾਲੇ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ, ਜਿਥੇ ਪੁਰਾਤਨ ਮਰਿਆਦਾ ਅਨੁਸਾਰ ਪੈਂਤੀ ਸਿੱਖੀ ਅਤੇ ਗੁਰਬਾਣੀ,ਗੁਰ ਇਤਿਹਾਸ ਦੇ ਗ੍ਰੰਥਾਂ ਨੂੰ ਪੜ੍ਹਿਆ ਤੇ ਸਮਝਿਆ। ਸੱਤ ਸਾਲ ਦੀ ਉਮਰੇ ਹੀ ਹਰੀ ਸਿੰਘ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ। ਇਸ ਤੋਂ ਬਾਅਦ ਬੀਬੀ ਧਰਮ ਕੌਰ ਦਾ ਭਰਾ ਆਪਣੀ ਭੈਣ ਤੇ ਭਾਣਜੇ ਨੂੰ ਆਪਣੇ ਕੋਲ਼ ਲੈ ਆਇਆ। ਇਥੇ ਹੀ ਹਰੀ ਸਿੰਘ ਨੂੰ ਫ਼ਾਰਸੀ ਸਿੱਖਣ ਲਈ ਮਦਰੱਸੇ ਪਾਇਆ ਗਿਆ। 

ਬੈਰਨ ਹੂਗਲ ਨੇ ਲਿਖਿਆ ਹੈ ਕਿ "ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖਕੇ ਮੈਂ ਦੰਗ ਰਹਿ ਗਿਆ ਹਾਂ,ਉਹ ਫ਼ਾਰਸੀ ਵਿਚ ਬੜਾ ਨਿਪੁਨ ਹੈ ਅਤੇ ਬੜੀ ਤੇਜ਼ੀ ਨਾਲ ਫ਼ਾਰਸੀ ਲਿਖਦਾ ਤੇ ਬੋਲਦਾ ਹੈ।" ਜਦ ਹਰੀ ਸਿੰਘ ਪਿਸ਼ਾਵਰ ਵੱਲ ਗਵਰਨਰ ਬਣਕੇ ਗਏ ਤਾਂ ਆਪ ਨੇ ਪਸ਼ਤੋਂ ਵਿੱਚ ਵੀ ਪੂਰੀ ਮੁਹਾਰਤ ਹਾਸਲ ਕੀਤੀ।

ਦਸ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਗਈ। ਮਾਮਿਆਂ ਕੋਲ ਰਹਿੰਦਿਆਂ ਹੀ ਜੰਗੀ ਕਸਬ ਵਿਚ ਵੀ ਮੁਹਾਰਤ ਵੀ ਪ੍ਰਾਪਤ ਕੀਤੀ। 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ ਤਲਵਾਰ ਬਾਜ਼ੀ,ਘੋੜਸਵਾਰੀ,ਨੇਜ਼ਾਬਾਜ਼ੀ ਵੀ ਚੰਗੀ ਤਰ੍ਹਾਂ ਸਿੱਖ ਲਈ ਸੀ। 

ਤੀਰ ਤੇ ਬੰਦੂਕ ਨਾਲ ਨਿਸ਼ਾਨੇ ਲਗਾਉਣ ਵਿੱਚ ਤਾਂ ਹਰੀ ਸਿੰਘ ਦਾ ਕੋਈ ਸਾਨੀ ਨਹੀਂ ਸੀ।

ਇਹ ਇੱਕ ਨਾਂ ਹਰੀ ਸਿੰਘ ਪੜ੍ਹਦਿਆਂ-ਸੁਣਦਿਆਂ ਇਹ ਸਵਾਲ ਦਿਮਾਗ਼ ਵਿੱਚ ਜ਼ਰੂਰ ਆਇਆ ਹੋਵੇਗਾ ਕਿ ਇਨ੍ਹਾਂ ਦੇ ਨਾਮ ਨਾਲ ਨਲੂਆ ਜਾਂ ਨਲਵਾ ਕਿਵੇਂ ਜੁੜਿਆ ?

