You are here

ਮੱਛੀ ਪਾਲਣ ਕਿੱਤੇ ਸਬੰਧੀ ਜਾਗਰੂਕਤਾ ਪ੍ਰੋਗਰਾਮ 9 ਮਈ ਤੋਂ

ਵਿਭਾਗੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ  :   ਮੱਛੀ ਪਾਲਣ ਅਫ਼ਸਰ
ਬਰਨਾਲਾ  (ਰਣਜੀਤ ਸਿੱਧਵਾਂ)  :  ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਇਰ ਦੀ ਅਗਵਾਈ ਹੇਠ ਮੱਛੀ ਪਾਲਣ ਦਫਤਰ ਬਰਨਾਲਾ ਵੱਲੋਂ ਜਿੱਥੇ ਮੱਛੀ ਪਾਲਣ ਕਿੱਤੇ ਦੀ ਟ੍ਰੇਨਿੰਗ ਹਰ ਮਹੀਨੇ ਮੱਛੀ ਪਾਲਣ ਦਫਤਰ ਬਰਨਾਲਾ ਵਿਖੇ ਦਿੱਤੀ ਜਾ ਰਹੀ ਹੈ, ਉਥੇ ਵੱਖ-ਵੱਖ ਤਰਾਂ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਛੀ ਪਾਲਣ ਅਫ਼ਸਰ ਬਰਨਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ 18 ਤੋਂ 22 ਅਪ੍ਰੈਲ ਤੱਕ ਮੱਛੀ ਪਾਲਣ ਦੀ ਸਿਖਲਾਈ ਦਿੱਤੀ ਗਈ ਹੈੇ। ਮਈ ਮਹੀਨੇ ’ਚ 9 ਤੋਂ 13 ਮਈ ਤੱਕ ਅਤੇ ਜੂਨ ਵਿੱਚ 6 ਤੋਂ 10 ਜੂਨ ਤੱਕ ਸੈਮੀਨਾਰ ਲਗਾ ਕੇ ਚਾਹਵਾਨਾਂ ਨੂੰ ਮੱਛੀ ਪਾਲਣ ਕਿੱਤੇ ਲਈ ਮੁਢਲੀ ਲਾਗਤ, ਸਬਸਿਡੀ ਤੇ ਹੋਰ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਤਲਾਅ ਦੀ ਪੁਟਾਈ ਲਈ ਜ਼ਮੀਨ ਦੀ ਚੋਣ, ਪੰਚਾਇਤੀ ਛੱਪੜਾਂ ’ਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਆਦਿ ਬਾਰੇ ਦੱਸਿਆ ਜਾਂਦਾ ਹੈ, ਜਿਸ ਨਾਲ ਕਿਸਾਨ, ਪੰਚਾਇਤ ਆਪਣੀ ਆਮਦਨ ’ਚ ਵਾਧਾ ਤੇ ਬੇਰੋਜ਼ਗਾਰ ਨੌਜਵਾਨ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਤਸਯ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਦੇ ਕਿੱਤੇ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਅਨੁਸੂਚਿਤ ਸ਼੍ਰੇਣੀ ਨਾਲ ਸਬੰਧਿਤ ਵਿਅਕਤੀਆਂ ਅਤੇ ਔਰਤਾਂ ਨੂੰ ਲਾਗਤ ਦੀ 60 ਫੀਸਦੀ ਅਤੇ ਜਨਰਲ ਸ਼੍ਰੇਣੀ ਨੂੰ ਲਾਗਤ ਦੀ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਛੀ ਵਿਕਰੇਤਾ ਵਜੋਂ ਕੰਮ ਕਰਦੇ ਵਿਅਕਤੀਆਂ ਨੂੰ ਸਾਈਕਲ ਆਈਸਬਕਸੇ ਸਮੇਤ, ਮੋਟਰਸਾਈਕਲ ਆਈਸਬਕਸੇ ਸਮੇਤ, ਥ੍ਰੀ ਵੀਲਰ ਆਈਸਬਕਸੇ ਸਮੇਤ ਆਦਿ ’ਤੇ ਵੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮੱਛਣ ਪਾਲਣ ਨੂੰ ਕਿੱਤੇ ਵਜੋਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵਿਭਾਗੀ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣਿਆ ਜਾਵੇ ਅਤੇ ਵਧੇਰੇ ਜਾਣਕਾਰੀ ਲਈ ਮੱਛੀ ਪਾਲਣ ਦਫ਼ਤਰ, ਕਮਰਾ ਨੰਬਰ 84, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੰਪਰਕ ਕੀਤਾ ਜਾਵੇ।