ਇਤਿਹਾਸ ਵਿੱਚ ਵੇਰਵਾ ਮਿਲ਼ਦਾ ਹੈ ਕਿ ਇੱਕ ਦਿਨ ਹਰੀ ਸਿੰਘ ਨੂੰ ਨਾਲ ਲੈਕੇ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜੰਗਲ਼ ਵਿਚ ਗਏ ਤਾਂ ਅਚਾਨਕ ਇਕ ਆਦਮਖੋਰ ਸ਼ੇਰ ਨੇ ਹਰੀ ਸਿੰਘ ’ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨੂੰ ਤਲਵਾਰ ਕੱਢਣ ਦਾ ਵੀ ਮੌਕਾ ਨਾ ਮਿਲ਼ਿਆ ਤਾਂ ਉਸ ਨੇ ਆਪਣੇ ਹੱਥਾਂ ਨਾਲ਼ ਹੀ ਸ਼ੇਰ ਦੇ ਖੁੱਲ੍ਹੇ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਧਰਤੀ ’ਤੇ ਡਿੱਗ ਪਿਆ। ਬੜੀ ਫੁਰਤੀ ਨਾਲ ਕੀਤੇ ਤਲਵਾਰ ਦੇ ਇੱਕੋ ਵਾਰ ਨਾਲ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ। ਹਰੀ ਸਿੰਘ ਦੀ ਇਸ ਬਹਾਦਰੀ ਤੋਂ ਖ਼ੁਸ਼ ਹੋਕੇ ਮਹਾਰਾਜਾ ਨੇ ਹਰੀ ਸਿੰਘ ਨੂੰ ‘ਨਲੂਆ’ ਦਾ ਖਿਤਾਬ ਬਖ਼ਸ਼ਿਆ ਅਤੇ ਆਪਣੀ ਰੈਜੀਮੈਂਟ ਦਾ ਜਰਨੈਲ ਥਾਪ ਦਿੱਤਾ।

ਨਲੂਆ ਜਾਂ ਨਲਵਾ ਖਿਤਾਬ ਬਾਰੇ ਬਾਬਾ 'ਪ੍ਰੇਮ ਸਿੰਘ ਜੀ ਹੋਤੀ' ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।

'ਮੌਲਾਨਾ ਅਹਿਮਦ ਦੀਨ' ਆਪਣੀ ਪੁਸਤਕ 'ਮੁਕੰਮਲ ਤਾਰੀਖ- ਕਸ਼ਮੀਰ' ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।

ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।

ਸਰਦਾਰ ਹਰੀ ਸਿੰਘ ਦੇ ਸੈਨਿਕ ਜੀਵਨ ਦਾ ਅਰੰਭ 1807 ਈ: ਵਿਚ ਕਸੂਰ ਦੀ ਜਿੱਤ ਨਾਲ ਹੋਇਆ। 1810 ਈ: ਵਿਚ ਸ. ਹਰੀ ਸਿੰਘ ਨੇ ਮੁਲਤਾਨ ਦੇ ਸ਼ਾਸਕ ਨਵਾਬ ਮੁਜ਼ੱਫ਼ਰ ਖਾਨ ਨੂੰ ਹਰਾਇਆ। ਜਿੱਥੇ 1813 ਈ: ਵਿਚ ਉਸ ਨੇ ਅਟਕ ਦੇ ਦੋਸਤ ਮੁਹੰਮਦ ਨੂੰ ਹਰਾ ਕੇ ਆਪਣੀ ਫੌਜੀ ਸ਼ਕਤੀ ਦਾ ਲੋਹਾ ਮੰਨਵਾਇਆ। ਉੱਥੇ 1818 ਵਿੱਚ ਮੁਲਤਾਨ, 1819 ਵਿੱਚ ਕਸ਼ਮੀਰ ਅਤੇ 1834 ਵਿੱਚ ਪਿਸ਼ਾਵਰ ਦੀ ਜਿੱਤਾਂ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਸਨ।

1819 ਵਿਚ ਕਸ਼ਮੀਰ ਨੂੰ ਖਾਲਸਾ ਰਾਜ ਵਿਚ ਮਿਲਾਏ ਜਾਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ 25 ਅਗਸਤ 1820 ਨੂੰ ਸ. ਹਰੀ ਸਿੰਘ ਨਲੂਆ ਨੂੰ ਉਥੋਂ ਦਾ ਗਵਰਨਰ ਨਿਯੁਕਤ ਕੀਤਾ। 

ਸ.ਹਰੀ ਸਿੰਘ ਨਲੂਆ ਨੇ ਆਪਣੇ ਸ਼ਾਸਕੀ ਪ੍ਰਬੰਧ ਦੁਆਰਾ ਉਥੋਂ ਦੇ ਲੋਕਾਂ ਨੂੰ ਅਜਿਹਾ ਸੁਚੱਜਾ ਰਾਜ ਦਿੱਤਾ ਕਿ ਮਹਾਰਾਜੇ ਨੇ ਖ਼ੁਸ਼ ਹੋਕੇ ਸ. ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ। ਸ. ਹਰੀ ਸਿੰਘ ਦੇ ਨਾਮ ’ਤੇ ਜਾਰੀ ਕੀਤਾ ਗਿਆ ਸਿੱਕਾ 1890 ਈ: ਤਕ ਕਸ਼ਮੀਰ ਵਿੱਚ ਚੱਲਦਾ ਰਿਹਾ।

ਉਸ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਅਪ੍ਰੈਲ 1837 ਵਿਚ ਜਮਰੌਦ ਦੇ ਸਥਾਨ ਤੇ ਦੋਸਤ ਮੁਹੰਮਦ ਖਾਨ, ਸ਼ਮਸ-ਉ-ਦੀਨ ਅਤੇ ਅਕਬਰ ਖਾਨ ਅਫਗਾਨ ਦੇ ਵਿਰੁੱਧ ਲੜੀ। ਇਸ ਲੜਾਈ ਵਿਚ ਕਿਸੇ ਲੁਕਵੀਂ ਥਾਂ ਤੋਂ ਅਫਗਾਨ ਸੈਨਿਕਾਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੀ ਛਾਤੀ ਉੱਪਰ ਖੰਜਰ ਦੇ ਵੀ ਦੋ ਗਹਿਰੇ ਟੱਕ ਸਨ। ਸਮੇਂ ਸਿਰ ਮੱਲ੍ਹਮ ਪੱਟੀ ਨਾ ਹੋਣ ਕਰ ਕੇ ਅਤੇ ਸਰੀਰ ਵਿੱਚੋਂ ਬਹੁਤ ਖ਼ੂਨ ਵਗ ਜਾਣ ਕਾਰਨ ਪੰਜਾਬ ਦਾ ਇਹ ਸੂਰਬੀਰ ਖ਼ਾਲਸੇ ਰਾਜ ਦਾ ਥੰਮ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦੀ ਪਾ ਗਿਆ। 

ਹੁਣ ਤੱਕ ਵੀ ਅਫਗਾਨ ਲੋਕ-ਕਥਾਵਾਂ ਵਿਚ ਇਸ ਮਹਾਨ ਜਰਨੈਲ ਹਰੀ ਸਿੰਘ ਨਲੂਏ ਦਾ ਜ਼ਿਕਰ ਵਾਰ ਵਾਰ ਹੋਇਆ ਮਿਲ਼ਦਾ ਹੈ। ਆਓ ਇਸ ਬਾਬਤ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦੇ ਨਜ਼ਰੀਏ ਤੋਂ ਸਮਝੀਏ:- 

ਸਰਦਾਰ ਹਰੀ ਸਿੰਘ ਦੇ ਦਬਦਬੇ ਦਾ ਐਸਾ ਅਸਰ ਅਫ਼ਗਾਨਾਂ ਦੇ ਦਿਲਾਂ 'ਤੇ  ਹੋਇਆ ਸੀ ਕਿ ਅੱਜ ਤੱਕ 'ਹਰੀਆ' ਆਖ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਿਸ਼ਾਵਰ ਦੇ ਨੇੜੇ ਦੇ ਇਲਾਕੇ ਵਿਚ ਮਾਵਾਂ ਆਪਣੇ ਨਿਆਣਿਆਂ ਨੂੰ ਡਰਾਵਾ ਉਸਦੇ ਨਾਮ ਦਾ ਵਰਤਦੀਆਂ ਹਨ-ਸ.ਮ.ਲਤੀਫ

ਇਲਾਕਾ ਪਿਸ਼ਾਵਰ ਮੇਂ ਤੋ ਇਸ ਕਦਰ ਇਸ ਕਾ ਰੋਅਬ ਥਾ ਕਿ ਮਾਏਂ ਅਪਨੇ ਸ਼ੀਰ ਖੋਰ ਬੱਚੋਂ ਕੋ ਕਹਾ ਕਰਤੀ ਥੀਂ ਕਿ ਅਗਰ ਤੁਮ ਨੇਕ ਨਹੀਂ ਬਨੋਗੇ ਤੋ ਹਰੀ ਸਿੰਘ ਤੁਮ ਕੋ ਪਕੜ ਕਰ ਲੇ ਜਾਏਗਾ ਔਰ ਛੋਟੇ ਛੋਟੇ ਬੱਚੇ ਤੋ ਹਰੀ ਸਿੰਘ ਕੋ ਏਕ ਹਊਆ ਖਿਆਲ ਕਰਤੇ ਥੇ-ਮੀਰ ਅਹਿਮਦ

ਸ਼ਕਲ ਸੂਰਤ ,ਵਰਤਾਓ ,ਖੁੱਲ੍ਹ ਕੇ ਗੱਲ ਕਰਨ ਦਾ ਅੰਦਾਜ਼ ਅਤੇ ਉਹਦੀਆਂ ਆਦਤਾਂ ਰਣਜੀਤ ਸਿੰਘ ਵਰਗੀਆਂ ਸਨ-ਮੋਹਨ ਲਾਲ

ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿਚੋਂ ਸਭ ਤੋਂ ਵੱਧ ਉੱਚੇ ਸੁੱਚੇ ਇਖਲਾਕ ਵਾਲਾ ਤੇ ਵੱਧ ਸਤਿਕਾਰਯੋਗ , ਦਲੇਰੀ ਤੇ ਬਹਾਦਰੀ ਦਾ ਪੁੰਜ ਸੀ। ਉਹਦਾ ਦਰਬਾਰ ਵਿੱਚ ਉੱਚ ਥਾਂ ਸੀ ਅਤੇ ਸਿੱਖਾਂ ਲਈ ਇੱਕ ਮਿਸਾਲ ਦਾ ਰੂਪ ਸੀ-ਪਾਨੀਕਰ

ਹਰੀ ਸਿੰਘ ਦੇ ਪਿਉ ਦੇ  ਵਕਤ ਵੇਲੇ ਲੋਕ ਅਫ਼ਗਾਨਾਂ ਕੋਲੋਂ ਡਰਦੇ ਸਨ ਤੇ ਹਰੀ ਸਿੰਘ ਦੇ ਬਾਅਦ ਅਫ਼ਗਾਨ ਡਰਦੇ ਹਨ ਤੇ ਡਰਦੇ ਰਹਿਣਗੇ- ਨੰਦ ਗੋਪਾਲ

ਜੇਕਰ ਹਰੀ ਸਿੰਘ ਨਲਵਾ ਕੁੱਝ ਹੋਰ ਚਿਰ ਜਿਉਂਦਾ ਰਹਿੰਦਾ ਅਤੇ ਉਸ ਕੋਲ ਅੰਗਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਉਹ ਕਝ ਮਹੀਨਿਆਂ ਵਿਚ ਹੀ ਖਾਲਸਾ ਰਾਜ ਦੀਆਂ ਹੱਦਾਂ ਵਿਚ ਏਸ਼ੀਆ ਤੇ ਯੂਰਪ ਵੀ ਸ਼ਾਮਲ  ਕਰ ਲੈਂਦਾ-ਲੰਡਨ ਦਾ ਇਕ ਅਖਬਾਰ

ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ  ਦੀ ਸ਼੍ਰੇਣੀ ਵਿਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।

ਉਪਰੋਕਤ ਤੱਥਾਂ ਨੂੰ ਵਾਚਦਿਆਂ ਜੇ ਅਸੀਂ ਅੱਜ ਇੰਨ੍ਹੀ ਕੁ ਵੀ ਆਪਣੇ  ਇਤਿਹਾਸ ਨਾਲ਼ ਸਾਂਝ ਬਣਾ ਲਈ ਹੈ ਤੇ ਇਸ ਨੂੰ ਆਪਣੇ ਚੇਤਿਆਂ ਵਿੱਚ ਵਸਾਉਦਿਆਂ,ਹੋਰ ਜਾਣਨ ਦੀ ਤਾਂਘ ਦੇ ਨਾਲ਼-ਨਾਲ਼, ਆਉਣ ਵਾਲੀਆਂ ਨਸਲਾਂ ਨੂੰ ਸਮੇਂ-ਸਮੇਂ ਅਜਿਹੇ ਮਹਾਨ ਯੋਧਿਆਂ,ਸੂਰਮਿਆਂ, ਜਰਨੈਲਾਂ ਬਾਰੇ ਜਾਣੂ ਕਰਵਾਉਂਦੇ ਰਹਿਣ ਦਾ ਮਾਣ ਕਾਇਮ ਰੱਖਣ ਦਾ ਵਾਅਦਾ ਕਰੀਏ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)